ਜ.ਸ., ਜੰਮੂ-ਕਸ਼ਮੀਰ : ਘਾਟੀ 'ਚ ਹਾਲ ਹੀ ਵਿਚ ਟਾਰਗੇਟ ਕਿਲਿੰਗ ਡਰ ਪੈਦਾ ਕਰਨ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਵਿਚ ਸ਼ਾਂਤੀ ਅਤੇ ਆਮ ਸਥਿਤੀ ਨੂੰ ਬਹਾਲ ਕਰਨ ਲਈ ਕੇਂਦਰ ਦੀਆਂ ਕੋਸ਼ਿਸ਼ਾਂ ਨੂੰ ਤੋੜਨ-ਮਰੋੜਨ ਦੀ ਇਹ ਪਾਕਿਸਤਾਨ ਦੀ ਇਕ ਸਾਜ਼ਿਸ਼ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਜੰਮੂ-ਕਸ਼ਮੀਰ ਭਾਜਪਾ ਦੇ ਪ੍ਰਧਾਨ ਰਵਿੰਦਰ ਰੈਨਾ ਨੇ ਵੀਰਵਾਰ ਕੀਤਾ।
ਰੈਨਾ ਨੇ ਜ਼ੋਰ ਦੇ ਕੇ ਕਿਹਾ ਕਿ ਗੁਆਂਢੀ ਦੇਸ਼ ਦੀ ਸਾਜ਼ਿਸ਼ ਨੂੰ ਨਾਕਾਮ ਕੀਤਾ ਜਾਵੇਗਾ ਕਿਉਂਕਿ ਪੁਲਿਸ ਅਤੇ ਹੋਰ ਸੁਰੱਖਿਆ ਏਜੰਸੀਆਂ ਲੋਕਾਂ ਨੂੰ ਸੁਰੱਖਿਅਤ ਮਾਹੌਲ ਪ੍ਰਦਾਨ ਕਰਨ ਲਈ 'ਆਲ ਆਊਟ' ਅਪਰੇਸ਼ਨ ਤਹਿਤ ਪਾਕਿਸਤਾਨ ਸਮਰਥਿਤ ਅੱਤਵਾਦੀਆਂ ਨੂੰ ਬੇਅਸਰ ਕਰ ਰਹੀਆਂ ਹਨ।
ਰੈਨਾ ਨੇ ਇੱਥੇ ਪੱਤਰਕਾਰਾਂ ਨੂੰ ਕਿਹਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਦੀ ਅਗਵਾਈ ਹੇਠ ਜੰਮੂ-ਕਸ਼ਮੀਰ ਸ਼ਾਂਤੀ ਅਤੇ ਤਰੱਕੀ ਵੱਲ ਵਧ ਰਿਹਾ ਹੈ ਅਤੇ ਵੱਡੇ ਵਿਕਾਸ ਪ੍ਰਾਜੈਕਟਾਂ ਦੀ ਗਤੀ ਤੇਜ਼ ਹੋ ਰਹੀ ਹੈ। ਉਸ ਨੇ ਦਾਅਵਾ ਕੀਤਾ ਕਿ ਟਾਰਗੇਟ ਕਤਲੇਆਮ ਪਾਕਿਸਤਾਨ ਦੀ ਇੰਟਰ-ਸਰਵਿਸਿਜ਼ ਇੰਟੈਲੀਜੈਂਸ (ਆਈਐੱਸਆਈ), ਉਸ ਦੀ ਫੌਜ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀਓਕੇ) ਵਿਚ ਸਥਿਤ ਅੱਤਵਾਦੀ ਸਮੂਹਾਂ ਦੁਆਰਾ ਸਾਂਝੇ ਤੌਰ 'ਤੇ ਰਚੀ ਗਈ ਸਾਜ਼ਿਸ਼ ਦਾ ਹਿੱਸਾ ਹੈ।
ਭਾਜਪਾ ਆਗੂ ਨੇ ਕਿਹਾ, ‘ਉਨ੍ਹਾਂ ਨੇ ਇਸ ਸਾਜ਼ਿਸ਼ ਨੂੰ ‘ਅਪਰੇਸ਼ਨ ਰੈੱਡ ਵੇਵ’ ਦਾ ਨਾਂ ਦਿੱਤਾ ਹੈ ਜਿਵੇਂ ਕਿ ਅਸੀਂ 1980-1990 ਵਿਚ ਪਾਕਿਸਤਾਨੀ ਫੌਜੀ ਸ਼ਾਸਕ ਜਨਰਲ ਜ਼ਿਆ-ਉਲ-ਹੱਕ ਦੀ ਅਗਵਾਈ ਵਿਚ ‘ਤੁਪੈਕ ਅਪਰੇਸ਼ਨ’ ਦੇਖਿਆ ਹੈ, ਜਿਸ ਨੇ ਕਸ਼ਮੀਰ ਵਿਚ ਮੌਤ ਅਤੇ ਤਬਾਹੀ ਮਚਾਈ ਸੀ। ਰੈਨਾ ਨੇ ਕਿਹਾ ਕਿ ਪਾਕਿਸਤਾਨ ਜੰਮੂ-ਕਸ਼ਮੀਰ ਦੇ ਲੋਕਾਂ ਦਾ ਸਭ ਤੋਂ ਵੱਡਾ ਦੁਸ਼ਮਣ ਹੈ ਅਤੇ ਉਹ ਘਾਟੀ 'ਚ 'ਅਫਗਾਨਿਸਤਾਨ ਵਰਗੀ ਸਥਿਤੀ' ਪੈਦਾ ਕਰਨਾ ਚਾਹੁੰਦਾ ਹੈ।