ਜਾਸ, ਸਿਰਸਾ : ਪਿੰਡ ਥੇਹੜ ਸ਼ਹੀਦਾਂਵਾਲੀ ’ਚ ਪਤੀ-ਪਤਨੀ ਦਰਮਿਆਨ ਹੋਏ ਵਿਵਾਦ ’ਚ ਪਤੀ ਦੀ ਮੌਤ ਹੋ ਗਈ। ਮੀਟ ਖਾਣ ਦੇ ਨਾਂ ’ਤੇ ਪਤੀ ਨੇ ਪਤਨੀ ਨੂੰ ਤੜਕਾ ਲਾਉਣ ਲਈ ਕਿਹਾ। ਪਤਨੀ ਨੇ ਗੁੱਸੇ ’ਚ ਆ ਕੇ ਉਸ ’ਤੇ ਕੈਂਚੀ ਮਾਰ ਦਿੱਤੀ। ਇਸ ਨਾਲ ਪਤੀ ਦੀ ਹਸਪਤਾਲ ਲਿਜਾਂਦਿਆਂ ਮੌਤ ਹੋ ਗਈ। ਪੁਲਿਸ ਨੇ ਇਸ ਸਬੰਧੀ ਮ੍ਰਿਤਕ ਦੀ ਮਾਂ ਦੇ ਬਿਆਨ ’ਤੇ ਪਤਨੀ ’ਤੇ ਹੱਤਿਆ ਦਾ ਮਾਮਲਾ ਦਰਜ ਕਰ ਲਿਆ ਹੈ।
ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਥੇਹੜ ਸ਼ਹੀਦਾਂਵਾਲੀ ਵਾਸੀ ਚਰਨਜੀਤ ਕੌਰ ਨੇ ਆਪਣੇ ਬਿਆਨ ’ਚ ਪੁਲਿਸ ਨੂੰ ਦੱਸਿਆ ਕਿ ਉਸ ਦੀ ਨੂੰਹ ਕੁਲਜੀਤ ਕੌਰ ਘਰ ਦੀ ਲੌਬੀ ’ਚ ਕੱਪੜੇ ਸਿਲਾਈ ਕਰ ਰਹੀ ਸੀ। ਉਸ ਦੇ ਪੁੱਤਰ ਹਰਪ੍ਰੀਤ ਸਿੰਘ ਨੇ ਕੁਲਜੀਤ ਕੌਰ ਨੂੰ ਕਿਹਾ ਕਿ ਉਸ ਦਾ ਮੀਟ ਖਾਣ ਨੂੰ ਦਿਲ ਕਰ ਰਿਹਾ ਹੈ, ਇਸ ਲਈ ਉਹ ਤੜਕਾ ਲਾਉਣ ਲਈ ਪਿਆਜ਼ ਕੱਟ ਦੇਵੇ। ਇਹ ਕਹਿ ਕੇ ਉਹ ਖ਼ੁਦ ਮੀਟ ਲੈਣ ਲਈ ਜਾਣ ਲੱਗਿਆ ਤਾਂ ਗੁੱਸੇ ’ਚ ਆ ਕੇ ਮਸ਼ੀਨ ’ਚ ਲੱਗਿਆ ਪੈਮਾਨਾ ਚੁੱਕ ਕੇ ਹਰਪ੍ਰੀਤ ਨੂੰ ਮਾਰਿਆ, ਜਿਸ ਨਾਲ ਉਹ ਟੁੱਟ ਗਿਆ। ਇਸ ’ਤੇ ਹਰਪ੍ਰੀਤ ਸਿੰਘ ਤੇ ਉਸ ਦੀ ਮਾਂ ਨੇ ਕੁਲਜੀਤ ਕੌਰ ਨੂੰ ਸਮਝਾਇਆ ਪਰ ਉਹ ਨਾ ਮੰਨੀ ’ਤੇ ਗੁੱਸੇ ’ਚ ਹਰਪ੍ਰੀਤ ਦੇ ਪੱਟ ’ਤੇ ਕੈਂਚੀ ਮਾਰ ਦਿੱਤੀ। ਕੈਂਚੀ ਲੱਗਣ ਨਾਲ ਵਹੇ ਖ਼ੂਨ ਕਾਰਨ ਉਹ ਬੇਹੋਸ਼ ਹੋ ਕੇ ਡਿੱਗ ਪਿਆ। ਸ਼ੋਰ ਸੁਣ ਕੇ ਪਰਿਵਾਰਕ ਮੈਂਬਰ ਤੇ ਗੁਆਂਢੀ ਉਸ ਨੂੰ ਹਸਪਤਾਲ ਲੈ ਗਏ, ਜਿੱਥੇ ਪਹੁੰਚਣ ਦੌਰਾਨ ਉਸ ਦੀ ਮੌਤ ਹੋ ਗਈ।