ਨਵੀਂ ਦਿੱਲੀ, ਏਜੰਸੀ : ਭਾਰਤੀ ਮੌਸਮ ਵਿਭਾਗ (IMD) ਦੀ ਭਵਿੱਖਬਾਣੀ ਮੁਤਾਬਕ ਅਪ੍ਰੈਲ-ਜੂਨ ਦੇ ਮਹੀਨੇ ਭਾਰਤ ਦੇ ਜ਼ਿਆਦਾਤਰ ਹਿੱਸਿਆਂ 'ਚ ਤਾਪਮਾਨ ਹੋਰ ਵਧ ਸਕਦਾ ਹੈ। ਆਈਐਮਡੀ ਨੇ ਕਿਹਾ ਕਿ ਉੱਤਰ-ਪੱਛਮੀ ਅਤੇ ਪ੍ਰਾਇਦੀਪ ਦੇ ਕੁਝ ਹਿੱਸਿਆਂ ਨੂੰ ਛੱਡ ਕੇ ਭਾਰਤ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਅਪ੍ਰੈਲ ਤੋਂ ਜੂਨ ਤਕ ਆਮ ਨਾਲੋਂ ਵੱਧ ਤਾਪਮਾਨ ਰਹਿਣ ਦੀ ਸੰਭਾਵਨਾ ਹੈ।
ਹੀਟਵੇਵ ਸ਼ੁਰੂ ਹੋਣ ਦਾ ਅਨਮਾਨ
ਮੌਸਮ ਵਿਭਾਗ ਨੇ ਮੱਧ, ਪੂਰਬੀ ਅਤੇ ਉੱਤਰ-ਪੱਛਮੀ ਭਾਰਤ ਦੇ ਜ਼ਿਆਦਾਤਰ ਹਿੱਸਿਆਂ ਵਿਚ ਆਮ ਹਵਾਵਾਂ ਦੀ ਸਥਿਤੀ ਤੋਂ ਵੱਧ ਗਰਮ ਹਵਾਵਾਂ ਚੱਲਣ ਦੀ ਭਵਿੱਖਬਾਣੀ ਕੀਤੀ ਹੈ। ਆਈਐਮਡੀ ਦੇ ਡਾਇਰੈਕਟਰ ਜਨਰਲ ਮ੍ਰਿਤਯੂੰਜਯ ਮਹਾਪਾਤਰਾ ਨੇ ਇਕ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਬਿਹਾਰ, ਝਾਰਖੰਡ, ਉੱਤਰ ਪ੍ਰਦੇਸ਼, ਉੜੀਸਾ, ਪੱਛਮੀ ਬੰਗਾਲ, ਛੱਤੀਸਗੜ੍ਹ, ਮਹਾਰਾਸ਼ਟਰ, ਗੁਜਰਾਤ, ਪੰਜਾਬ ਅਤੇ ਹਰਿਆਣਾ ਦੇ ਕੁਝ ਹਿੱਸਿਆਂ ਵਿੱਚ ਹੀਟਵੇਵ ਸ਼ੁਰੂ ਹੋ ਜਾਵੇਗੀ।
ਅਪ੍ਰੈਲ ਤੋਂ ਜੂਨ ਦੌਰਾਨ ਵਧੇਗਾ ਤਾਪਮਾਨ
2023 ਦੇ ਅਪ੍ਰੈਲ ਤੋਂ ਜੂਨ ਦੇ ਗਰਮ ਮੌਸਮ ਦੌਰਾਨ ਦੇਸ਼ ਦੇ ਜ਼ਿਆਦਾਤਰ ਹਿੱਸਿਆਂ ਵਿਚ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ ਵੱਧ ਰਹਿਣ ਦੀ ਸੰਭਾਵਨਾ ਹੈ। ਜਦੋਂਕਿ ਦੱਖਣੀ ਪ੍ਰਾਇਦੀਪ ਭਾਰਤ ਅਤੇ ਉੱਤਰ ਪੱਛਮੀ ਭਾਰਤ ਦੇ ਕੁਝ ਹਿੱਸਿਆਂ ਵਿੱਚ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ ਘੱਟ ਰਹਿਣ ਦੀ ਸੰਭਾਵਨਾ ਹੈ।
ਅਪ੍ਰੈਲ ਵਿੱਚ ਹੋਵੇਗੀ ਆਮ ਬਾਰਿਸ਼
ਉੱਤਰ-ਪੂਰਬੀ ਤੇ ਉੱਤਰ-ਪੱਛਮੀ ਭਾਰਤ ਦੇ ਕੁਝ ਖੇਤਰਾਂ ਤੇ ਪ੍ਰਾਇਦੀਪ ਖੇਤਰ ਦੇ ਕੁਝ ਹਿੱਸਿਆਂ ਨੂੰ ਛੱਡ ਕੇ ਦੇਸ਼ ਦੇ ਜ਼ਿਆਦਾਤਰ ਹਿੱਸਿਆਂ ਵਿਚ ਆਮ ਘੱਟੋ-ਘੱਟ ਤਾਪਮਾਨ ਤੋਂ ਉੱਪਰ ਰਹਿਣ ਦੀ ਸੰਭਾਵਨਾ ਹੈ। ਮੌਸਮ ਬਿਊਰੋ ਨੇ ਕਿਹਾ ਕਿ ਅਪ੍ਰੈਲ ਵਿਚ ਭਾਰਤ ਵਿਚ ਆਮ ਬਾਰਿਸ਼ ਹੋਣ ਦੀ ਉਮੀਦ ਹੈ। ਉੱਤਰ-ਪੱਛਮੀ, ਕੇਂਦਰੀ ਅਤੇ ਪ੍ਰਾਇਦੀਪ ਖੇਤਰ ਦੇ ਜ਼ਿਆਦਾਤਰ ਹਿੱਸਿਆਂ ਵਿਚ ਆਮ ਨਾਲੋਂ ਵੱਧ ਮੀਂਹ ਪੈਣ ਦੀ ਸੰਭਾਵਨਾ ਹੈ, ਜਦੋਂਕਿ ਪੂਰਬੀ ਤੇ ਉੱਤਰ-ਪੂਰਬੀ ਭਾਰਤ ਵਿੱਚ ਆਮ ਨਾਲੋਂ ਘੱਟ ਬਾਰਿਸ਼ ਦੀ ਭਵਿੱਖਬਾਣੀ ਕੀਤੀ ਗਈ ਹੈ।
ਇਨ੍ਹਾਂ ਸੂਬਿਆਂ 'ਚ ਸ਼ੁਰੂ ਹੋ ਜਾਵੇਗੀ ਹੀਟ ਵੇਵ
ਮੌਸਮ ਵਿਭਾਗ ਨੇ ਬਿਹਾਰ, ਝਾਰਖੰਡ, ਯੂਪੀ, ਉੜੀਸਾ, ਪੱਛਮੀ ਬੰਗਾਲ ਅਤੇ ਕੁਝ ਹੋਰ ਸੂਬਿਆਂ ਦੇ ਕੁਝ ਹਿੱਸਿਆਂ ਵਿੱਚ ਹੀਟਵੇਵ ਸ਼ੁਰੂ ਹੋਣ ਦੀ ਭਵਿੱਖਬਾਣੀ ਕੀਤੀ ਹੈ।