ਜਾਗਰਣ ਬਿਊਰੋ, ਨਵੀਂ ਦਿੱਲੀ : ਕਦੀ ਦੇਸ਼ ਦੇ ਆਟੋਮੋਬਾਇਲ ਬਾਜ਼ਾਰ ਨੂੰ ਛੋਟੀਆਂ ਕਾਰਾਂ ਦਾ ਬਾਜ਼ਾਰ ਕਿਹਾ ਜਾਂਦਾ ਸੀ ਪਰ ਹੁਣ ਇਸ ਨੂੰ ਸਹੀ ਮਾਇਨਿਆਂ ’ਚ ਐੱਸਯੂਵੀ ਭਾਵ ਸਪੋਰਟਸ ਯੂਟੀਲਿਟੀ ਵ੍ਹੀਕਲ (ਐੱਸਯੂਵੀ) ਦਾ ਬਾਜ਼ਾਰ ਕਿਹਾ ਜਾਣਾ ਚਾਹੀਦਾ ਹੈ। ਦੇਸ਼ ’ਚ ਵੇਚੀਆਂ ਜਾਣ ਵਾਲੀਆਂ ਕੁਲ ਕਾਰਾਂ ’ਚ ਐੱਸਯੂਵੀ ਦੀ ਹਿੱਸੇਦਾਰੀ ਵਧ ਕੇ 43 ਫੀਸਦੀ ਹੋ ਗਈ ਹੈ। ਦਸੰਬਰ 2022 ਦੇ ਅੰਤ ਤਕ ਇਹ ਹਿੱਸੇਦਾਰੀ ਵਧ ਕੇ 50-55 ਫੀਸਦੀ ਹੋਣ ਦੀ ਉਮੀਦ ਹੈ।
ਹਾਲ ਹੀ ਦੇ ਹਫਤਿਆਂ ’ਚ ਬਾਜ਼ਾਰ ’ਚ ਹਿੱਸੇਦਾਰੀ 70 ਫੀਸਦੀ ਰੱਖਣ ਵਾਲੀਆਂ ਦਿੱਗਜ ਕੰਪਨੀਆਂ ਮਾਰੂਤੀ ਸੁਜ਼ੂਕੀ ਤੇ ਹੁੰਡਈ ਦੀਆਂ ਨਵੀਆਂਂ ਐੱਸਯੂਵੀਜ਼ ਲਾਂਚ ਹੋਈਆਂ ਹਨ ਤੇ ਦੂਜੀਆਂ ਕਾਰ ਕੰਪਨੀਆਂ ਤਿਉਹਾਰੀ ਸੀਜ਼ਨ ਤੋਂ ਪਹਿਲਾਂ ਅੱਧਾ ਦਰਜਨ ਐੱਸਯੂਵੀਜ਼ ਲਾਂਚ ਕਰਨ ਦੀ ਤਿਆਰੀ ’ਚ ਹਨ। ਕਾਰ ਬਾਜ਼ਾਰ ਦੇ ਜਾਣਕਾਰ ਦੱਸਦੇ ਹਨ ਕਿ ਬਾਜ਼ਾਰ ’ਚ ਨੌਜਵਾਨ ਗਾਹਕਾਂ ਦੀ ਵਧਦੀ ਗਿਣਤੀ ਤੇ ਤਕਨੀਕ ਤੇ ਡਿਜ਼ਾਈਨ ਦਾ ਵਧਦਾ ਰੁਝਾਨ ਦੋ ਅਜਿਹੇ ਕਾਰਨ ਹਨ, ਜੋ ਐੱਸਯੂਵੀ ਦੇ ਆਕਰਸ਼ਣ ਨੂੰ ਵਧਾ ਰਹੇ ਹਨ।
ਹੁੰਡਈ ਦੇ ਡਾਇਰੈਕਟਰ (ਵਿਕਰੀ ਤੇ ਬਾਜ਼ਾਰੀਕਰਨ) ਤਰੁਣ ਗਰਗ ਦਾ ਕਹਿਣਾ ਹੈ ਕਿ ਬੀਤੇ ਕੁਝ ਸਾਲਾਂ ’ਚ ਭਾਰਤ ’ਚ ਕਾਰ ਗਾਹਕਾਂ ਦੀ ਪਸੰਦ ਕਾਫੀ ਬਦਲ ਚੁੱਕੀ ਹੈ। ਹੁਣ ਗਾਹਕ ਨੂੰ ਸਿਰਫ ਸਸਤੀ ਕਾਰ ਦੇ ਨਾਂ ’ਤੇ ਤੁਸੀਂ ਕੁਝ ਵੀ ਨਹੀਂ ਵੇਚ ਸਕਦੇ। ਭਾਰਤੀ ਗਾਹਕ ਹੁਣ ਕਾਰਾਂ ਲਈ ਵਧ ਖਰਚਾ ਕਰਨ ਲਈ ਤਿਆਰ ਹਨ। ਉਦਾਹਰਣ ਵਜੋਂ ਸਾਲ 2018 ’ਚ ਦੇਸ਼ ’ਚ ਜਿੰਨੀਆਂ ਕਾਰਾਂ ਵੇਚੀਆਂ ਜਾਂਦੀਆਂ ਸਨ, ਉਨ੍ਹਾਂ ’ਚ 10 ਲੱਖ ਤੋਂ ਵੱਧ ਵਾਲੀ ਕੀਮਤ ਦੀਆਂ ਕਾਰਾਂ ਦੀ ਹਿੱਸੇਦਾਰੀ 16 ਫੀਸਦੀ ਸੀ। ਸਾਲ 2022 ’ਚ ਇਹ ਵਧ ਕੇ 37 ਫੀਸਦੀ ਹੋ ਗਈ ਹੈ। ਹੁੰਡਈ ਤਾਂ 41 ਫੀਸਦੀ ਕਾਰਾਂ 10 ਲੱਖ ਤੋਂ ਵੱਧ ਵਾਲੀਆਂ ਹੀ ਵੇਚ ਰਹੀ ਹੈ। ਸਾਲ 2022 ’ਚ ਕਾਰ ਖਰੀਦਣ ਵਾਲੇ ਕੁਲ ਗਾਹਕਾਂ ’ਚ 41 ਫੀਸਦੀ ਦੀ ਉਮਰ 35 ਸਾਲ ਤੋਂ ਘੱਟ ਹੈ। ਇਹ ਗਿਣਤੀ ਸਾਲ 2018 ’ਚ 30 ਫੀਸਦੀ ਸੀ। ਬਾਜ਼ਾਰ ’ਚ 35 ਫੀਸਦੀ ਕਾਰਾਂ ਹੈਚਬੈਕ ਵਿਕ ਰਹੀਆਂ ਹਨ ਪਰ ਇਨ੍ਹਾਂ ਦੀ ਗਿਣਤੀ ਤੇਜ਼ੀ ਨਾਲ ਘਟੇਗੀ।