ਜਾਗਰਣ ਸੰਵਾਦਦਾਤਾ, ਅਯੁੱਧਿਆ : ਰਾਮਚਰਿਤਮਾਨਸ ’ਚ ਜਿਸ ‘ਸ਼ੂਦਰ’ ਸ਼ਬਦ ਨੂੰ ਲੈ ਕੇ ਇਨ੍ਹੀਂ ਦਿਨੀਂ ਅਸਹਿਮਤੀ ਦੇ ਭਾਵ ਪ੍ਰਗਟ ਕੀਤੇ ਜਾ ਰਹੇ ਹਨ, ਉਹ ਅਸਲ ’ਚ ਸ਼ੂਦਰ ਨਹੀਂ ‘ਕਸ਼ੁਦਰ’ (ਛੋਟੇਪਨ ਨਾਲ ਸਬੰਧਤ) ਸ਼ਬਦ ਸੀ। ਇਹ ਦਾਅਵਾ ਕੀਤਾ ਹੈ ਸਾਬਕਾ ਆਈਪੀਐੱਸ ਅਧਿਕਾਰੀ, ਲੇਖਕ ਤੇ ਮਹਾਵੀਰ ਮੰਦਰ ਟਰੱਸਟ ਪਟਨਾ ਦੇ ਸਕੱਤਰ ਅਚਾਰਿਆ ਕਿਸ਼ੋਰ ਕੁਣਾਲ ਦਾ। ਉਨ੍ਹਾਂ ਪ੍ਰੈੱਸ ਨੋਟ ਜਾਰੀ ਕਰਕੇ 1810 ਈਸਵੀ ਵਿਚ ਕੋਲਕਾਤਾ ਦੇ ਵਿਲੀਅਮ ਫੋਰਟ ਤੋਂ ਪ੍ਰਕਾਸ਼ਿਤ ਅਤੇ ਪੰਡਿਤ ਸਦਲ ਮਿਸ਼ਰ ਵੱਲੋਂ ਸੰਪਾਦਿਤ ‘ਰਾਮਚਰਿਤਮਾਨਸ’ ਦੀ ਉਦਾਹਰਣ ਦਿੱਤੀ ਜਿਸ ਵਿਚ ਇਹ ਪਾਠ ‘ਢੋਲ ਗਵਾਰ ਸ਼ੂਦਰ ਪਸ਼ੂ ਨਾਰੀ’ ਦੇ ਰੂਪ ਵਿਚ ਹੈ।
ਅਚਾਰਿਆ ਕੁਣਾਲ ਨੇ ਇਹ ਵੀ ਯਾਦ ਦਿਵਾਇਆ ਕਿ ਸਦਲ ਮਿਸ਼ਰ ਬਿਹਾਰ ਦੇ ਪ੍ਰਸਿੱਧ ਵਿਦਵਾਨ ਸਨ ਅਤੇ ਉਨ੍ਹਾਂ ਵੱਲੋਂ ਸੰਪਾਦਿਤ ਰਾਮਚਰਿਤਮਾਨਸ ਦੀ ਸਭ ਤੋਂ ਪੁਰਾਣੀ ਪ੍ਰਕਾਸ਼ਿਤ ਪੁਸਤਕ ਹੈ। ਅਚਾਰਿਆ ਕੁਣਾਲ ਨੇ ਮਾਨਸ ਦੇ ਪ੍ਰਕਾਸ਼ਨ ਵਿਚ ਵੀ ਸ਼ੂਦਰ ਜਾਂ ਸੂਦਰ ਸ਼ਬਦ ਦੀ ਜਗ੍ਹਾ ਕਸ਼ੁਦਰ ਦੇ ਪ੍ਰਯੋਗ ਦੀ ਉਦਾਹਰਣ ਦਿੱਤੀ। ਉਨ੍ਹਾਂ ਦੱਸਿਆ ਕਿ 1830 ਈਸਵੀ ਵਿਚ ਕੋਲਕਾਤਾ ਦੇ ਏਸ਼ਿਯਾਟਿਕ ਲਿਓ ਕੰਪਨੀ ਤੋਂ ‘ਹਿੰਦੂ ਐਂਡ ਹਿੰਦੋਸਤਾਨੀ ਸੇਲੇਕਸੰਸ’ ਨਾਮਕ ਇਕ ਪੁਸਤਕ ਛਾਪੀ ਸੀ। ਇਸ ਵਿਚ ਰਾਮਚਰਿਤਮਾਨਸ ਦੇ ਸੁੰਦਰ ਕਾਂਡ ਦਾ ਵੀ ਪ੍ਰਕਾਸ਼ਤ ਸ਼ਾਮਲ ਸੀ। ਇਸ ਵਿਚ ਵੀ ‘ਢੋਲ ਗਵਾਰ ਕਸ਼ੁਦਰ ਪਸ਼ੂ ਨਾਰੀ’ ਹੀ ਅੰਕਿਤ ਹੈ। ਇਸ 494 ਪੇਜਾਂ ਵਾਲੀ ਪੁਸਤਕ ਦੇ ਸੰਪਾਦਕ ਵਿਲੀਅਮ ਪ੍ਰਾਈਸ, ਤਾਰਿਣੀਚਰਣ ਮਿਸ਼ਰ ਤੇ ਚਤੁਰਭੁਜ ਪ੍ਰੇਮ ਸਾਗਰ ਮਿਸ਼ਰ ਸਨ। ਚਾਰ ਮਈ, 1874 ਨੂੰ ਮੁੰਬਈ (ਉਦੋਂ ਬੁੰਬਈ) ਦੇ ਸਖਾਰਾਮ ਭਿਕਸੇਟ ਖਾਤੂ ਦੇ ਛਾਪੇਖਾਪੇ ਤੋਂ ਅਯੁੱਧਿਆ ਨੇੜੇ ਸਥਿਤ ਨਗਵਾ ਪਿੰਡ ਦੇ ਵਿਦਵਾਨ ਦੇਸ ਸਿੰਘ ਵੱਲੋਂ ਸੰਪਾਦਿਤ ‘ਤੁਲਸੀਕ੍ਰਿਤ ਰਾਮਾਇਣ’ ਦਾ ਪ੍ਰਕਾਸ਼ਨ ਹੋਇਆ ਸੀ। ਇਸ ਵਿਚ ਵੀ ਪਾਠ ‘ਢੋਲ ਗਵਾਰ ਕਸ਼ੁਦਰ ਪਸ਼ੂ ਨਾਰੀ’ ਹੀ ਹੈ। ਇਸ ਦਾ ਫਿਰ ਤੋਂ ਪ੍ਰਕਾਸ਼ਨ 1877 ’ਚ ਹੋਇਆ ਸੀ। ਇਸ ਦੀ ਕਾਪੀ ਪ੍ਰਾਪਤ ਹੋਈ ਹੈ ਅਤੇ ਇਸ ਵਿਚ ਵੀ ਕਸ਼ੁਦਰ ਹੀ ਹੈ, ਸ਼ੂਦਰ ਨਹੀਂ। ਅਚਾਰਿਆ ਕੁਣਾਲ ਦਾ ਮੰਨਣਾ ਹੈ ਕਿ 1880 ਤੋਂ ਬਾਅਦ ਭੁੱਲ ਨਾਲ ਜਾਂ ਜਾਣਬੁੱਝ ਕੇ ਕਸ਼ੁਦਰ ਨੂੰ ਸ਼ੂਦਰ ਬਣਾਇਆ ਗਿਆ ਅਤੇ ਗੀਤਾ ਪ੍ਰੈੱਸ ਵੱਲੋਂ ਵੀਹਵੀਂ ਸਦੀ ਦੇ ਚੌਥੇ ਦਹਾਕੇ ਵਿਚ ਪ੍ਰਕਾਸ਼ਿਤ ਪੁਸਤਕ ਘਰ-ਘਰ ਪਹੁੰਚ ਜਾਣ ਤੋਂ ਬਾਅਦ ਇਹੀ ਪਾਠ ਪ੍ਰਚਲਿਤ ਹੋ ਗਿਆ।