ਨਵੀਂ ਦਿੱਲੀ, ਏਐਨਆਈ : ਆਂਧਰਾ ਪ੍ਰਦੇਸ਼ ਦੀ ਰਾਜਧਾਨੀ ਨੂੰ ਲੈ ਕੇ ਵੱਡਾ ਐਲਾਨ ਕੀਤਾ ਗਿਆ ਹੈ। ਸੀਐਮ ਜਗਨ ਮੋਹਨ ਰੈਡੀ ਨੇ ਕਿਹਾ ਕਿ ਵਿਸ਼ਾਖਾਪਟਨਮ ਆਂਧਰਾ ਪ੍ਰਦੇਸ਼ ਦੀ ਨਵੀਂ ਰਾਜਧਾਨੀ ਹੋਵੇਗੀ। ਦੱਸ ਦੇਈਏ ਕਿ ਰੈੱਡੀ ਮੰਗਲਵਾਰ ਨੂੰ ਵਿਸ਼ਾਖਾਪਟਨਮ 'ਚ ਹੋਣ ਵਾਲੇ ਗਲੋਬਲ ਇਨਵੈਸਟਰਸ ਸਮਿਟ ਦੀ ਤਿਆਰੀ ਬੈਠਕ ਨੂੰ ਸੰਬੋਧਿਤ ਕਰ ਰਹੇ ਸਨ।
ਜਗਨ ਰੈਡੀ ਨੇ ਕਿਹਾ, "ਇੱਥੇ ਮੈਂ ਤੁਹਾਨੂੰ ਵਿਸ਼ਾਖਾਪਟਨਮ ਲਈ ਸੱਦਾ ਦੇਣਾ ਚਾਹਾਂਗਾ, ਜੋ ਆਉਣ ਵਾਲੇ ਦਿਨਾਂ ਵਿੱਚ ਸਾਡੇ ਰਾਜ ਦੀ ਰਾਜਧਾਨੀ ਹੋਵੇਗੀ। ਮੈਂ ਵੀ ਆਉਣ ਵਾਲੇ ਕੁਝ ਮਹੀਨਿਆਂ ਵਿੱਚ ਵਿਸ਼ਾਖਾਪਟਨਮ ਵਿੱਚ ਸ਼ਿਫਟ ਹੋਵਾਂਗਾ।" ਦੱਸ ਦੇਈਏ ਕਿ ਅਮਰਾਵਤੀ ਹੁਣ ਆਂਧਰਾ ਪ੍ਰਦੇਸ਼ ਦੀ ਰਾਜਧਾਨੀ ਹੈ।
3 ਅਤੇ 4 ਮਾਰਚ ਨੂੰ ਗਲੋਬਲ ਨਿਵੇਸ਼ਕ ਸੰਮੇਲਨ
ਜਗਨ ਨੇ ਅੱਗੇ ਕਿਹਾ ਕਿ ਰਾਜ ਸਰਕਾਰ ਵਿਸ਼ਾਖਾਪਟਨਮ ਵਿੱਚ 3 ਅਤੇ 4 ਮਾਰਚ ਨੂੰ ਗਲੋਬਲ ਨਿਵੇਸ਼ਕ ਸੰਮੇਲਨ ਦਾ ਆਯੋਜਨ ਕਰ ਰਹੀ ਹੈ। ਉਨ੍ਹਾਂ ਵੱਖ-ਵੱਖ ਕੰਪਨੀਆਂ ਨੂੰ ਇਸ ਸੰਮੇਲਨ ਵਿੱਚ ਹਿੱਸਾ ਲੈਣ ਅਤੇ ਸੂਬੇ ਵਿੱਚ ਨਿਵੇਸ਼ ਕਰਨ ਦੀ ਅਪੀਲ ਕੀਤੀ।
ਤਿੰਨ ਰਾਜਧਾਨੀਆਂ ਦਾ ਪ੍ਰਸਤਾਵ
ਇਸ ਤੋਂ ਪਹਿਲਾਂ, ਜਗਨ ਮੋਹਨ ਰੈੱਡੀ ਦੀ ਸਰਕਾਰ ਨੇ ਪਿਛਲੇ ਸਾਲ ਨਵੰਬਰ ਵਿੱਚ ਵਿਵਾਦਗ੍ਰਸਤ ਆਂਧਰਾ ਪ੍ਰਦੇਸ਼ ਵਿਕੇਂਦਰੀਕਰਣ ਅਤੇ ਸਾਰੇ ਖੇਤਰਾਂ ਦੇ ਸੰਮਲਿਤ ਵਿਕਾਸ ਐਕਟ 2020 ਨੂੰ ਰੱਦ ਕਰ ਦਿੱਤਾ ਸੀ। ਇਸ ਦਾ ਮਕਸਦ ਸੂਬੇ ਦੀਆਂ ਤਿੰਨ ਰਾਜਧਾਨੀਆਂ ਬਣਾਉਣਾ ਸੀ। ਰਾਜ ਸਰਕਾਰ ਨੇ ਫਿਰ ਵਿਸ਼ਾਖਾਪਟਨਮ (ਕਾਰਜਕਾਰੀ ਰਾਜਧਾਨੀ), ਅਮਰਾਵਤੀ (ਵਿਧਾਇਕ ਰਾਜਧਾਨੀ) ਅਤੇ ਕੁਰਨੂਲ (ਨਿਆਂਇਕ ਰਾਜਧਾਨੀ) ਦਾ ਪ੍ਰਸਤਾਵ ਕੀਤਾ।