ਮਾਲਕ ਸੰਦੀਪ ਧੁੰਨਾ ਤੇ ਸ਼ੈੱਫ ਰੋਹਿਤ 'ਤੇ ਹੁੱਕਾ ਬਾਰ ਚਲਾਉਣ ਦਾ ਦੋਸ਼
ਪੱਤਰ ਪੇ੍ਰਰਕ, ਅੰਮਿ੍ਤਸਰ : ਐਂਟੀ ਗੈਂਗਸਟਰ ਸਟਾਫ਼ ਦੀ ਪੁਲਿਸ ਨੇ ਸੋਮਵਾਰ ਦੇਰ ਰਾਤ ਰਣਜੀਤ ਐਵੀਨਿਊ ਸਥਿਤ ਨਾਮੀ ਰੈਸਟੋਰੈਂਟ ਯੂਰੇਪੀਅਨ ਨਾਈਟ 'ਤੇ ਛਾਪੇਮਾਰੀ ਕੀਤੀ। ਖਾਕੀ ਵਰਦੀ 'ਚ ਪੁਲਿਸ ਮੁਲਾਜ਼ਮਾਂ ਨੂੰ ਦੇਖ ਕੇ ਉਥੇ ਹੁੱਕਾ ਪੀ ਰਹੇ ਦਰਜਨ ਭਰ ਨੌਜਵਾਨ ਫ਼ਰਾਰ ਹੋ ਗਏ। ਹਾਲਾਕਿ ਪੁਲਿਸ ਨੇ ਰੈਸਟੋਰੈਂਟ ਵਿਚੋਂ ਦਸ ਨੌਜਵਾਨਾਂ ਨੂੰ ਰਾਊਂਡਅਪ ਕਰ ਲਿਆ ਹੈ, ਪਰ ਬਾਅਦ ਵਿਚ ਉਨਾਂ੍ਹ ਨੂੰ ਰਿਹਾਅ ਕਰ ਦਿੱਤਾ ਗਿਆ। ਪੁਲਿਸ ਨੇ ਰੈਸਟੋਰੈਂਟ ਦੇ ਸੱਤ ਮੇਜ਼ਾਂ ਤੋਂ ਸੱਤ ਹੁੱਕੇ, ਮਿਸਟਰ ਮਾਇਆ ਸ਼ੀਸ਼ਾ ਨਾਂ ਦਾ ਫਲੇਵਰ ਅਤੇ ਛੇ ਹੋਰ ਕਿਸਮ ਦੇ ਫਲੈਵਰ ਡੱਬੀਆਂ ਬਰਾਮਦ ਕੀਤੀਆਂ ਹਨ।
ਇਸ ਤਰ੍ਹਾਂ ਹੋਈ ਛਾਪੇਮਾਰੀ
ਯੂਰੇਪੀਅਨ ਨਾਈਟ ਰੈਸਟੋਰੈਂਟ 'ਚ ਪੁਲਿਸ ਦਾ ਇਕ ਮੁਖ਼ਬਰ ਬੈਠਾ ਸੀ। ਜਦੋਂ ਉਸ ਨੇ ਸਟਾਫ ਨੂੰ ਵੱਖ-ਵੱਖ ਮੇਜ਼ਾਂ 'ਤੇ ਹੁੱਕਾ ਪਰੋਸਦਿਆਂ ਦੇਖਿਆ ਤਾਂ ਉਸ ਨੇ ਤੁਰੰਤ ਵੀਡੀਓ ਬਣਾ ਕੇ ਡੀਸੀਪੀ (ਕ੍ਰਾਈਮ) ਮੁਖਵਿੰਦਰ ਸਿੰਘ ਭੁੱਲਰ ਨੂੰ ਭੇਜ ਦਿੱਤੀ। ਇਸ ਤੋਂ ਬਾਅਦ ਡੀਸੀਪੀ ਨੇ ਐਂਟੀ ਗੈਂਗਸਟਰ ਸਟਾਫ਼ ਦੇ ਇੰਸਪੈਕਟਰ ਅਮੋਲਕ ਸਿੰਘ ਨੂੰ ਵੀਡੀਓ ਭੇਜ ਕੇ ਛਾਪੇਮਾਰੀ ਦੇ ਹੁਕਮ ਦਿੱਤੇ। ਕਾਰਵਾਈ ਕਰਦੇ ਹੋਏ ਐਂਟੀ ਗੈਂਗਸਟਰ ਸਟਾਫ ਨੇ ਉਥੇ ਛਾਪਾ ਮਾਰ ਕੇ ਰੋਹਿਤ ਕੁਮਾਰ (ਸ਼ੈੱਫ) ਵਾਸੀ ਨਿਊ ਲੇਬਰ ਕਲੋਨੀ ਖੰਡਵਾਲਾ ਨੂੰ ਗਿ੍ਫਤਾਰ ਕਰ ਲਿਆ। ਜਦੋਂਕਿ ਰੈਸਟੋਰੈਂਟ ਦਾ ਮਾਲਕ ਸੰਦੀਪ ਧੁੰਨਾ ਵਾਸੀ ਹਾਊਸਿੰਗ ਬੋਰਡ ਕਲੋਨੀ ਰਣਜੀਤ ਐਵੀਨਿਊ ਪੁਲਿਸ ਨੂੰ ਗੱਚਾ ਦੇ ਕੇ ਫਰਾਰ ਹੋ ਗਿਆ।
ਮੁਖ਼ਬਰ ਦੋ ਘੰਟੇ ਉਡੀਕਦੇ ਰਹੇ, ਪੁਲਿਸ ਨਹੀਂ ਪਹੁੰਚੀ
ਪਤਾ ਲੱਗਾ ਹੈ ਕਿ ਡੀਸੀਪੀ ਮੁਖਵਿੰਦਰ ਸਿੰਘ ਨੇ ਰਣਜੀਤ ਐਵੀਨਿਊ ਥਾਣੇ ਦੇ ਇੰਚਾਰਜ ਅਤੇ ਸਬੰਧਤ ਅਧਿਕਾਰੀਆਂ ਨੂੰ ਮੁਖ਼ਬਰ ਤੋਂ ਸੂਚਨਾ ਮਿਲਦਿਆਂ ਹੀ ਕਾਰਵਾਈ ਕਰਨ ਲਈ ਕਿਹਾ ਸੀ। ਪਰ ਇਲਾਕੇ ਦੇ ਅਧਿਕਾਰੀ ਅਤੇ ਥਾਣਾ ਸਦਰ ਦੀ ਪੁਲਿਸ ਦੋ ਘੰਟੇ ਤੱਕ ਨਹੀਂ ਪਹੁੰਚੀ। ਕਾਫੀ ਦੇਰ ਉਡੀਕ ਤੋਂ ਬਾਅਦ ਡੀਸੀਪੀ ਨੇ ਗੈਂਗਸਟਰ ਐਂਟੀ ਗੈਂਗਸਟਰ ਅਮਲੇ ਨੂੰ ਕਾਰਵਾਈ ਲਈ ਭੇਜਿਆ। ਇਸ ਤੋਂ ਪਹਿਲਾਂ ਐੱਸਪੀ ਵਰਿੰਦਰ ਸਿੰਘ ਖੋਸਾ ਨੇ 20 ਅਕਤੂਬਰ ਨੂੰ ਯੂਰਪੀਅਨ ਰੈਸਟੋਰੈਂਟ ਵਿਚ ਛਾਪਾ ਮਾਰ ਕੇ ਹੁੱਕਾ ਅਤੇ ਫਲੇਵਰ ਬਰਾਮਦ ਕੀਤੇ ਸਨ। ਦੱਸਣਯੋਗ ਹੈ ਕਿ ਇਸ ਸਮੇਂ ਰਣਜੀਤ ਐਵੀਨਿਊ ਦੇ ਕਈ ਰੈਸਟੋਰੈਂਟਾਂ ਵਿੱਚ ਹੁੱਕਾ ਬਾਰ ਚੱਲਣ ਲੱਗ ਪਏ ਹਨ।