ਨਵੀਂ ਦਿੱਲੀ (ਪੀਟੀਆਈ) : ਇਲੈਕਟ੍ਰਿਕ ਦੋਪਹੀਆ ਵਾਹਨਾਂ ’ਚ ਅੱਗ ਲੱਗਣ ਦੀਆਂ ਘਟਨਾਵਾਂ ਤਾਂ ਆਏ ਦਿਨ ਸਾਹਮਣੇ ਆਉਂਦੀਆਂ ਹਨ, ਪਰ ਪਹਿਲੀ ਵਾਰ ਇਲੈਕਟ੍ਰਿਕ ਕਾਰ ’ਚ ਅੱਗ ਲੱਗਣ ਦਾ ਮਾਮਲਾ ਰੋਸ਼ਨੀ ’ਚ ਆਇਆ ਹੈ। ਜਿਸ ਇਲੈਕਟ੍ਰਿਕ ਕਾਰ ’ਚ ਅੱਗ ਲੱਗੀ ਹੈ, ਉਹ ਟਾਟਾ ਮੋਟਰਜ਼ ਦੀ ਨੈਕਸਨ ਹੈ। ਉਧਰ, ਇੰਟਰਨੈੱਟ ਮੀਡੀਆ ’ਤੇ ਇਸ ਤਰ੍ਹਾਂ ਦੀ ਖ਼ਬਰ ਸ਼ੇਅਰ ਕੀਤੇ ਜਾਣ ਤੋਂ ਬਾਅਦ ਕੰਪਨੀ ਨੇ ਸਪੱਸ਼ਟੀਕਰਨ ਜਾਰੀ ਕੀਤਾ ਹੈ। ਕੰਪਨੀ ਨੇ ਕਿਹਾ, ਅਸੀਂ ਹਾਲ ਹੀ ਵਿਚ ਵਾਹਨ ਵਿਚ ਅੱਗ ਲੱਗਣ ਨਾਲ ਸਬੰਧਤ ਘਟਨਾ ਦੇ ਤੱਥਾਂ ਦਾ ਪਤਾ ਲਾਉਣ ਲਈ ਡੂੰਘਾਈ ਨਾਲ ਜਾਂਚ ਕਰ ਰਹੇ ਹਾਂ। ਅਸੀਂ ਆਪਣੀ ਕਾਰਵਾਈ ਪੂਰੀ ਹੋਣ ਤੋਂ ਬਾਅਦ ਹੀ ਇਸ ਸਬੰਧੀ ਵਿਸਥਾਰਤ ਜਾਣਕਾਰੀ ਸਾਂਝੀ ਕਰਾਂਗੇ।’
ਟਾਟਾ ਮੋਟਰਜ਼ ਨੇ ਕਿਹਾ, ‘ਲਗਪਗ ਚਾਰ ਸਾਲ ਵਿਚ ਇਹ ਪਹਿਲੀ ਘਟਨਾ ਹੈ। ਇਸ ਦੌਰਨ ਹੁਣ ਤਕ 30,000 ਤੋਂ ਜ਼ਿਆਦਾ ਇਲੈਕਟ੍ਰਿਕ ਵਾਹਨਾਂ ਨੇ ਪੂਰੇ ਦੇਸ਼ ਵਿਚ 10 ਲੱਖ ਕਿਲੋਮੀਟਰ ਤੋਂ ਜ਼ਿਆਦਾ ਦੀ ਦੂਰੀ ਤੈਅ ਕਰ ਚੁੱਕੇ ਹਨ।’ ਦੋਪਹੀਆ ਇਲੈਕਟ੍ਰਿਕ ਵਾਹਨਾਂ ਵਿਚ ਬੀਤੇ ਕੁਝ ਦਿਨਾਂ ਵਿਚ ਅੱਗ ਲੱਗਣ ਦੀਆਂ ਕਈ ਘਟਨਾਵਾਂ ਸਾਹਮਣੇ ਆਈਆਂ ਹਨ। ਓਲਾ ਇਲੈਕਟ੍ਰਿਕ, ਓਕੀਨਾਵਾ ਆਟੋਟੈੱਕ ਅਤੇ ਪਿਓਰ ਈਵੀ ਵਰਗੇ ਕਈ ਇਲੈਕਟ੍ਰਿਕ ਦੋਪਹੀਆ ਨਿਰਮਾਤਾ ਕੰਪਨੀਆਂ ਨੇ ਇਨ੍ਹਾਂ ਘਟਨਾਵਾਂ ਕਾਰਨ ਇਲੈਕਟ੍ਰਿਕ ਵਾਹਨਾਂ ਨੂੰ ਵਾਪਸ ਮੰਗਵਾਇਆ ਹੈ। ਸਰਕਾਰ ਨੇ ਵੀ ਇਨ੍ਹਾਂ ਘਟਨਾਵਾਂ ਦੀ ਜਾਂਚ ਲਈ ਇਕ ਕਮੇਟੀ ਗਠਿਤ ਕੀਤੀ ਹੈ। ਇਹ ਕਮੇਟੀ ਇਸ ਮਹੀਨੇ ਦੇ ਅੰਤ ਤਕ ਰਿਪੋਰਟ ਸੌਂਪ ਦੇਵੇਗੀ। ਸਰਕਾਰ ਨੇ ਕੰਪਨੀਆਂ ਨੂੰ ਲਾਪਰਵਾਹੀ ਵਰਤਣ ’ਤੇ ਸਜ਼ਾ ਦੀ ਚਿਤਾਵਨੀ ਵੀ ਦਿੱਤੀ ਹੈ।
ਸਰਕਾਰ ਨੇ ਵੀ ਦਿੱਤੇ ਜਾਂਚ ਦੇ ਆਦੇਸ਼
ਸਰਕਾਰ ਨੇ ਵੀ ਇਸ ਘਟਨਾ ਦੀ ਸੁਤੰਤਰ ਜਾਂਚ ਦੇ ਆਦੇਸ਼ ਦਿੱਤੇ ਹਨ। ਘਟਨਾ ਦੀ ਜਾਂਚ ਦਾ ਜ਼ਿੰਮਾ ਸੈਂਟਰ ਫਾਰ ਫਾਇਰ ਐਕਸਪਲੋਸਿਵ ਐਂਡ ਇਨਵਾਇਰਮੈਂਟ ਸੇਫਟੀ, ਇੰਡੀਅਨ ਇੰਸਟੀਚਿਊਟ ਆਫ ਸਾਇੰਸ ਅਤੇ ਨੇਵਲ ਸਾਇੰਸ ਐਂਡ ਟੈਕਨਾਲੋਜੀਕਲ ਲੈਬਾਰਟਰੀ ਨੂੰ ਸੌਂਪਿਆ ਗਿਆ ਹੈ।