ਸੁਰਿੰਦਰ ਪ੍ਰਸਾਦ ਸਿੰਘ, ਨਵੀਂ ਦਿੱਲੀ : ਕੇਂਦਰੀ ਗ੍ਰਹਿ ਮੰਤਰਾਲੇ ਦੀ ਸਮੀਖਿਆ ਦੇ ਬਾਅਦ ਵੱਖ ਵੱਖ ਮੰਤਰਾਲਿਆਂ ਤੇ ਵਿਭਾਗਾਂ ’ਚ ਪੁਰਸਕਾਰਾਂ ਦੀਆਂ ਰਿਓੜੀਆਂ ਵੰਡਣ ’ਤੇ ਰੋਕ ਲਗਾਈ ਜਾਣ ਲੱਗੀ ਹੈ। ਇਸੇ ਪੜਾਅ ’ਚ ਖੇਤੀ ਮੰਤਰਾਲੇ ਦੇ ਅਧੀਨ ਇੰਡੀਅਨ ਕੌਂਸਲ ਆਫ ਐਗਰੀਕਲਚਰਲ ਰਿਸਰਚ (ਆਈਸੀਏਆਰ) ਨੇ ਆਪਣੇ ਪੁਰਸਕਾਰਾਂ ਨੂੰ ਸੀਮਤ ਕਰਨ ਦਾ ਫੈਸਲਾ ਕੀਤਾ ਹੈ। ਆਈਸੀਏਆਰ ਫਿਲਹਾਲ 20 ਵਰਗਾਂ ’ਚ ਕੁੱਲ 159 ਐਵਾਰਡ ਵੰਡਦਾ ਹੈ, ਜਿਨ੍ਹਾਂ ਨੂੰ ਘਟਾ ਕੇ ਤਿੰਨ ਕਰ ਦਿੱਤਾ ਗਿਆ ਹੈ। ਇਨ੍ਹਾਂ ਪੁਰਸਕਾਰਾਂ ਦੀ ਥਾਂ ਖੇਤੀ ਯੂਨੀਵਰਸਿਟੀਆਂ, ਖੋਜ ਅਦਾਰਿਆਂ, ਡੀਮਡ ਯੂਨੀਵਰਸਿਟੀ, ਖੇਤੀ ਵਿਗਿਆਨ ਕੇਂਦਰਾਂ (ਕੇਵੀਕੇ) ਨੂੰ ਐਵਾਰਡ ਭਾਵ ਪੁਰਸਕਾਰ ਦੇਣ ਦੀ ਥਾਂ ਉਨ੍ਹਾਂ ਦੀ ਰੈਂਕਿੰਗ ਦਾ ਸੁਝਾਅ ਦਿੱਤਾ ਗਿਆ ਹੈ। ਕੇਂਦਰੀ ਪੱਧਰ ’ਤੇ ਵੰਡੇ ਜਾਣ ਵਾਲੇ ਪੁਰਸਕਾਰਾਂ ਦੇ ਮਤਲਬ ਦੀ ਡੂੰਘਾਈ ਨਾਲ ਸਮੀਖਿਆ ਦੇ ਬਾਅਦ ਗ੍ਰਹਿ ਮੰਤਰਾਲੇ ਨੇ ਸਾਰੇ ਮੰਤਰਾਲਿਆਂ ਨੂੰ ਇਸ ਬਾਰੇ ਫੈਸਲਾ ਲੈਣ ਦਾ ਨਿਰਦੇਸ਼ ਦਿੱਤਾ ਸੀ। ਖੇਤੀ ਮੰਤਰਾਲੇ ਨੇ ਇਸ ’ਤੇ ਅਮਲ ਕਰਦੇ ਹੋਏ ਇਹ ਫੈਸਲਾ ਲਿਆ ਹੈ। ਖੇਤੀ ਮੰਤਰਾਲੇ ਵੱਲੋਂ ਪੁਰਸਕਾਰ ਦੇਣ ਦੀ ਜ਼ਿੰਮੇਵਾਰੀ ਆਈਸੀਏਆਰ ਨਿਭਾਉਂਦਾ ਹੈ। ਇਸਦੀ ਗਿਣਤੀ ਸਾਲ ਦਰ ਸਾਲ ਵਧਣ ਲੱਗੀ ਸੀ। ਇਸਦੇ ਲਈ ਵਿਗਿਆਨੀਆਂ ਤੇ ਵੱਖ ਵੱਖ ਅਦਾਰਿਆਂ ਸਮੇਤ ਹੋਰ ਨਿੱਜੀ ਲੋਕਾਂ ਦੀ ਚੋਣ ਕੀਤੀ ਜਾਂਦੀ ਹੈ। ਜਾਰੀ ਆਦੇਸ਼ ’ਚ ਕਿਹਾ ਗਿਆ ਹੈ ਕਿ ਸਮਰੱਥ ਅਥਾਰਟੀ ਦੀ ਇਜਾਜ਼ਤ ਦੇ ਬਗੈਰ ਕੋਈ ਨਵਾਂ ਐਵਾਰਡ ਜਾਂ ਸਨਮਾਨ ਆਦਿ ਦੀ ਸ਼ੁਰੂਆਤ ਨਹੀਂ ਕੀਤੀ ਜਾ ਸਕਦੀ। ਜਿਨ੍ਹਾਂ ਤਿੰਨ ਪ੍ਰਮੁੱਖ ਕੈਟੇਗਰੀਆਂ ’ਚ ਪੁਰਸਕਾਰ ਦਿੱਤੇ ਜਾਣਗੇ ਉਨ੍ਹਾਂ ’ਚ ਪ੍ਰਗਤੀਸ਼ੀਲ ਕਿਸਾਨ, ਖੇਤੀ ਖੋਜ ਤੇ ਟੈਕਨਾਲੋਜੀ ਨੂੰ ਸ਼ਾਮਲ ਕੀਤਾ ਗਿਆ ਹੈ। ਹੋਰ ਸਾਰੀਆਂ ਕੈਟੇਗਰੀਆਂ ਤੇ ਐਵਾਰਡਾਂ ਨੂੰ ਤਤਕਾਲ ਪ੍ਰਭਾਵ ਨਾਲ ਖਤਮ ਕਰਨ ਦਾ ਫੈਸਲਾ ਕੀਤਾ ਗਿਆ ਹੈ। ਐਵਾਰਡ ਸਾਬਕਾ ਪ੍ਰਧਾਨ ਮੰਤਰੀਆਂ ਤੇ ਹੋਰ ਮਸ਼ਹੂਰ ਖੇਤੀ ਵਿਗਿਆਨੀਆਂ ਦੇ ਨਾਂ ’ਤੇ ਸ਼ੁਰੂ ਕੀਤੇ ਗਏ ਸਨ। ਸਾਲ 2014 ’ਚ ਕੁੱਲ 18 ਕੈਟੇਗਰੀਆਂ ’ਚ ਕੁੱਲ 82 ਲੋਕਾਂ ਨੂੰ ਐਵਾਰਡ ਦਿੱਤੇ ਗਏ ਸਨ। ਸਾਲ 2019 ’ਚ ਵੱਧ ਕੇ 20 ਕੈਟੇਗਰੀਆਂ ਤਕ ਹੋ ਗਈ, ਜਿਸ ਵਿਚ 159 ਲੋਕਾਂ ਨੂੰ ਐਵਾਰਡ ਦਿੱਤਾ ਗਿਆ। ਪਰ ਪਿਛਲੇ ਸਾਲ 2021 ’ਚ ਇਸਦੀ ਗਿਣਤੀ ਘਟਾ ਕੇ 15 ਕੈਟੇਗਰੀਆਂ ਕਰ ਦਿੱਤੀ ਗਈ।