ਸਟੇਟ ਬਿਊਰੋ, ਦੇਹਰਾਦੂਨ : ਆਖ਼ਰਕਾਰ ਲੰਮੇ ਸਮੇਂ ਤੋਂ ਕੈਬਨਿਟ ਮੰਤਰੀ ਡਾ. ਹਰਕ ਸਿੰਘ ਰਾਵਤ ਨੂੰ ਝੱਲਦੀ ਆ ਰਹੀ ਭਾਜਪਾ ਨੇ ਉਨ੍ਹਾਂ ਛੇ ਸਾਲ ਲਈ ਪਾਰਟੀ ਤੋਂ ਬਰਖ਼ਾਸਤ ਕਰ ਦਿੱਤਾ। ਇਸ ਨਾਲ ਹਰਕ ਆਪਣੇ ਆਪ ਹੀ ਮੰਤਰੀ ਮੰਡਲ ਤੋਂ ਵੀ ਬਰਖ਼ਾਸਤ ਹੋ ਗਏ। ਮੰਤਰੀ ਮੰਡਲ ਤੋਂ ਹਟਾਏ ਜਾਣ ਦੀ ਸੂਚਨਾ ਸਰਕਾਰ ਨੇ ਰਾਜ ਭਵਨ ਨੂੰ ਤੁਰੰਤ ਭੇਜ ਦਿੱਤੀ।
ਦਾਅਵੇਦਾਰਾਂ ਦੇ ਪੈਨਲ ਦੇ ਸਿਲਸਿਲੇ ’ਚ ਦਿੱਲੀ ’ਚ ਹੋਈ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਦੀ ਬੈਠਕ ’ਚ ਇਹ ਫ਼ੈਸਲਾ ਲਿਆ ਗਿਆ। ਸੂਬਾ ਪ੍ਰਧਾਨ ਮਦਨ ਕੌਸ਼ਿਕ ਨੇ ਇਸ ਦੀ ਪੁਸ਼ਟੀ ਕੀਤੀ। ਦੱਸਿਆ ਜਾ ਰਿਹਾ ਹੈ ਕਿ ਹਰਕ ਪਰਿਵਾਰ ਲਈ ਤਿੰਨ ਟਿਕਟ ਮੰਗ ਰਹੇ ਸਨ, ਜਿਸ ਨੂੰ ਕੇਂਦਰੀ ਲੀਡਰਸ਼ਿਪ ਨੇ ਖਾਰਜ ਕਰ ਕੇ ਉਨ੍ਹਾਂ ਨੂੰ ਬਾਹਰ ਦਾ ਰਸਤਾ ਵਿਖਾਉਣਾ ਬਿਹਤਰ ਸਮਝਿਆ। ਹਰਕ ਐਤਵਾਰ ਨੂੰ ਹੀ ਵਿਧਾਇਕ ਉਮੇਸ਼ ਸ਼ਰਮਾ ਦਿੱਲੀ ਪਹੁੰਚੇ ਸਨ। ਹਰਕ ਦਾ ਕਹਿਣਾ ਸੀ ਕਿ ਉਹ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕਰਨਗੇ।
ਸੋਮਵਾਰ ਨੂੰ ਕਾਂਗਰਸ ਦਾ ਪੱਲਾ ਫੜਨ ਦੀ ਚਰਚਾ
ਦਿੱਲੀ ਰਵਾਨਾ ਹੋਣ ਦੌਰਾਨ ਹਰਕ ਸਿੰਘ ਰਾਵਤ ਦੇ ਨਾਲ ਦੇਹਰਾਦੂਨ ਦੇ ਰਾਏਪੁਰ ਵਿਧਾਨ ਸਭਾ ਸੀਟ ਤੋਂ ਉਮੇਸ਼ ਸ਼ਰਮਾ ਕਾਊ ਵੀ ਹੈ। ਦੱਸਿਆ ਹੈ ਕਿ ਹਰਕ ਸਿੰਘ ਰਾਵਤ ਦੇਰ ਰਾਤ ਨੂੰ ਕਾਂਗਰਸ ਦੀ ਪ੍ਰਧਾਨ ਸੋਨੀਆ ਗਾਂਧੀ ਨਾਲ ਮੁਲਾਕਾਤ ਕਰਨ ਜਾ ਰਹੇ ਹਨ। ਕੱਲ੍ਹ ਭਾਵ ਸੋਮਵਾਰ ਨੂੰ ਉਨ੍ਹਾਂ ਦੇ ਕਾਂਗਰਸ ’ਚ ਸ਼ਾਮਲ ਹੋਣ ਦੀ ਵੀ ਚਰਚਾ ਚੱਲ ਰਹੀ ਹੈ। ਹਾਲਾਂਕਿ ਮੰਨਿਆ ਜਾ ਰਿਹਾ ਹੈ ਕਿ ਜਿਸ ਤਰ੍ਹਾਂ ਨਾਲ ਹਰਕ ਸਿੰਘ ਰਾਵਤ ਨੇ ਭਾਜਪਾ ਦੇ ਸਾਹਮਣੇ ਟਿਕਟਾਂ ਦੀ ਸ਼ਰਤ ਰੱਖੀ ਸੀ, ਜੇਕਰ ਉਹ ਕਾਂਗਰਸ ਦੇ ਸਾਹਮਣੇ ਵੀ ਇਹ ਸ਼ਰਤ ਰੱਖਦੇ ਹਨ ਤਾਂ ਇਹ ਕਾਂਗਰਸ ਲਈ ਵੀ ਮੁਸ਼ਕਿਲ ਹੋ ਸਕਦਾ ਹੈ।