ਸੁਮਨ ਸੇਮਵਾਲ, ਦੇਹਰਾਦੂਨ : ਇਹ ਕਿਸੇ ਤੋਂ ਲੁਕਿਆ ਨਹੀਂ ਹੈ ਕਿ ਉੱਤਰਾਖੰਡ ਭੂਗੋਲਿਕ ਤੇ ਵਾਤਾਵਰਨ ਦੇ ਲਿਹਾਜ਼ ਨਾਲ ਅਤੀ ਸੰਵੇਦਨਸ਼ੀਲ ਹੈ। ਇੱਥੋਂ ਦੀ ਜ਼ਮੀਨ ਗਲੇਸ਼ੀਅਰਾਂ ਦੇ ਪਿੱਛੇ ਖਿਸਕਣ ਕਾਰਨ ਛੁੱਟੇ ਮਲਬੇ ਤੋਂ ਬਣੀ ਹੈ। ਭੂਚਾਲ ਦੇ ਲਿਹਾਜ਼ ਨਾਲ ਸੂਬਾ ਅਤਿਸੰਵੇਦਨਸ਼ੀਲ ਜ਼ੋਨ ਚਾਰ ਤੇ ਪੰਜ ’ਚ ਹੈ। ਬੱਦਲ ਫਟਣ ਦੀਆਂ ਘਟਨਾਵਾਂ ਵੀ ਪਰੇਸ਼ਾਨੀ ਦਾ ਸਬੱਬ ਬਣੀਆਂ ਰਹਿੰਦੀਆਂ ਹਨ। ਭਾਰੀ ਬਾਰਿਸ਼ ’ਚ ਸੂਬੇ ’ਚ ਜ਼ਮੀਨੀ ਖਿਸਕਾਅ ਦੀਆਂ ਘਟਨਾਵਾਂ ਵਧ ਜਾਂਦੀਆਂ ਹਨ। ਵਾਡੀਅ ਹਿਮਾਲਿਆ ਭੂ-ਵਿਗਿਆਨ ਸੰਸਥਾਨ ਦਾ ਅਧਿਐਨ ਦੱਸ ਰਿਹਾ ਹੈ ਕਿ ਜਦੋਂ ਵੀ ਸੂਬੇ ’ਚ ਬਾਰਿਸ਼ ਜ਼ਿਆਦਾ ਹੋਈ ਹੈ, ਜ਼ਮੀਨੀ ਖਿਸਕਾਅ ਦੀਆਂ ਘਟਨਾਵਾਂ ਵਧੀਆਂ ਹਨ। ਵਾਡੀਆ ਸੰਸਥਾਨ ਦੇ ਵਿਗਿਆਨੀਆਂ ਨੇ ਸਾਲ 1880 ਤੋਂ 2020 ਦਰਮਿਆਨ ਹੋਈਆਂ ਜ਼ਮੀਨੀ ਖਿਸਕਾਅ ਦੀਆਂ ਘਟਨਾਵਾਂ ਦਾ ਅਧਿਐਨ ਕਰ ਕੇ ਭਾਰੀ ਬਾਰਿਸ਼ ਨਾਲ ਇਸਦਾ ਸਿੱਧਾ ਸਬੰਧ ਦੱਸਿਆ ਹੈ।
ਵਾਡੀਆ ਹਿਮਾਲਿਆ ਭੂ-ਵਿਗਿਆਨ ਸੰਸਥਾਨ ਦੇ ਸੀਨੀਅਰ ਵਿਗਿਆਨੀ ਡਾ. ਵਿਕਰਮ ਗੁਪਤਾ ਮੁਤਾਬਕ, ਪੌਣ-ਪਾਣੀ ਤਬਦੀਲੀ ਦੇ ਪ੍ਰਭਾਵ ਦੇ ਰੂਪ ’ਚ ਬਾਰਿਸ਼ ਦਾ ਮਿਜਾਜ਼ ਵੀ ਬਦਲ ਰਿਹਾ ਹੈ। ਕਈ ਵਾਰ ਘੱਟ ਸਮੇਂ ਲਈ ਹੀ ਸਹੀ, ਪਰ ਤੇਜ਼ ਬਾਰਿਸ਼ ਹੋ ਰਹੀ ਹੈ। ਇਸਦੇ ਨਾਲ ਹੀ ਬੱਦਲ ਫਟਣ ਦੀਆਂ ਘਟਨਾਵਾਂ ਵੀ ਵਧ ਰਹੀਆਂ ਹਨ। ਅਜਿਹੀ ਸਥਿਤੀ ’ਚ ਪਹਿਲਾਂ ਤੋਂ ਕਮਜ਼ੋਰ ਭੂ-ਵਰਗੀ ਸਥਿਤੀ ਵਾਲੇ ਉੱਤਰਾਖੰਡ ਦੇ ਪਹਾੜ ਤੇਜ਼ੀ ਨਾਲ ਖਿਸਕ ਰਹੇ ਹਨ। ਨੈਨੀਤਾਲ, ਮਸੂਰੀ ਰੋਡ, ਪਿਥੌਰਾਗੜ੍ਹ, ਚਮੋਲੀ, ਰੁਦਰਪ੍ਰਯਾਗ, ਉੱਤਰਕਾਸ਼ੀ, ਯਮੁਨਾ ਵੈਲੀ, ਅਲਕਨੰਦਾ ਵੈਲੀ, ਮੰਦਾਕਿਨੀ, ਭਾਗੀਰਥੀ ਨਦੀ ਖੇਤਰ, ਟਿਹਰੀ (ਬੁੱਢਾਕੇਦਾਰ), ਨੀਲਕੰਠ ਮਹਾਦੇਵ ਖੇਤਰ (ਪੌੜੀ) ਜ਼ਮੀਨੀ ਖਿਸਕਾਅ ਦੇ ਨਜ਼ਰੀਏ ਨਾਲ ਜ਼ਿਆਦਾ ਸੰਵੇਦਨਸ਼ੀਲ ਹਨ।
ਮਸੂਰੀ ਤੇ ਨੈਨੀਤਾਲ ਦਾ ਵਿਸ਼ੇਸ਼ ਜ਼ਿਕਰ
ਅਧਿਐਨ ’ਚ ਵਾਡੀਆ ਸੰਸਥਾਨ ਦੇ ਵਿਗਿਆਨੀਆਂ ਨੇ ਨੈਨੀਤਾਲ ਤੇ ਮਸੂਰੀ ਖੇਤਰ ਦੇ ਜ਼ਮੀਨੀ ਖਿਸਕਾਅ ਜ਼ੋਨ ਦਾ ਵਿਸ਼ੇਸ਼ ਜ਼ਿਕਰ ਕੀਤਾ ਹੈ। ਵਿਗਿਆਨੀਆਂ ਨੇ ਦੱਸਿਆ ਕਿ ਜਦੋਂ ਵੀ ਇਨ੍ਹਾਂ ਦੋਵਾਂ ਸ਼ਹਿਰਾਂ ’ਚ ਸਾਧਾਰਨ ਨਾਲੋਂ ਢਾਈ ਤੋਂ ਕਰੀਬ ਸਾਢੇ ਤਿੰਨ ਗੁਣਾ ਜ਼ਿਆਦਾ ਬਾਰਿਸ਼ ਹੋਈ, ਇੱਥੇ ਜ਼ਮੀਨੀ ਖਿਸਕਾਅ ਦੀਆਂ ਘਟਨਾਵਾਂ ਜ਼ਿਆਦਾ ਦੇਖਣ ਨੂੰ ਮਿਲੀਆਂ ਹਨ।