ਨਵੀਂ ਦਿੱਲੀ (ਪੀਟੀਆਈ) : ਕੇਂਦਰ ਸਰਕਾਰ ਨੇ ਇਕ ਨੋਟਿਸ ਜਾਰੀ ਕਰ ਕੇ ਇੰਟਰਨੈੱਟ ਮੀਡੀਆ ਪਲੇਟਫਾਰਮਾਂ ਨੂੰ ਉਦੈਪੁਰ ’ਚ ਦਰਜ਼ੀ ਕਨ੍ਹਈਆ ਲਾਲ ਦੀ ਤਾਲਿਬਾਨੀ ਸ਼ੈਲੀ ’ਚ ਕੀਤੀ ਗਈ ਹੱਤਿਆ ਨੂੰ ਸਹੀ ਠਹਿਰਾਉਣ, ਉਤਸ਼ਾਹਿਤ ਕਰਨ ਤੇ ਮਹਿਮਾ ਗਾਉਣ ਵਾਲੀ ਵਿਸ਼ਾ ਸਮੱਗਰੀ ਨੂੰ ਇੰਟਰਨੈੱਟ ਤੋਂ ਤੁਰੰਤ ਹਟਾਉਣ ਦਾ ਨਿਰਦੇਸ਼ ਦਿੱਤਾ ਹੈ।
ਉਦੈਪੁਰ ਦੀ ਘਟਨਾ ਤੋਂ ਬਾਅਦ ਕੇਂਦਰ ਸਰਕਾਰ ਦੀ ਇੰਟਰਨੈੱਟ ਮੀਡੀਆ ਪਲੇਟਫਾਰਮਾਂ ’ਤੇ ਤਿੱਖੀ ਨਜ਼ਰ ਹੈ। ਇਲੈਕਟ੍ਰਾਨਿਕਸ ਤੇ ਆਈਟੀ ਮੰਤਰਾਲੇ ਨੇ ਇਕ ਨੋਟਿਸ ਜਾਰੀ ਕਰ ਕੇ ਇੰਟਰਨੈੱਟ ਮੀਡੀਆ ਪਲੇਟਫਾਰਮਾਂ ਤੋਂ ਉਦੈਪੁਰ ’ਚ ਜ਼ਾਲਮਾਨਾ ਤਰੀਕੇ ਨਾਲ ਕੀਤੀ ਗਈ ਹੱਤਿਆ ਨੂੰ ਉਤਸ਼ਾਹਿਤ ਕਰਨ ਤੇ ਮਹਿਮਾ ਗਾਉਣ ਜਾਂ ਇਸ ਨੂੰ ਸਹੀ ਠਹਿਰਾਉਣ ਵਾਲੀ ਸਮੱਗਰੀ ਨੂੰ ਤੁਰੰਤ ਹਟਾਉਣ ਲਈ ਕਿਹਾ ਹੈ।
ਰਾਜਸਥਾਨ ਦੇ ਉਦੈਪੁਰ ਦੇ ਰਹਿਣ ਵਾਲੇ ਦਰਜ਼ੀ ਕਨ੍ਹਈਆ ਲਾਲ ਦੀ ਕਥਿਤ ਵਿਵਾਦਮਈ ਇੰਟਰਨੈੱਟ ਮੀਡੀਆ ਪੋਸਟ ਨੂੰ ਲੈ ਕੇ ਮੰਗਲਵਾਰ ਨੂੰ ਦਿਨ-ਦਿਹਾੜੇ ਗਾਹਕ ਬਣ ਕੇ ਆਏ ਦੋ ਲੋਕਾਂ ਰਿਆਜ਼ ਅਖ਼ਤਰੀ ਤੇ ਗੌਸ ਮੁਹੰਮਦ ਨੇ ਸਿਰ ਕਲਮ ਕਰ ਕੇ ਹੱਤਿਆ ਕਰ ਦਿੱਤੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਸਿਰ ਕੱਟਣ ਦੀ ਜ਼ਿੰਮੇਵਾਰੀ ਲੈਂਦਿਆਂ ਇਸ ਅਪਰਾਧ ਦੀ ਵੀਡੀਓ ਇੰਟਰਨੈੱਟ ਮੀਡੀਆ ’ਤੇ ਵੀ ਪੋਸਟ ਕੀਤੀ ਸੀ। ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐੱਨਆਈਏ) ਰਾਜਸਥਾਨ ਪੁਲਿਸ ਦਾ ਅੱਤਵਾਦ ਰੋਕੂ ਦਸਤਾ (ਏਟੀਐੱਮ) ਤੇ ਸਪੈਸ਼ਲ ਆਪਰੇਸ਼ਨ ਗਰੁੱਪ (ਐੱਸਓਜੀ) ਦੇ ਸਹਿਯੋਗ ਨਾਲ ਮਾਮਲੇ ਦੀ ਜਾਂਚ ਕਰ ਰਹੀ ਹੈ।
ਸਰਕਾਰ ਵੱਲੋਂ 29 ਜੂਨ ਨੂੰ ਜਾਰੀ ਨੋਟਿਸ ’ਚ ਕਿਹਾ ਗਿਆ ਹੈ ਕਿ ਇਸ ਨੋਟਿਸ ਜ਼ਰੀਏ ਤੁਹਾਨੂੰ ਤੁਰੰਤ ਇਹ ਯਕੀਨੀ ਬਣਾਉਣ ਦਾ ਨਿਰਦੇਸ਼ ਦਿੱਤਾ ਜਾਂਦਾ ਹੈ ਕਿ ਉਦੈਪੁਰ ਦੀ ਘਟਨਾ ਦੇ ਮੱਦੇਨਜ਼ਰ ਸੁਰੱਖਿਆ ਤੇ ਭਰੋਸੇ ਦੀ ਜ਼ਿੰਮੇਵਾਰੀ ਨਿਭਾਉਂਦੇ ਹੋਏ ਤੁਸੀਂ ਸਾਰੀ ਸਮੱਗਰੀ ਨੂੰ ਜੋ ’ਚ ਆਡੀਓ, ਵੀਡੀਓ, ਤਸਵੀਰ ਜਾਂ ਕਿਸੇ ਵੀ ਰੂਪ ’ਚ ਤੁਰੰਤ ਹਟਾ ਦਿਓ ਜੋ ਇਸ ਹੱਤਿਆ ਤੇ ਹੱਤਿਆ ਨੂੰ ਉਤਸ਼ਾਹਿਤ ਕਰਨ ਤੇ ਸਹੀ ਠਹਿਰਾਉਂਦੇ ਹਨ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਭੜਕਾਹਟ ਤੇ ਜਨਤਕ ਵਿਵਸਥਾ ’ਚ ਰੁਕਾਵਟ ਨੂੰ ਰੋਕਿਆ ਜਾ ਸਕੇ ਅਤੇ ਸ਼ਾਂਤੀ ਤੇ ਸਦਭਾਵਨਾ ਬਹਾਲ ਕੀਤੀ ਜਾ ਸਕੇ।
ਕਨ੍ਹਈਆ ਲਾਲ ਦੀ ਹੱਤਿਆ ਦੀ ਸਾਜ਼ਿਸ਼ ਦੇ ਦੋਸ਼ ’ਚ ਵੀਰਵਾਰ ਰਾਤ ਨੂੰ ਦੋ ਲੋਕਾਂ ਨੂੰ ਗਿ੍ਰਫ਼ਤਾਰ ਕੀਤਾ ਗਿਆ ਤੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਗਿ੍ਰਫ਼ਤਾਰ ਮੁਲਜ਼ਮਾਂ ਦੀ ਪਛਾਣ ਮੋਹਸਿਨ ਤੇ ਆਸਿਫ ਵਜੋਂ ਹੋਈ ਹੈ।