ਮਾਲਾ ਦੀਕਸ਼ਤ, ਨਵੀਂ ਦਿੱਲੀ : ਸੁਪਰੀਮ ਕੋਰਟ ’ਚ ਆਉਣ ਵਾਲੇ ਛੇ ਮਹੀਨੇ ਕਾਫ਼ੀ ਹਲਚਲ ਭਰੇ ਰਹਿਣਗੇ। ਚੀਫ ਜਸਟਿਸ ਐੱਨਵੀ ਰਮਨਾ ਸਮੇਤ ਪੰਜ ਜੱਜ ਸੇਵਾਮੁਕਤ ਹੋ ਜਾਣਗੇ। ਸੇਵਾਮੁਕਤ ਹੋਣ ਵਾਲੇ ਜੱਜਾਂ ’ਚ ਦੋ ਸੀਜੇਆਈ (ਚੀਫ ਜਸਟਿਸ ਆਫ ਇੰਡੀਆ) ਸ਼ਾਮਲ ਹੋਣਗੇ। ਸੀਜੇਆਈ ਬਣਨ ਵਾਲਿਆਂ ਵਿਚ ਇਕ ਜੱਜ ਅਜਿਹੇ ਹਨ ਜਿਹਡ਼ੇ ਸਿੱਧੇ ਵਕੀਲ ਤੋਂ ਸੁਪਰੀਮ ਕੋਰਟ ਦੇ ਜੱਜ ਨਿਯੁਕਤ ਹੋਏ ਸਨ। ਚੀਫ ਜਸਟਿਸ ਐੱਨਵੀ ਰਮਨਾ ਦੇ ਸੇਵਾਮੁਕਤ ਹੋਣ ਤੋਂ ਬਾਅਦ ਸੀਨੀਆਰਤਾ ਦੇ ਹਿਸਾਬ ਨਾਲ ਜਸਟਿਸ ਯੂਯੂ ਲਲਿਤ ਭਾਰਤ ਦੇ ਅਗਲੇ ਚੀਫ ਜਸਟਿਸ ਬਣਨਗੇ, ਪਰ ਜਸਟਿਸ ਲਲਿਤ ਦਾ ਚੀਫ ਜਸਟਿਸ ਦੇ ਰੂਪ ਵਿਚ ਕਾਰਜਕਾਲ ਸਿਰਫ਼ ਦੋ ਮਹੀਨੇ ਅਤੇ ਕੁਝ ਦਿਨਾਂ ਦਾ ਹੀ ਹੋਵੇਗਾ ਅਤੇ ਉਨ੍ਹਾਂ ਤੋਂ ਬਾਅਦ ਸੀਨੀਆਰਤਾ ਨੂੰ ਦੇਖਦੇ ਹੋਏ ਜਸਟਿਸ ਡੀਵਾਈ ਚੰਦਰਚੂਡ਼ ਭਾਰਤ ਦੇ ਚੀਫ ਜਸਟਿਸ ਬਣਨਗੇ, ਜਿਹਡ਼ੇ ਦੋ ਸਾਲ ਤਕ ਭਾਰਤ ਦੇ ਚੀਫ ਜਸਟਿਸ ਰਹਿਣਗੇ। ਜਸਟਿਸ ਚੰਦਰਚੂਡ਼ ਪਹਿਲੇ ਅਜਿਹੇ ਸੀਜੇਆਈ ਹੋਣਗੇ, ਜਿਨ੍ਹਾਂ ਦੇ ਪਿਤਾ ਵੀ ਸੀਜੇਆਈ ਰਹਿ ਚੁੱਕੇ ਹਨ।
ਸੁਪਰੀਮ ਕੋਰਟ ’ਚ ਜੱਜਾਂ ਦੇ ਕੁਲ ਮਨਜ਼ੂਰ ਅਹੁਦੇ 34 ਹਨ ਅਤੇ ਇਸ ਵੇਲੇ 32 ਜੱਜ ਕੰਮ ਕਰ ਰਹੇ ਹਨ ਜਦਕਿ ਦੋ ਅਹੁਦੇ ਖ਼ਾਲੀ ਹਨ। ਸੁਪਰੀਮ ਕੋਰਟ ਦੇ ਜੱਜਾਂ ਦੀ ਸੇਵਾਮੁਕਤੀ ਦੀ ਸ਼ੁਰੂਆਤ 29 ਜੁਲਾਈ ਤੋਂ ਹੋਵੇਗੀ, ਜਦੋਂ ਜਸਟਿਸ ਏਐੱਮ ਖਾਨਵਿਲਕਰ ਸੇਵਾਮੁਕਤ ਹੋਣਗੇ। ਜਸਟਿਸ ਖਾਨਵਿਲਕਰ ਨੇ ਵੈਸੇ ਤਾਂ ਕਈ ਇਤਿਹਾਸਕ ਫ਼ੈਸਲੇ ਸੁਣਾਏ ਹਨ ਪਰ ਗੁਜਰਾਤ ਦੰਗਿਆਂ ਵਿਚ ਐੱਸਆਈਟੀ ਵੱਲੋਂ ਦਿੱਤੀ ਗਈ ਕਲੀਨ ਚਿੱਟ ’ਤੇ ਮੋਹਰ ਲਾਉਣ ਵਾਲਾ ਬੀਤੀ 24 ਜੂਨ ਦਾ ਉਨ੍ਹਾਂ ਦਾ ਤਾਜ਼ਾ ਫ਼ੈਸਲਾ ਫ਼ਿਲਹਾਲ ਚਰਚਾ ਵਿਚ ਹੈ। ਜਸਟਿਸ ਖਾਨਵਿਲਕਰ ਦੇ ਬੈਂਚ ਨੇ ਹੀ ਮਹਾਰਾਸ਼ਟਰ ਵਿਧਾਨ ਸਭਾ ਦੇ 12 ਵਿਧਾਇਕਾਂ ਨੂੰ ਇਕ ਸਾਲ ਲਈ ਮੁਅੱਤਲ ਕਰਨ ਦਾ ਮਤਾ ਅਸੰਵਿਧਾਨਕ ਠਹਿਰਾਉਣ ਦਾ ਫ਼ੈਸਲਾ ਸੁਣਾਇਆ ਸੀ। ਜਸਟਿਸ ਖਾਨਵਿਲਕਰ ਤੋਂ ਬਾਅਦ 26 ਅਗਸਤ ਨੂੰ ਚੀਫ ਜਸਟਿਸ ਐੱਨਵੀ ਰਮਨਾ ਸੇਵਾਮੁਕਤ ਹੋਣਗੇ।
ਜਸਟਿਸ ਰਮਨਾ ਨੇ ਬਹੁਤ ਸਾਰੇ ਮਹੱਤਵਪੂਰਨ ਫ਼ੈਸਲੇ ਦਿੱਤੇ ਹਨ ਜਿਨ੍ਹਾਂ ਲਈ ਉਨ੍ਹਾਂ ਨੂੰ ਯਾਦ ਕੀਤਾ ਜਾਵੇਗਾ, ਪਰ ਮਹਾਰਾਸ਼ਟਰ ’ਚ ਸਰਕਾਰ ਬਣਾਉਣ ਦਾ ਦਾਅਵਾ ਅਤੇ ਬਹੁਮਤ ਨੂੰ ਲੈ ਕੇ ਹੋਏ ਵਿਵਾਦ ਵਿਚ 24 ਘੰਟਿਆਂ ਦੇ ਅੰਦਰ ਫਲੋਰ ਟੈਸਟ ਕਰਵਾਉਣ ਦਾ ਫ਼ੈਸਲਾ ਮਹੱਤਵਪੂਰਨ ਹੈ। ਉਸੇ ਫ਼ੈਸਲੇ ਤੋਂ ਬਾਅਦ ਦੇਵੇਂਦਰ ਫਡ਼ਨਵੀਸ ਨੇ ਅਸਤੀਫ਼ਾ ਦੇ ਦਿੱਤਾ ਅਤੇ ਸੂਬੇ ਵਿਚ ਐੱਨਸੀਪੀ, ਕਾਂਗਰਸ ਦੇ ਸਮਰਥਨ ਨਾਲ ਸ਼ਿਵ ਸੈਨਾ ਦੇ ਊਧਵ ਠਾਕਰੇ ਨੇ ਸਰਕਾਰ ਬਣਾਈ ਸੀ ਜਿਹਡ਼ੀ ਅੱਜਕੱਲ੍ਹ ਫਿਰ ਸੰਕਟ ਵਿਚ ਹੈ। ਜਸਟਿਸ ਰਮਨਾ ਦੀ ਸੇਵਾਮੁਕਤੀ ਤੋਂ ਬਾਅਦ ਸੀਨੀਆਰਤਾ ਦੇ ਹਿਸਾਬ ਨਾਲ ਜਸਟਿਸ ਯੂਯੂ ਲਲਿਤ ਭਾਰਤ ਦੇ ਚੀਫ ਜਸਟਿਸ (ਸੀਜੇਆਈ) ਬਣਨਗੇ। ਜਸਟਿਸ ਲਲਿਤ ਦੇਸ਼ ਦੇ ਅਜਿਹੇ ਦੂਜੇ ਸੀਜੇਆਈ ਹੋਣਗੇ ਜਿਹਡ਼ੇ ਸਿੱਧੇ ਵਕੀਲ ਤੋਂ ਸੁਪਰੀਮ ਕੋਰਟ ਦੇ ਜੱਜ ਨਿਯੁਕਤ ਹੋਏ ਹਨ। ਇਸ ਤੋਂ ਪਹਿਲਾਂ ਜਸਟਿਸ ਐੱਸਐੱਮ ਸੀਕਰੀ ਸਨ ਜਿਹਡ਼ੇ ਵਕੀਲ ਤੋਂ ਸਿੱਧੇ ਸੁਪਰੀਮ ਕੋਰਟ ਦੇ ਜੱਜ ਨਿਯੁਕਤ ਹੋਏ ਸਨ ਅਤੇ ਜਨਵਰੀ 1971 ਵਿਚ ਭਾਰਤ ਦੇ ਚੀਫ ਜਸਟਿਸ ਬਣੇ ਸਨ।