ਸ਼ੈਲੇਸ਼ ਅਸਥਾਨਾ, ਵਾਰਾਣਸੀ : ਇੰਗਲੈਂਡ ਦੇ ਇੱਕ ਪੱਬ ਵਿੱਚੋਂ ਮਿਲੀ ਹੌਲਦਾਰ ਆਲਮ ਬੇਗ ਦੀ ਖੋਪਡ਼ੀ ਅੰਮ੍ਰਿਤਸਰ ਦੇ ਅਜਨਾਲਾ ਵਿੱਚ ਅੰਗਰੇਜ਼ਾਂ ਦੀ ਬੇਰਹਿਮੀ ਦਾ ਸਬੂਤ ਹੈ। ਇਸ ਨੂੰ ਬਰਤਾਨਵੀ ਅਫਸਰਾਂ ਗ੍ਰਿਸਲੇ ਟਰਾਫੀ ਬਣਾ ਕੇ ਬ੍ਰਿਟੇਨ ਦੀ ਮਹਾਰਾਣੀ ਨੂੰ ਭੇਟ ਕਰਨ ਲਈ ਲੈ ਗਏ ਸੀ। ਬਾਅਦ ਵਿਚ ਇਸ ਨੂੰ ਸ਼ਰਾਬੀਆਂ ਨੇ ਮਜ਼ਾਕ ਉਡਾਉਣ ਦੇ ਮਕਸਦ ਨਾਲ ਇਕ ਪੱਬ ਵਿਚ ਰੱਖ ਲਿਆ ਸੀ। ਖੋਪਡ਼ੀ ਦੀ ਅੱਖ ਦੇ ਖੋਲ ਵਿੱਚ ਇੱਕ ਪਰਚੀ ’ਤੇ ਉਸ ਬਹਾਦਰ ਦੀ ਬ੍ਰਿਟਿਸ਼ ਸਲਤਨਤ ਦੇ ਗੱਦਾਰ ਵਜੋਂ ਜਾਣ-ਪਛਾਣ ਲਿਖੀ ਹੋਈ ਸੀ।
ਇਹ ਇਤਫ਼ਾਕ ਸੀ ਕਿ 2014 ਵਿੱਚ ਹੀ ਅਜਨਾਲਾ ਵਿੱਚ ਉਸ ਮੰਦਭਾਗੇ ਖੂਹ ਦੀ ਖੋਜ ਹੋਈ ਸੀ, ਦੂਜੇ ਪਾਸੇ ਬ੍ਰਿਟਿਸ਼ ਇਤਿਹਾਸਕਾਰ ਪ੍ਰੋ. ਕਿਮ ਏ. ਵਗਨਰ ਦੇ ਹੱਥ ਆਲਮ ਦੀ ਖੋਪਡ਼ੀ ਲੱਗੀ। ਫਿਰ ਖੋਜ ਕਰਨ ਤੋਂ ਬਾਅਦ ਉਸ ਨੇ ਨਾ ਸਿਰਫ਼ ਇਸ ਦਾ ਪੂਰਾ ਇਤਿਹਾਸ ਕੱਢਿਆ, ਸਗੋਂ ਇੱਕ ਕਿਤਾਬ ਵੀ ਲਿਖੀ। ਹਵਲਦਾਰ ਆਲਮ ਬੇਗ ਬ੍ਰਿਟਿਸ਼ ਫੌਜ ਦਾ ਭਾਰਤੀ ਸਿਪਾਹੀ ਸੀ, ਉਹ ਉਨ੍ਹਾਂ 500 ਸਿਪਾਹੀਆਂ ਵਿੱਚ ਸ਼ਾਮਲ ਸੀ ਜੋ ਮਿਆਂਮੀਰ (ਹੁਣ ਪਾਕਿਸਤਾਨ ਵਿੱਚ) ਵਿੱਚ ਤਾਇਨਾਤ ਸਨ। 1857 ਦੀ ਪਹਿਲੀ ਆਜ਼ਾਦੀ ਦੀ ਜੰਗ ਵਿੱਚ ਜਦੋਂ ਇਹ ਫ਼ੌਜੀ ਪੂਰਬੀ ਪੰਜਾਬ ਵੱਲ ਵਧ ਰਹੇ ਸਨ ਤਾਂ ਅੰਗਰੇਜ਼ੀ ਫ਼ੌਜ ਨੇ ਜੰਮੂ ਵਿੱਚ ਰਾਵੀ ਦਰਿਆ ਦੇ ਕੰਢੇ ਇਨ੍ਹਾਂ ਵਿੱਚੋਂ 218 ਨੂੰ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਸੀ ਅਤੇ 237 ਨੂੰ ਅਜਨਾਲਾ ਵਿੱਚ, 14 ਨੂੰ ਜਿਊਂਦੇ ਖੂਹ ਵਿਚ ਦਫ਼ਨਾ ਦਿੱਤਾ ਸੀ। ਇਨ੍ਹਾਂ ਸਿਪਾਹੀਆਂ ਦਾ ਆਗੂ ਆਲਮ ਬੇਗ ਭੱਜਣ ’ਚ ਕਾਮਯਾਬ ਰਿਹਾ ਸੀ। ਬਾਅਦ ਵਿਚ ਅੰਗਰੇਜ਼ ਉਸ ਨੂੰ ਕਾਨਪੁਰ ਤੋਂ ਫਡ਼ ਕੇ ਸਿਆਲਕੋਟ ’ਚ ਤੋਪ ਦੇ ਮੂੰਹ ਨਾਲ ਬੰਨ੍ਹ ਕੇ ਉਡਾ ਦਿੱਤਾ ਸੀ। ਇਸ ਤੋਂ ਬਾਅਦ ਉਸ ਦੀ ਖੋਪਡ਼ੀ ਨੂੰ ਪਾਣੀ ਵਿਚ ਉਬਾਲ ਕੇ ਚਮਡ਼ੀ ਲਾਹੀ ਤੇ ਗ੍ਰਿਸਲੇ ਟਰਾਫੀ ਬਣਾਉਣ ਤੋਂ ਬਾਅਦ ਇਸ ਨੂੰ ਬ੍ਰਿਟੇਨ ਦੀ ਮਹਾਰਾਣੀ ਨੂੰ ਭੇਟ ਕਰਨ ਲਈ ਅੰਗਰੇਜ਼ ਇੰਗਲੈਂਡ ਲੈ ਗਏ। ਬਾਅਦ ਵਿੱਚ ਇੱਕ ਪੱਬ ਵਿੱਚ ਸਜਾ ਦਿੱਤੀ ਗਈ।
ਇਤਿਹਾਸਕਾਰ ਨੂੰ ਇੰਝ ਮਿਲੀ ਖੋਪਰੀ :
2014 ’ਚ ਇੰਗਲੈਂਡ ਦੇ ਏਸੇਕਸ ਸ਼ਹਿਰ ’ਚ ਸਥਿਤ ਲਾਰਡ ਕਲਾਈਡ ਦਾ ਪੱਬ ਵਿਕਣ ਲੱਗਾ ਉਥੇ ਰੱਖੀ ਇਸ ਖੋਪਡ਼ੀ ਨੂੰ ਇਤਿਹਾਸਕ ਜਾਣ ਕੇ ਪੱਬ ਦੇ ਮਾਲਕ ਨੇ ਇਤਿਹਾਸਕਾਰ ਪ੍ਰੋ. ਕਿਮ ਏ ਵਗਨਰ ਨੂੰ ਦੇ ਦਿੱਤਾ। ਪ੍ਰੋ. ਵਗਨਰ ਨੂੰ ਉਸ ਖੋਪਡ਼ੀ ਦੀ ਅੱਖ ਦੇ ਕੋਚਰ ’ਚੋਂ ਇਕ ਪਰਚੀ ਮਿਲੀ ਜਿਸ ਵਿੱਚ ਉਸ ਬਹਾਦਰ ਸਿਪਾਹੀ ਦੀ ਪੂਰੀ ਕਹਾਣੀ ਲਿਖੀ ਹੋਈ ਸੀ। ਇਸ ਨੂੰ ਪਡ਼੍ਹ ਕੇ ਉਸ ਨੇ ਖੁਦ ਇਸ ਬਾਰੇ ਖੋਜ ਵੀ ਕੀਤੀ। ਅਜਨਾਲਾ ਬਾਰੇ ਚੱਲ ਰਹੀ ਖੋਜ ਬਾਰੇ ਜਾਣਿਆ ਅਤੇ ਪੰਜਾਬ ਯੂਨੀਵਰਸਿਟੀ ਦੇ ਪ੍ਰੋ. ਸਹਿਰਾਵਤ ਨਾਲ ਸੰਪਰਕ ਕਾਇਮ ਕੀਤਾ।
ਛੇਤੀ ਹੀ ਭਾਰਤ ਆਵੇਗੀ ਆਲਮ ਦੀ ਖੋਪਡ਼ੀ
ਪੰਜਾਬ ਦੇ ਅਜਨਾਲਾ ’ਚ ਮਿਲੇ ਪਿੰਜਰ ’ਤੇ ਖੋਜ ਟੀਮ ’ਚ ਸ਼ਾਮਲ ਬੀਐੱਚਯੂ ਦੇ ਪ੍ਰੋ. ਗਿਆਨੇਸ਼ਵਰ ਚੌਬੇ ਨੇ ਦੱਸਿਆ ਕਿ ਪ੍ਰੋ. ਵਗਨਰ ਭਾਰਤੀ ਇਤਿਹਾਸ ਤੋਂ ਬਹੁਤ ਪ੍ਰਭਾਵਿਤ ਹੈ। ਉਹ ਆਲਮ ਦੀ ਖੋਪਰੀ ਇੱਥੇ ਲੈ ਕੇ ਆਉਣਗੇ ਅਤੇ ਧਾਰਮਿਕ ਰੀਤੀ-ਰਿਵਾਜਾਂ ਅਨੁਸਾਰ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ।
ਕੀ ਲਿਖਿਆ ਸੀ ਕੋਟਰ ਦੀ ਪਰਚੀ ਵਿੱਚ
ਇਹ ਆਲਮ ਬੇਗ ਦੀ ਖੋਪਡ਼ੀ ਹੈ ਜੋ ਬੰਗਾਲ ਦੀ 46ਵੀਂ ਇਨਫੈਂਟਰੀ ਵਿੱਚ ਸਾਰਜੈਂਟ ਸੀ। ਉਸ ਨੂੰ ਰੈਜੀਮੈਂਟ ਦੇ ਬਹੁਤ ਸਾਰੇ ਲੋਕਾਂ ਸਮੇਤ ਬ੍ਰਿਟਿਸ਼ ਸਰਕਾਰ ਨੇ ਤੋਪਾਂ ਨਾਲ ਉਡਾ ਦਿੱਤਾ ਸੀ। ਉਹ 1857 ਦੇ ਵਿਦਰੋਹ ਦਾ ਸਭ ਤੋਂ ਵੱਡਾ ਬਾਗੀ ਸੀ। ਉਸ ਨੇ ਆਪਣੇ ਗਿਰੋਹ ਨਾਲ ਮਿਲ ਕੇ ਡਾਕਟਰ ਗ੍ਰਾਹਮ (ਜੋ ਆਪਣੀ ਧੀ ਨਾਲ ਬੱਘੀ ਵਿੱਚ ਜਾ ਰਿਹਾ ਸੀ) ਨੂੰ ਬੇਰਹਿਮੀ ਨਾਲ ਮਾਰ ਦਿੱਤਾ। ਉਸ ਦਾ ਅਗਲਾ ਸ਼ਿਕਾਰ ਮਿ. ਹੰਟਰ ਸੀ, ਜੋ ਆਪਣੀ ਪਤਨੀ ਅਤੇ ਬੱਚਿਆਂ ਨਾਲ ਉਸੇ ਰਾਹ ’ਤੇ ਜਾ ਰਿਹਾ ਸੀ। ਉਸਨੇ ਮਿ. ਹੰਟਰ ਨੂੰ ਉਸ ਦੀ ਪਤਨੀ ਅਤੇ ਬੱਚਿਆਂ ਸਮੇਤ ਬੇਰਹਿਮੀ ਨਾਲ ਮਾਰ ਦਿੱਤਾ ਸੀ। ਆਲਮ ਬੇਗ ਦੀ ਉਮਰ 32 ਸਾਲ ਦੇ ਕਰੀਬ ਸੀ। ਉਹ ਪੰਜ ਫੁੱਟ, ਸਾਢੇ ਸੱਤ ਇੰਚ ਲੰਬਾ ਸੀ। ਇਹ ਖੋਪਡ਼ੀ ਇੱਥੇ ਕੈਪਟਨ ਏ.ਆਰ. ਕਾਸਟੇਲੋ ਨੇ ਲਿਆਂਦੀ ਗਈ ਸੀ ਜੋ ਸਿਆਲਕੋਟ ਵਿੱਚ ਆਲਮ ਬੇਗ ਨੂੰ ਉਡਾਉਣ ਸਮੇਂ ਡਿਊਟੀ ’ਤੇ ਸਨ।