ਗੁਰਮੀਤ ਸੰਧੂ, ਅੰਮਿ੍ਤਸਰ : ਪੰਜਾਬ ਰੋਡਵੇਜ਼ ਅੰਮਿ੍ਤਸਰ- ਡੀਪੂ-1 ਦੇ ਜਨਰਲ ਮੈਨੇਜਰ (ਜੀਐੱਮ) ਮਨਿੰਦਰਪਾਲ ਸਿੰਘ ਨੇ ਅਹਿਮ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਅੰਮਿ੍ਤਸਰ-1 ਤੇ ਅੰਮਿ੍ਤਸਰ-2 ਨੂੰ ਕੁੱਲ 100 ਨਵੀਆਂ ਪਨਬੱਸਾਂ ਮਿਲਣੀਆਂ ਹਨ, ਜਿਨਾਂ੍ਹ 'ਚੋਂ 10 ਬੱਸਾਂ ਅੰਮਿ੍ਤਸਰ-1 ਡੀਪੂ 'ਚ ਪਹੁੰਚ ਚੁੱਕੀਆਂ ਹਨ। ਬਾਕੀ ਦੀਆਂ ਬੱਸਾਂ ਅਗਲੇ 2-3 ਮਹੀਨਿਆਂ ਦੇ ਅੰਦਰ ਮਿਲਣ ਦੀ ਆਸ ਹੈ। ਉਨਾਂ੍ਹ ਉਕਤ ਨਵੀਆਂ ਬੱਸਾਂ ਦੀ ਵਿਸ਼ੇਸ਼ਤਾ ਬਾਰੇ ਜ਼ਿਕਰ ਕਰਦਿਆਂ ਦੱਸਿਆ ਕਿ ਇਹ ਬੱਸਾਂ ਭਾਰਤ ਸਰਕਾਰ ਦੇ ਪ੍ਰਦੂਸ਼ਣ ਮਾਪਦੰਡ ਦੀਆਂ ਸਭ ਤੋਂ ਉੱਚੀ ਸ਼ੇ੍ਣੀ ਦੀਆਂ ਹਨ ਜੋ ਕਿ ਵਾਤਾਵਰਨ ਨੂੰ ਪ੍ਰਦੂਸ਼ਣ ਰਹਿਣ ਬਨਾਉਣ 'ਚ ਮਦਦਗਾਰ ਸਾਬਤ ਹੋਣਗੀਆਂ। ਕਹਿਣ ਤੋਂ ਭਾਵ ਕਿ ਪ੍ਰਦੂਸ਼ਣ ਬਿਲਕੁਲ ਨਹੀਂ ਫੈਲਾਉਣਗੀਆਂ। ਜੀ. ਐਮ. ਮਨਿੰਦਰਪਾਲ ਸਿੰਘ ਨੇ ਦੱਸਿਆ ਕਿ ਇਨਾਂ੍ਹ ਪਨਬੱਸਾਂ ਦੀ ਪਾਸਿੰਗ ਅਗਲੇ ਹਫ਼ਤੇ ਦੇ ਸ਼ੁਰੂਆਤੀ ਦਿਨਾਂ ਵਿਚ ਹੋਣ ਦੀ ਸੰਭਾਵਨਾ ਹੈ। ਉਪਰੰਤ ਇਹ ਬੱਸਾਂ ਅੰਮਿ੍ਤਸਰ ਤੋਂ ਮਾਨਸਾ, ਫ਼ਰੀਦਕੋਟ ਤੇ ਪਿਛਲੇ ਕੁਝ ਸਮੇਂ ਤੋਂ ਬੰਦ ਪਏ ਜੰਮੂ ਰੂਟ 'ਤੇ ਚਲਾ ਦਿੱਤੀਆਂ ਜਾਣਗੀਆਂ ਅਤੇ ਰੋਜ਼ਾਨਾ 450 ਕਿਲੋਮੀਟਰ ਦਾ ਸਫ਼ਰ ਤੈਅ ਕਰਨਗੀਆਂ। ਉਨਾਂ੍ਹ ਪੰਜਾਬ ਸਰਕਾਰ, ਟਰਾਂਸਪੋਰਟ ਮਹਿਕਮੇ ਦੇ ਸਕੱਤਰ ਅਤੇ ਡਾਇਰੈਕਟਰ ਦਾ ਧੰਨਵਾਦ ਕਰਦਿਆਂ ਵਿਸ਼ਵਾਸ ਦਵਾਇਆ ਕਿ ਇਨਾਂ੍ਹ ਬੱਸਾਂ ਰਾਹੀਂ ਸੂਬੇ ਦੀ ਜਨਤਾ ਨੂੰ ਵਧੀਆਂ ਸਰਕਾਰੀ ਬੱਸ ਸੇਵਾ ਦਾ ਅਹਿਸਾਸ ਕਰਵਾਇਆ ਜਾਵੇਗਾ।