ਜ.ਸ., ਨਵੀਂ ਦਿੱਲੀ : ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਨੇ ਦਿੱਲੀ-ਐੱਨਸੀਆਰ ਤੇ ਪੰਜਾਬ ਦੇ ਗੈਂਗਸਟਰਾਂ ਨੂੰ ਨਾਜਾਇਜ਼ ਹਥਿਆਰ ਮੁਹੱਈਆ ਕਰਾਉਣ ਵਾਲੇ ਦੋ ਤਸਕਰਾਂ ਨੂੰ ਕਾਬੂ ਕੀਤਾ ਹੈ। ਮੁਲਜ਼ਮ ਸ਼ਿਵ ਕਰਨ ਸਿੰਘ ਗੁਰਦਾਸਪੁਰ ਦੇ ਗਿਲਨ ਪਿੰਡ ਦਾ ਰਹਿਣ ਵਾਲਾ ਹੈ, ਜਦਕਿ ਸੁਖਰਾਜ ਸਿੰਘ ਉਸੇ ਜ਼ਿਲ੍ਹੇ ਦੇ ਪੱਡਾ ਪਿੰਡ ਦਾ ਰਹਿਣ ਵਾਲਾ ਹੈ। ਪੁਲਿਸ ਨੇ ਇਨ੍ਹਾਂ ਦੇ ਕਬਜ਼ੇ 'ਚੋਂ ਅੱਠ ਪਿਸਤੌਲ ਤੇ ਵੀਹ ਕਾਰਤੂਸ ਬਰਾਮਦ ਕੀਤੇ ਹਨ। ਮੁਲਜ਼ਮ ਮੱਧ ਪ੍ਰਦੇਸ਼ ਦੇ ਖਰਗੋਨ ਤੋਂ ਹਥਿਆਰ ਖਰੀਦਦੇ ਸਨ।
ਡੀਸੀਪੀ ਰਾਜੀਵ ਰੰਜਨ ਸਿੰਘ ਅਨੁਸਾਰ ਏਸੀਪੀ ਵੇਦ ਪ੍ਰਕਾਸ਼ ਦੀ ਨਿਗਰਾਨੀ 'ਚ ਇੰਸਪੈਕਟਰ ਵਿਵੇਕਾਨੰਦ ਪਾਠਕ ਤੇ ਇੰਸਪੈਕਟਰ ਕੁਲਦੀਪ ਸਿੰਘ ਦੀ ਅਗਵਾਈ 'ਚ ਪੁਲਿਸ ਟੀਮ ਨੇ ਸੂਚਨਾ ਦੇ ਆਧਾਰ 'ਤੇ ਬਾਹਰੀ ਦਿੱਲੀ ਦੇ ਸੰਜੈ ਗਾਂਧੀ ਟਰਾਂਸਪੋਰਟ ਨਗਰ ਤੋਂ ਦੋਵਾਂ ਤਸਕਰਾਂ ਨੂੰ ਕਾਬੂ ਕੀਤਾ। ਸ਼ਿਵ ਕਰਨ ਦੋ ਸਾਲਾਂ ਤੋਂ ਹਥਿਆਰਾਂ ਦੀ ਤਸਕਰੀ ਕਰ ਰਿਹਾ ਸੀ, ਜਦਕਿ ਸੁਖਰਾਦ ਸਿੰਘ ਤਿੰਨ ਸਾਲਾਂ ਤੋਂ ਨਾਜਾਇਜ਼ ਹਥਿਆਰਾਂ ਦੀ ਤਸਕਰੀ ਨਾਲ ਜੁੜਿਆ ਹੋਇਆ ਸੀ।
12 ਤੋਂ 15 ਹਜ਼ਾਰ 'ਚ ਖਰੀਦਦੇ ਸਨ ਹਥਿਆਰ
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸ਼ਿਵ ਕਰਨ ਸੁਖਰਾਜ ਦੇ ਸੰਪਰਕ 'ਚ ਦੋ ਸਾਲ ਪਹਿਲਾਂ ਆਇਆ ਸੀ। ਇਸ ਤੋਂ ਬਾਅਦ ਦੋਵੇਂ ਮੱਧ ਪ੍ਰਦੇਸ਼ ਦੇ ਖਰਗੋਨ ਇਲਾਕੇ ਤੋਂ ਹਥਿਆਰ ਖਰੀਦਣ ਲੱਗੇ। ਉਥੋਂ ਇਹ 12 ਤੋਂ 15 ਹਜ਼ਾਰ ਰੁਪਏ 'ਚ ਪਿਸਤੌਲ ਤੇ ਕਾਰਤੂਸ ਖਰੀਦਦੇ ਸਨ ਤੇ ਦਿੱਲੀ-ਐੱਨਸੀਆਰ ਤੇ ਪੰਜਾਬ 'ਚ 25 ਤੋਂ 30 ਹਜ਼ਾਰ ਰੁਪਏ 'ਚ ਵੇਚ ਦਿੰਦੇ ਸਨ।
ਇਜ਼ਰਾਇਲ ਦੇ ਪਿਸਤੌਲ ਦੀ ਨਕਲ ਬਣਾਈ
ਪੁੱਛਗਿੱਛ 'ਚ ਪਤਾ ਲੱਗਾ ਕਿ ਮੁਲਜ਼ਮਾਂ ਨੇ ਇਜ਼ਰਾਇਲ 'ਚ ਬਣਨ ਵਾਲੇ ਆਧੁਨਿਕ ਯੂਜ਼ੈੱਡਆਈ ਪਿਸਤੌਲ ਦੀ ਨਕਲ ਵੀ ਬਣਾਈ ਸੀ। ਇਸ਼ ਪਿਸਤੌਲ ਦੀ ਕੀਮਤ ਲੱਖਾਂ 'ਚ ਹੈ। ਅਜਿਹੇ 'ਚ ਮੁਲਜ਼ਮ ਇਸ ਪਿਸਤੌਲ ਨੂੰ ਮਹਿੰਗੇ ਭਾਅ 'ਤੇ ਵੇਚਣਾ ਚਾਹੁੰਦੇ ਸਨ।