ਜਾਗਰਣ ਬਿਊਰੋ, ਨਵੀਂ ਦਿੱਲੀ : ਬੰਗਾਲ ਸਮੇਤ ਚਾਰ ਸੂਬਿਆਂ ਤੇ ਇਕ ਕੇਂਦਰ ਸ਼ਾਸਿਤ ਪ੍ਰਦੇਸ਼ 'ਚ ਹੋਈਆਂ ਵਿਧਾਨ ਸਭਾ ਚੋਣਾਂ ਦੇ ਐਗਜ਼ਿਟ ਪੋਲ 'ਚ ਉਹੀ ਤਸਵੀਰ ਦਿਸੀ ਹੈ, ਜਿਸ ਦੀਆਂ ਅਟਕਲਾਂ ਚੋਣਾਂ ਸ਼ੁਰੂ ਹੋਣ ਤੋਂ ਪਹਿਲਾਂ ਲਾਈਆਂ ਜਾ ਰਹੀਆਂ ਸਨ। ਤੇਜ਼ ਰਫ਼ਤਾਰ ਨਾਲ ਅੱਗੇ ਵੱਧ ਰਹੀ ਭਾਜਪਾ ਦੀ ਧਮਕ ਹਰ ਥਾਂ ਹੈ ਤੇ ਕਾਂਗਰਸ ਹਰ ਮੋੜ 'ਤੇ ਪੱਛੜੀ। ਉਹ ਨਾ ਤਾਂ ਭਾਜਪਾ ਨਾਲ ਲੜਨ 'ਚ ਸਮਰੱਥ ਹੋ ਰਹੀ ਹੈ, ਨਾ ਹੀ ਖੱਬੇਪੱਖੀ ਮੋਰਚੇ ਨਾਲ। ਉੱਥੇ, ਬੰਗਾਲ 'ਚ ਤੀਜੀ ਵਾਰੀ ਸੱਤਾ ਦੀ ਲੜਾਈ ਲੜ ਰਹੀ ਮਮਤਾ ਬੈਨਰਜੀ ਦੀ ਪਕੜ ਖ਼ਤਮ ਹੁੰਦੀ ਦਿਸ ਰਹੀ ਹੈ। ਐਗਜ਼ਿਟ ਪੋਲ ਦੇ ਅੰਕੜੇ ਦਿਖਾ ਰਹੇ ਹਨ ਕਿ ਮਮਤਾ ਦੀ ਜੇਕਰ ਸੱਤਾ 'ਚ ਵਾਪਸੀ ਵੀ ਹੋਈ ਤਾਂ ਉਹ ਵੱਡੀ ਸਿਆਸੀ ਜ਼ਮੀਨ ਗੁਆ ਦੇਣਗੇ। ਚੋਣ ਨਤੀਜੇ ਦੋ ਮਈ ਨੂੰ ਆਉਣਗੇ।
ਮਹੀਨੇ ਤਕ ਚੱਲੀਆਂ ਵਿਧਾਨ ਸਭਾ ਚੋਣਾਂ ਲਈ ਵੀਰਵਾਰ ਨੂੰ ਆਖਰੀ ਗੇੜ ਦਾ ਮਤਦਾਨ ਹੋਇਆ। ਹੁਣ ਨਤੀਜੇ ਦਾ ਇੰਤਜ਼ਾਰ ਹੈ। ਮਤਦਾਨ ਤੋਂ ਬਾਅਦ ਆਏ ਐਗਜ਼ਿਟ ਪੋਲ 'ਚ ਵੱਖ-ਵੱਖ ਏਜੰਸੀਆਂ ਤੇ ਚੈਨਲ ਬੰਗਾਲ ਨੂੰ ਲੈ ਕੇ ਇਕਮਤ ਨਹੀਂ ਦਿਸੇ। ਕੁਝ ਮਮਤਾ ਦੀ ਸਰਕਾਰ ਬਣਾ ਰਹੇ ਹਨ ਤਾਂ ਕੁਝ ਭਾਜਪਾ ਦੀ। ਕੁਝ ਚੈਨਲਾਂ ਨੇ ਤਾਂ ਇਸ ਨੂੰ ਬਹੁਤ ਕਰੀਬੀ ਮੁਕਾਬਲਾ ਦੱਸਿਆ ਹੈ,ਯਾਨੀ ਕਿਸੇ ਦੀ ਵੀ ਸਰਕਾਰ ਬਣ ਸਕਦੀ ਹੈ।
ਧਿਆਨ ਰਹੇ ਕਿ ਬੰਗਾਲ 'ਚ ਭਾਜਪਾ ਦੀ ਚੋਣ ਕਮਾਨ ਸੰਭਾਲਣ ਵਾਲੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ 200 ਪਲੱਸ ਦਾ ਦਾਅਵਾ ਕੀਤਾ ਸੀ। ਉੱਥੇ ਮਮਤਾ ਵੱਲੋਂ ਵਾਰ-ਵਾਰ ਕਿਹਾ ਜਾ ਰਿਹਾ ਸੀ ਕਿ ਭਾਜਪਾ ਤਿੰਨ ਅੰਕਾਂ ਨੂੰ ਵੀ ਪਾਰ ਨਹੀਂ ਕਰ ਸਕੇਗੀ। ਮਮਤਾ ਦੇ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਇਹ ਕਹਿੰਦੇ ਰਹੇ ਕਿ ਭਾਜਪਾ 100 ਨੂੰ ਪਾਰ ਕਰ ਗਈ ਤਾਂ ਉਹ ਆਪਣਾ ਕੰਮ ਛੱਡ ਦੇਣਗੇ। ਫਿਲਹਾਲ ਦਿਲਚਸਪ ਇਹ ਹੈ ਕਿ ਜਿਨ੍ਹਾਂ ਕੁਝ ਚੈਨਲਾਂ 'ਤੇ ਮਮਤਾ ਦੀ ਸਰਕਾਰ ਦਾ ਅੰਦਾਜ਼ਾ ਲਾਇਆ ਜਾ ਰਿਹਾ ਹੈ, ਉਹ ਵੀ ਭਾਜਪਾ ਨੂੰ ਸੌ ਤੋਂ ਪਾਰ ਹੀ ਦਿਖਾ ਰਹੇ ਹਨ। ਅਜਿਹੇ 'ਚ ਨਤੀਜਾ ਜੋ ਵੀ ਆਏ, ਪ੍ਰਸ਼ਾਂਤ ਕਿਸ਼ੋਰ ਦੀ ਭਰੋਸੇਯੋਗਤਾ ਲਈ ਖ਼ਤਰਾ ਹੀ ਹੈ।
ਅਸਾਮ ਤੇ ਕੇਰਲ ਭਾਜਪਾ ਤੋਂ ਜ਼ਿਆਦਾ ਕਾਂਗਰਸ ਦੇ ਲਿਹਾਜ਼ ਨਾਲ ਅਹਿਮ ਹੈ। ਕੇਰਲ ਫ਼ਤਹਿ ਕਰਨ ਦੀ ਜ਼ਿੰਮੇਵਾਰੀ ਖ਼ੁਦ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਉਠਾਈ ਸੀ। ਮੁਹਿੰਮ ਦਾ ਲਗਪਗ 80 ਫ਼ੀਸਦੀ ਸਮਾਂ ਉਨ੍ਹਾਂ ਨੇ ਕੇਰਲ 'ਚ ਹੀ ਲਾਇਆ। ਉਹ ਉੱਥੋਂ ਸੰਸਦ ਮੈਂਬਰ ਹਨ। ਪਰ ਹਰ ਚੈਨਲ ਨੇ ਆਪਣੇ ਐਗਜ਼ਿਟ ਪੋਲ 'ਚ ਉੱਥੇ ਕਾਂਗਰਸ ਨੂੰ ਖੱਬੇਪੱਖੀ ਮੋਰਚੇ ਤੋਂ ਮੀਲਾਂ ਪਿੱਛੇ ਦਿਖਾਇਆ ਹੈ।
ਅਸਾਮ 'ਚ ਪਹਿਲੀ ਵਾਰੀ ਕਾਂਗਰਸ ਨੇ ਕੱਟੜ ਏਆਈਯੂਡੀਐੱਫ ਦੇ ਨਾਲ ਚੋਣ ਸਮਝੌਤਾ ਕਰ ਕੇ ਭਾਜਪਾ ਨੂੰ ਹਰਾਉਣ ਦੀ ਰਣਨੀਤੀ ਬਣਾਈ ਸੀ। ਇਸ ਦਾ ਕਾਂਗਰਸ ਦੇ ਅੰਦਰ ਵੀ ਸੀਨੀਅਰ ਆਗੂਆਂ ਨੇ ਵਿਰੋਧ ਕੀਤਾ ਸੀ, ਪਰ ਰਾਹੁਲ ਗਾਂਧੀ ਦੀ ਹਰੀ ਝੰਡੀ ਸੀ। ਸਾਰੇ ਅੰਦਾਜ਼ਿਆਂ 'ਚ ਅਸਾਮ 'ਚ ਵੀ ਕਾਂਗਰਸ ਨੂੰ ਹਾਰਦੇ ਹੋਏ ਦਿਖਾਇਆ ਗਿਆ ਹੈ। ਇਹ ਵੀ ਧਿਆਨ ਰਹੇ ਕਿ ਐੱਨਆਰਸੀ ਤੇ ਸੀਏਏ ਅਸਾਮ ਲਈ ਵੱਡਾ ਮੁੱਦਾ ਹਨ। ਕਾਂਗਰਸ ਨੇ ਇਸੇ ਰੋਸ ਨੂੰ ਭੁਨਾਉਣ ਦੀ ਰਣਨੀਤੀ ਬਣਾਈ ਸੀ। ਜੇਕਰ ਅਸਾਮ 'ਚ ਇਹ ਵੀ ਫੇਲ੍ਹ ਹੋ ਗਿਆ ਤਾਂ ਕਾਂਗਰਸ ਨੂੰ ਸੋਚਣਾ ਪਵੇਗਾ ਕਿ ਉਹ ਕਿਸ ਮੁੱਦੇ 'ਤੇ ਭਾਜਪਾ ਦਾ ਮੁਕਾਬਲਾ ਕਰੇ।
ਤਾਮਿਲਨਾਡੂ ਨੂੰ ਲੈ ਕੇ ਪਹਿਲਾਂ ਤੋਂ ਅੰਦਾਜ਼ਾ ਲਾਇਆ ਜਾ ਰਿਹਾ ਸੀ ਕਿ ਉੱਥੇ ਡੀਐੱਮਕੇ ਦੀ ਵਾਪਸੀ ਹੋਵੇਗੀ। ਕਾਂਗਰਸ ਲਈ ਵੀ ਸ਼ਾਇਦ ਇਹੀ ਇਕ ਰਾਹਤ ਦੀ ਗੱਲ ਹੋਵੇਗੀ ਕਿਉਂਕਿ ਉਹ ਡੀਐੱਮਕੇ ਦੇ ਨਾਲ ਹੀ ਚੋਣ ਲੜੀ ਸੀ ਤੇ ਭਾਜਪਾ ਹਾਕਮ ਅੰਨਾਡੀਐੱਮਕੇ ਦੇ ਨਾਲ। ਕੇਂਦਰ ਸ਼ਾਸਿਤ ਪ੍ਰਦੇਸ਼ ਪੁਡੂਚੇਰੀ ਕਿਸੇ ਦੀ ਪਹਿਲ 'ਚ ਨਹੀਂ ਰਹੀ ਤੇ ਦੇਰ ਰਾਤ ਤਕ ਕਿਸੇ ਨੇ ਇਸ ਨੂੰ ਲੈ ਕੇ ਐਗਜ਼ਿਟ ਪੋਲ ਨਹੀਂ ਦਿਖਾਇਆ।
ਐਗਜ਼ਿਟ ਪੋਲ
ਬੰਗਾਲ- 2021 (ਕੁੱਲ ਸੀਟਾਂ 294)
ਆਰ ਭਾਰਤ-ਸੀਐੱਨਐਕਸ
ਭਾਜਪਾ 138-148
ਤਿ੍ਣਮੂਲ 128-138
ਖੱਬੇਪੱਖੀ-ਕਾਂਗਰਸ-ਆਈਐੱਸਐੱਫ- 06-09
-------------
ਏਬੀਪੀ- ਸੀ-ਵੋਟਰ
ਭਾਜਪਾ 152- 164
ਤਿ੍ਣਮੂਲ 109-121
ਖੱਬੇਪੱਖੀ-ਕਾਂਗਰਸ-ਆਈਐੱਸਐੱਫ- 14-25
-------------
ਇੰਡੀਆ-ਟੀਵੀ-ਪੀਪਲਜ਼ ਪਲੱਸ
ਭਾਜਪਾ 173-192
ਤਿ੍ਣਮੂਲ 64-88
ਖੱਬੇਪੱਖੀ-ਕਾਂਗਰਸ-ਆਈਐੱਸਐੱਫ- 7-12
----------
ਜਨ ਕੀ ਬਾਤ
ਭਾਜਪਾ 162- 185
ਤਿ੍ਣਮੂਲ 104-121
ਖੱਬੇਪੱਖੀ-ਕਾਂਗਰਸ-ਆਈਐੱਸਐੱਫ- 3-9
--------
ਟੀਵੀ 9
ਭਾਜਪਾ 142- 152
ਤਿ੍ਣਮੂਲ 125-135
ਖੱਬੇਪੱਖੀ-ਕਾਂਗਰਸ-ਆਈਐੱਸਐੱਫ- 16-26
--------
ਪੀ ਮਾਰਕ
ਭਾਜਪਾ 112- 132
ਤਿ੍ਣਮੂਲ 152-172
ਖੱਬੇਪੱਖੀ-ਕਾਂਗਰਸ-ਆਈਐੱਸਐੱਫ- 10-15
----------
ਅਸਾਮ (ਕੁੱਲ ਸੀਟਾਂ 126)
ਇੰਡੀਆ ਟੁਡੇ-ਐਕਸਿਸ ਮਾਏ ਇੰਡੀਆ
ਭਾਜਪਾ 75-85
ਕਾਂਗਰਸ ਤੇ ਭਾਈਵਾਲ 40-50
-----
ਟੁਡੇ ਚਾਣਿਕਿਆ
ਭਾਜਪਾ 70
ਕਾਂਗਰਸ ਤੇ ਭਾਈਵਾਲ 56
-----------------------
ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਐਗਜ਼ਿਟ ਪੋਲ ਦੇ ਰੁਝਾਨ ਆਉਣ ਲੱਗੇ ਹਨ। ਫਿਲਹਾਲ ਏਬੀਪੀ ਸੀ ਵੋਟਰ ਤੇ ਟਾਈਮਸ ਨਾਉ ਦੇ ਐਗਜ਼ਿਟ ਪੋਲ ਅਨੁਸਾਰ (ABP- Cvoter Exit Poll) ਅਨੁਸਾਰ ਸੂਬੇ ਵਿਚ ਤ੍ਰਿਣਮੂਲ ਕਾਂਗਰਸ ਸੱਤਾ ਵਿਚ ਵਾਪਸ ਆਉਂਦੀ ਦਿਖਾਈ ਦੇ ਰਹੀ ਹੈ। ਉੱਥੇ ਰਿਪਬਲਿਕ ਭਾਰਤ ਅਨੁਸਾਰ ਭਾਜਪਾ ਨੂੰ ਬੜ੍ਹਤ ਮਿਲਦੀ ਦਿਖਾਈ ਦੇ ਰਹੀ ਹੈ। ਦੱਸ ਦਈਏ ਕਿ ਸੂਬੇ ਵਿਚ ਅੱਠ ਪੜਾਵਾਂ ਵਿਚ ਵਿਧਾਨ ਸਭਾ ਚੋਣਾਂ ਹੋਈਆਂ। ਅੱਠਵਾਂ ਤੇ ਆਖ਼ਰੀ ਪੜਾਅ ਦਾ ਮਤਦਾਨ ਅੱਜ ਸੰਪੰਨ ਹੋਇਆ। ਨਤੀਜੇ ਦੋ ਮਈ ਨੂੰ ਆਉਣਗੇ। ਚੋਣ ਕਮਿਸ਼ਨ ਨੇ ਮੀਡੀਆ ਨੂੰ ਸ਼ਾਮ 7.30 ਵਜੇ ਤੋਂ ਬਾਅਦ ਐਗਜ਼ਿਟ ਪੋਲ ਦੇ ਆਂਕੜੇ ਜਾਰੀ ਕਰਨ ਦੇ ਦਿਸ਼ਾ ਨਿਰਦੇਸ਼ ਦਿੱਤੇ ਸਨ।
-ਇੰਡੀਆ ਟੀਵੀ ਦੇ ਐਗਜ਼ਿਟ ਪੋਲ ਵਿਚ ਭਾਜਪਾ ਨੂੰ ਬਹੁਮਤ ਮਿਲਦਾ ਦਿਖਾਈ ਦੇ ਰਿਹਾ ਹੈ। ਇਸਦੇ ਅਨੁਸਾਰ ਭਾਜਪਾ ਨੂੰ 173-192, ਟੀਐੱਮਸੀ 64-88 ਤੇ ਕਾਂਗਰਸ + ਨੂੰ 7-12 ਸੀਟਾਂ।
-ਏਬੀਪੀ ਦੇ ਐਗਜ਼ਿਟ ਪੋਲ ਅਨੁਸਾਰ ਸੂਬੇ ਵਿਚ ਤ੍ਰਿਣਮੂਲ ਕਾਂਗਰਸ ਸੱਤਾ ਵਿਚ ਵਾਪਸ ਆਉਂਦੀ ਦਿਖਾਈ ਦੇ ਰਹੀ ਹੈ। ਇਸਦੇ ਅਨੁਸਾਰ ਟੀਐੱਮਸੀ ਨੂੰ 152-164 ਸੀਟਾਂ ਮਿਲ ਸਕਦੀਆਂ ਹਨ। ਭਾਜਪਾ ਨੂੰ 109-121 ਸੀਟਾਂ ਮਿਲ ਸਕਦੀਆਂ ਹਨ। ਕਾਂਗਰਸ + ਨੂੰ 14-25 ਸੀਟਾਂ ਮਿਲ ਸਕਦੀਆਂ ਹਨ।
-ਰਿਪਬਲਿਕ ਭਾਰਤ ਅਨੁਸਾਰ ਭਾਜਪਾ ਨੂੰ ਬੜ੍ਹਤ ਮਿਲਦੀ ਦਿਖਾਈ ਦੇ ਰਹੀ ਹੈ। ਇਸਦੇ ਅਨੁਸਾਰ ਟੀਐੱਮਸੀ ਨੂੰ 126-136, ਭਾਜਪਾ ਨੂੰ 138-148 ਤੇ ਕਾਂਗਰਸ + ਨੂੰ 11-21 ਸੀਟਾਂ ਮਿਲ ਸਕਦੀਆਂ ਹਨ।
-ਟਾਈਮਸ ਨਾਉ ਦੇ ਐਗਜ਼ਿਟ ਪੋਲ ਅਨੁਸਾਰ ਟੀਐੱਮਸੀ ਹੈਟ੍ਰਿਕ ਲਗਾਉਂਦੀ ਦਿਖਾਈ ਦੇ ਰਹੀ ਹੈ। ਇਸਦੇ ਅਨੁਸਾਰ ਟੀਐੱਮਸੀ ਨੂੰ 158, ਭਾਜਪਾ ਨੂੰ 115 ਤੇ ਕਾਂਗਰਸ + 19 ਸੀਟਾਂ ਮਿਲਦੀ ਦਿਖਾਈ ਦੇ ਰਹੀਆਂ ਹਨ।
ਚੋਣ ਕਮਿਸ਼ਨ ਨੇ ਸੂਬੇ ਦੀਆਂ 294 ਸੀਟਾਂ 'ਤੇ ਅੱਠ ਪੜਾਆਂ 'ਚ ਚੋਣ ਕਰਵਾਈ ਹੈ। ਸਾਰਿਆਂ ਨੂੰ ਦੋ ਮਈ ਦਾ ਇੰਤਜ਼ਾਰ ਹੈ। ਇਸ ਦਿਨ ਨਤੀਜੇ ਆਉਣਗੇ।
ਆਓ ਜਾਣਦੇ ਹਾਂ ਕਦੋਂ, ਕਿੱਥੇ ਤੇ ਕਿਵੇਂ ਦੇਖ ਸਕੋਗੇ ਐਗਜ਼ਿਟ ਪੋਲ
ਜ਼ਿਕਰਯੋਗ ਹੈ ਕਿ ਸਾਰੇ ਪੜਾਆਂ ਦੀ ਵੋਟਿੰਗ ਪੂਰੀ ਹੋਣ ਤੋਂ ਬਾਅਦ ਹੀ ਐਗਜ਼ਿਟ ਪੋਲ ਜਾਰੀ ਕੀਤੇ ਜਾਂਦੇ ਹਨ। ਇਸ ਲਈ ਬਕਾਇਦਾ ਸਰਵੇ ਏਜੰਸੀਆਂ ਵੱਖ-ਵੱਖ ਵਿਧਾਨ ਸਭਾ ਖੇਤਰ 'ਚ ਵੋਟਿੰਗ ਤੋਂ ਬਾਅਦ ਵੋਟਰਾਂ ਨਾਲ ਗੱਲ ਕਰਦੀਆਂ ਹਨ। ਇਸ ਦੇ ਆਧਾਰ 'ਤੇ ਇਸ ਅੰਦਾਜ਼ਾ ਲਾਇਆ ਜਾਂਦਾ ਹੈ ਕਿ ਕਿਹੜੀ ਪਾਰਟੀ ਦੀ ਸਰਕਾਰ ਬਣਨ ਜਾ ਰਹੀ ਹੈ। ਹਾਲਾਂਕਿ ਹਰ ਵਾਰ ਐਗਜ਼ਿਟ ਪੋਲ ਸਹੀ ਸਾਬਤ ਨਹੀਂ ਹੁੰਦੇ।
ਸ਼ਾਮ ਸਾਢੇ ਸੱਤ ਵਜੇ ਤੋਂ ਬਾਅਦ ਜਾਰੀ ਹੋਣਗੇ ਐਗਜ਼ਿਟ ਪੋਲ
ਵੀਰਵਾਰ ਨੂੰ ਬੰਗਾਲ 'ਚ ਅੱਠਵੇਂ ਤੇ ਆਖਰੀ ਪੜਾਅ ਦੀ ਵੋਟਿੰਗ ਦੀ ਪ੍ਰਕਿਰਿਆ ਸਮਾਪਤ ਹੋਣ ਤੋਂ ਬਾਅਦ ਸ਼ਾਮ ਸਾਢੇ ਸੱਤ ਵਜੇ ਐਗਜ਼ਿਟ ਪੋਲ ਜਾਰੀ ਹੋਣਗੇ। ਅੱਜ ਤਕ ਏਬੀਪੀ ਨਿਊਜ਼, ਰਿਪਬਲਿਕ ਭਾਰਤ, ਇੰਡੀਆ ਟੀਵੀ ਤੇ ਟਾਈਮਜ਼ ਨਾਓ ਸਣੇ ਹੋਰ ਟੀਵੀ ਚੈਨਲ ਜਾਰੀ ਕਰਨਗੇ। ਤੁਸੀਂ ਇਸ ਦੀ ਲਾਈਵ ਸਟ੍ਰੀਮਿੰਗ ਇਨ੍ਹਾਂ ਚੈਨਲਾਂ ਦੇ ਯੂਟਿਊਬ ਚੈਨਲ 'ਤੇ ਵੀ ਦੇਖ ਸਕਦੇ ਹੋ। ਇਹ ਸਾਰੇ ਚੈਨਲ ਸਰਵੇ ਏਜੰਸੀ ਨਾਲ ਮਿਲ ਕੇ ਸਰਵੇ ਕਰਦੇ ਹਨ ਤੇ ਐਗਜ਼ਿਟ ਪੋਲ ਦੇ ਅੰਕੜੇ ਜਾਰੀ ਕਰਦੇ ਹਨ। ਧਿਆਨ ਰਹੇ ਕਿ ਐਗਜ਼ਿਟ ਪੋਲ ਕਦੀ ਵੀ ਵੋਟਿੰਗ ਦੌਰਾਨ ਜਾਂ ਪਹਿਲਾਂ ਜਾਰੀ ਨਹੀਂ ਹੁੰਦਾ। ਮੰਨਿਆ ਜਾਂਦਾ ਹੈ ਕਿ ਅਜਿਹਾ ਕਰਨ ਨਾਲ ਵੋਟਰ ਪ੍ਰਭਾਵਿਤ ਹੋ ਸਕਦੇ ਹਨ ਜੋ ਜਨਪ੍ਰਤੀਨਿਧੀ ਕਾਨੂੰਨ 1951 ਧਾਰਾ 126ਏ ਖ਼ਿਲਾਫ਼ ਹੈ।