ਜਾ.ਸ., ਰੁਦਰਪੁਰ (ਊਧਮ ਸਿੰਘ ਨਗਰ) : ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਭਗੌੜੇ ਅੰਮ੍ਰਿਤਪਾਲ ਸਿੰਘ ਦੀ ਮੌਜੂਦਗੀ ਦੇ ਉੱਤਰ ਪ੍ਰਦੇਸ਼- ਉਤਰਾਖੰਡ ਦੇ ਰਸਤੇ ਨੇਪਾਲ ਭੱਜਣ ਦਾ ਖ਼ਦਸ਼ਾ ਹੈ। ਇਸ ਲਈ ਪੁਲਿਸ ਨੇ ਦੋਵਾਂ ਸੂਬਿਆਂ ਦੀ ਸਰਹੱਦ ’ਤੇ ਚੈਕਿੰਗ ਵਧਾ ਦਿੱਤੀ ਹੈ। ਨੇਪਾਲ ਦੇ ਨਾਲ-ਨਾਲ ਪੁਲਿਸ ਊਧਮ ਸਿੰਘ ਨਗਰ ਤੋਂ ਉੱਤਰ ਪ੍ਰਦੇਸ਼ ਜਾਣ ਵਾਲੇ 58 ਚੋਰ ਰਸਤਿਆਂ ’ਤੇ ਵੀ ਨਜ਼ਰ ਰੱਖੀ ਜਾ ਰਹੀ ਹੈ। ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੇੜੀ ਵਿਚ ਭਗੌੜੇ ਅੰਮ੍ਰਿਤਪਾਲ ਦਾ ਟਿਕਾਣਾ ਪਤਾ ਲੱਗਣ ਤੋਂ ਬਾਅਦ ਪੁਲਿਸ ਨੇ ਇਹਤਿਆਤ ਵਜੋਂ ਇਹ ਕਦਮ ਚੁੱਕਿਆ ਹੈ। ਪੰਜਾਬ ’ਚ ਅੰਮ੍ਰਿਤਪਾਲ ਦੇ ਸਾਥੀਆਂ ਦੀ ਗ੍ਰਿਫਤਾਰੀ ਤੋਂ ਬਾਅਦ ਉਸ ਦੇ ਨੇਪਾਲ ਪਹੁੰਚ ਕੇ ਵਿਦੇਸ਼ ਭੱਜਣ ਦੀ ਸੰਭਾਵਨਾ ਹੈ। ਉਦੋਂ ਤੋਂ ਉੱਤਰ ਪ੍ਰਦੇਸ਼ ਨਾਲ ਲੱਗਦੇ ਬਿਜਨੌਰ, ਮੁਰਾਦਾਬਾਦ, ਬਰੇਲੀ, ਰਾਮਪੁਰ ਅਤੇ ਪੀਲੀਭੀਤ ਦੇ ਨਾਲ-ਨਾਲ ਨੇਪਾਲ ਨਾਲ ਲੱਗਦੀ ਸਰਹੱਦ ਨੂੰ ਸੀਲ ਕਰ ਕੇ ਚੈਕਿੰਗ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਭਗੌੜੇ ਅੰਮ੍ਰਿਤਪਾਲ ਤੇ ਉਸਦੇ ਚਾਰ ਸਾਥੀਆਂ ਦੇ ਪੋਸਟਰ ਜਨਤਕ ਥਾਵਾਂ ’ਤੇ ਚਿਪਕਾਏ ਗਏ ਹਨ। ਫਰਾਰ ਹੋਏ ਅੰਮ੍ਰਿਤਪਾਲ ਦੇ ਟਿਕਾਣੇ ਲਖੀਮਪੁਰ ਖੇੜੀ ਦਾ ਸੁਰਾਗ ਮਿਲਣ ਦੀ ਸੂਚਨਾ ਤੋਂ ਬਾਅਦ ਵਾਹਨਾਂ ਦੇ ਨਾਲ-ਨਾਲ ਪੈਦਲ ਚੱਲਣ ਵਾਲਿਆਂ ’ਤੇ ਵੀ ਨਜ਼ਰ ਰੱਖ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਿਸ ਨੇ ਉੱਤਰ ਪ੍ਰਦੇਸ਼ ਨੂੰ ਜਾਣ ਵਾਲੀਆਂ ਛੋਟੀਆਂ ਸੜਕਾਂ ’ਤੇ ਚੈਕਿੰਗ ਸ਼ੁਰੂ ਕਰ ਦਿੱਤੀ ਹੈ ਤਾਂ ਜੋ ਉਹ ਜ਼ਿਲ੍ਹੇ ਵਿੱਚ ਦਾਖਲ ਨਾ ਹੋ ਸਕਣ। ਐੱਸਐੱਸਪੀ ਮੰਜੂਨਾਥ ਟੀਸੀ ਨੇ ਦੱਸਿਆ ਕਿ ਯੂਪੀ ਨਾਲ ਲੱਗਦੀਆਂ ਸਾਰੀਆਂ ਸਰਹੱਦਾਂ ’ਤੇ ਸਖ਼ਤ ਚੈਕਿੰਗ ਕੀਤੀ ਜਾ ਰਹੀ ਹੈ।
ਇੰਟਰਨੈੱਟ ਮੀਡੀਆ ’ਤੇ 40 ਤੋਂ ਵੱਧ ਸਮਰਥਕਾਂ ਦੀ ਨਿਸ਼ਾਨਦੇਹੀ
ਅੰਮ੍ਰਿਤਪਾਲ ਦੇ ਫ਼ਰਾਰ ਹੋਣ ਤੋਂ ਬਾਅਦ ਖੁਫੀਆ ਏਜੰਸੀ ਦਾ ਸਾਈਬਰ ਸੈੱਲ ਤੇ ਪੁਲਿਸ, ਇੰਟਰਨੈੱਟ ਮੀਡੀਆ ’ਤੇ ਨਜ਼ਰ ਰੱਖ ਰਹੀ ਹੈ। ਅੰਮ੍ਰਿਤਪਾਲ ਸਿੰਘ ਨੂੰ ਫਾਲੋ ਅਤੇ ਲਾਈਕ ਕਰਨ ਵਾਲਿਆਂ ਨੂੰ ਇੰਟਰਨੈੱਟ ਮੀਡੀਆ ਵਿਚ ਮਾਰਕ ਕੀਤਾ ਜਾ ਰਿਹਾ ਹੈ। ਜਿਸ ਤੋਂ ਬਾਅਦ ਪੁਲਿਸ ਤੇ ਖੁਫੀਆ ਏਜੰਸੀਆਂ ਉਨ੍ਹਾਂ ਦੀ ਸ਼ਨਾਖ਼ਤ ਕਰ ਕੇ ਕਾਊਂਸਲਿੰਗ ਕਰ ਰਹੀ ਹੈ। ਪੁਲਿਸ ਅਧਿਕਾਰੀਆਂ ਮੁਤਾਬਕ ਉਧਮ ਸਿੰਘ ਨਗਰ ਜ਼ਿਲ੍ਹੇ ਵਿਚ ਇਕ ਹਫਤੇ ਵਿਚ ਹੀ 40 ਤੋਂ ਜ਼ਿਆਦਾ ਅਨਸਰਾਂ ਦੀ ਪਛਾਣ ਕੀਤੀ ਗਈ ਹੈ। ਇਨ੍ਹਾਂ ’ਚੋਂ ਕੁਝ ਲੋਕਾਂ ਨੂੰ ਟਰੇਸ ਕਰ ਕੇ ਉਨ੍ਹਾਂ ਦੀ ਕਾਊਂਸਲਿੰਗ ਕੀਤੀ ਗਈ ਹੈ।