ਸਟੇਟ ਬਿਊਰੋ, ਕੋਲਕਾਤਾ: ਅਕਸਰ ਲੋਕ ਲਾੜੇ ਤੇ ਲਾੜੀ ਦੀ ਭਾਲ ’ਚ ਅਧਿਆਪਕ ਤੇ ਅਧਿਆਪਕਾ ਨੂੰ ਖ਼ਾਸ ਤਰਜੀਹ ਦਿੰਦੇ ਹਨ, ਪਰ ਬੰਗਾਲ ’ਚ ਅਧਿਆਪਕ ਭਰਤੀ ਘੁਟਾਲੇ ਦੇ ਬਾਅਦ ਠੀਕ ਇਸਦਾ ਉਲਟ ਮਾਮਲਾ ਦੇਖਣ ਨੂੰ ਮਿਲਿਆ ਹੈ। ਇਕ ਪਰਿਵਾਰ ਨੇ ਲੜਕੀ ਲਈ ਇਸ਼ਤਿਹਾਰ ’ਚ ਖਾਸ ਤੌਰ ’ਤੇ ਜ਼ਿਕਰ ਕੀਤਾ ਹੈ ਕਿ ਸਕੂਲ ਅਧਿਆਪਕ ਨੂੰ ਛੱਡ ਕੇ ਇਕ ਯੋਗ ਲਾੜਾ ਚਾਹੀਦਾ ਹੈ। ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਅਧਿਆਪਕ ਭਰਤੀ ਘੁਟਾਲੇ ਤੋਂ ਬਾਅਦ ਉਹ ਕਾਫ਼ੀ ਚੌਕਸ ਹਨ। ਅਲਬੱਤਾ, ਕੁਝ ਲੋਕ ਉਨ੍ਹਾਂ ਦੀ ਇਸ ਪਹਿਲ ਨੂੰ ਗ਼ਲਤ ਵੀ ਕਰਾਰ ਦੇ ਰਹੇ ਹਨ।
ਸੂਬੇ ’ਚ ਅਧਿਆਪਕ ਭਰਤੀ ਘੁਟਾਲੇ ’ਚ ਸੈਂਕੜੇ ਅਧਿਆਪਕਾਂ ਨੂੰ ਕਲਕੱਤਾ ਹਾਈਕੋਰਟ ਦੇ ਨਿਰਦੇਸ਼ ’ਤੇ ਬਰਖ਼ਾਸਤ ਕਰ ਦਿੱਤਾ ਗਿਆ ਹੈ। ਹਜ਼ਾਰਾਂ ਅਧਿਆਪਕਾਂ ਦੀ ਨੌਕਰੀ ’ਤੇ ਤਲਵਾਰ ਲਟਕ ਰਹੀ ਹੈ। ਪੂਰੇ ਮਾਮਲੇ ਦੀ ਸੀਬੀਆਈ ਜਾਂਚ ਕਰ ਰਹੀ ਹੈ। ਇਸ ਘੁਟਾਲੇ ਦਾ ਆਮ ਲੋਕਾਂ ’ਤੇ ਵੀ ਅਸਰ ਪਿਆ ਹੈ। ਇਸਦਾ ਤਾਜ਼ਾਤਰੀਨ ਉਦਾਹਰਣ ਉੱਤਰੀ ਦਿਨਾਜਪੁਰ ’ਚ ਦੇਖਣ ਨੂੰ ਮਿਲਿਆ ਹੈ। ਇੱਥੇ ਇਕ ਪਰਿਵਾਰ ਨੇ ਲੜਕੀ ਦੇ ਲਾੜੇ ਲਈ ਇਕ ਰੋਜ਼ਾਨਾ ਅਖਬਾਰ ’ਚ ਅਨੋਖਾ ਇਸ਼ਤਿਹਾਰ ਦਿੱਤਾ ਹੈ। ਇਸ ਵਿਚ ਲਿਖਿਆ ਗਿਆ ਹੈ ਕਿ ਅਧਿਆਪਕ ਨੂੰ ਛੱਡ ਕੇ ਯੋਗ ਲਾੜਾ ਚਾਹੀਦਾ ਹੈ।
ਕੁਝ ਦਿਨ ਪਹਿਲਾਂ ਅਲੀਪੁਰਦੁਆਰ ’ਚ ਕਰਜ਼ਾ ਲੈਣ ਗਏ ਪ੍ਰਾਇਮਰੀ ਸਕੂਲ ਦੇ ਇਕ ਅਧਿਆਪਕ ਤੋਂ ਬੈਂਕ ਅਧਿਕਾਰੀ ਨੇ ਅਧਿਆਪਕ ਪਾਤਰਤਾ ਪ੍ਰੀਖਿਆ (ਟੈੱਟ) ਪਾਸ ਨਾਲ ਸਬੰਧਤ ਦਸਤਾਵੇਜ਼ ਮੰਗੇ ਸਨ। ਜ਼ਿਲ੍ਹੇ ਦੇ ਦਾਲਖੋਲਾ ਦੇ ਇਕ ਪਿਤਾ ਰੰਜਨ ਦਾਸ ਨੇ ਕਿਹਾ ਕਿ ਜਿਸ ਤਰ੍ਹਾਂ ਨਾਲ ਹਾਈ ਕੋਰਟ ਨੇ ਅਧਿਆਪਕ ਭਰਤੀ ’ਚ ਭ੍ਰਿਸ਼ਟਾਚਾਰ ’ਤੇ ਨਕੇਲ ਕੱਸੀ ਹੈ, ਉਸ ਤੋਂ ਭ੍ਰਿਸ਼ਟ ਲੋਕਾਂ ਦੀ ਨੌਕਰੀ ਜਾਣ ਦਾ ਖਤਰਾ ਹੈ। ਅਜਿਹੇ ’ਚ ਲੜਕੀ ਦਾ ਪਰਿਵਾਰ ਉਸਦੇ ਭਵਿੱਖ ਨੂੰ ਯਕੀਨੀ ਬਣਾਉਣ ਲਈ ਅਧਿਆਪਕ ਨੂੰ ਛੱਡ ਕੇ ਲਾੜੇ ਦੀ ਭਾਲ ਕਰ ਰਿਹਾ ਹੈ। ਪਰ, ਇਸ ਤਰ੍ਹਾਂ ਨਾਲ ਇਸ਼ਤਿਹਾਰ ਦੇਣਾ ਨਹੀਂ ਚਾਹੀਦਾ। ਤ੍ਰਿਣਮੂਲ ਕਾਂਗਰਸ ਦੇ ਪ੍ਰਾਇਮਰੀ ਅਧਿਆਪਕ ਸੰਘ ਦੇ ਜ਼ਿਲ੍ਹਾ ਸਕੱਤਰ ਗੌਰਾਂਗ ਚੌਹਾਨ ਨੇ ਕਿਹਾ ਕਿ ਲੜਕੀ ਦੇ ਪਰਿਵਾਰ ਨੇ ਇਸ ਤਰ੍ਹਾਂ ਦੇ ਇਸ਼ਤਿਹਾਰ ਦੇ ਕੇ ਅਧਿਆਪਕ ਫ਼ਿਰਕੇ ਦਾ ਅਪਮਾਨ ਕੀਤਾ ਹੈ।