ਨਵੀਂ ਦਿੱਲੀ (ਏਜੰਸੀ) : ਸੀਰਮ ਇੰਸਟੀਚਿਊਟ ਆਫ ਇੰਡੀਆ (ਐੱਸਆਈਆਈ) ਦੇ ਮੁੱਖ ਕਾਰਜਕਾਰੀ ਅਧਿਕਾਰੀ ਅਦਾਰ ਪੂਨਾਵਾਲਾ ਨੇ ਮੰਗਲਵਾਰ ਨੂੰ ਸਰਵਾਈਕਲ ਕੈਂਸਰ ਤੋਂ ਬਚਾਅ ਲਈ ਪਹਿਲੀ ਸਵਦੇਸ਼ੀ ਹਿਊਮਨ ਪੈਪੀਲੋਮਾ ਵਾਇਰਸ (ਐੱਚਪੀਵੀ) ਵੈਕਸੀਨ ‘ਸਰਵਾਵੈਕ’ ਲਾਂਚ ਕਰਨ ਦਾ ਐਲਾਨ ਕੀਤਾ। ਇਸ ਵੈਕਸੀਨ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਪੂਨਾਵਾਲਾ ਤੇ ਸੀਰਮ ਇੰਸਟੀਚਿਊਟ ’ਚ ਸਰਕਾਰ ਤੇ ਰੈਗੂਲੇਟਰੀ ਮਾਮਲਿਆਂ ਦੇ ਨਿਰਦੇਸ਼ਕ ਪ੍ਰਕਾਸ਼ ਕੇ. ਸਿੰਘ ਦੀ ਮੌਜੂਦਗੀ ’ਚ ਲਾਂਚ ਕੀਤਾ ਗਿਆ।
ਅਦਾਰ ਪੂਨਾਵਾਲਾ ਨੇ ਟਵੀਟ ਕਰ ਕੇ ਦੱਸਿਆ ਕਿ ਰਾਸ਼ਟਰੀ ਬਾਲਿਕਾ ਦਿਵਸ ਤੇ ਸਰਵਾਈਕਲ ਕੈਂਸਰ ਜਾਗਰੂਕਤਾ ਮਹੀਨੇ ਮੌਕੇ ਇਹ ਵੈਕਸੀਨ ਲਾਂਚ ਕਰਨ ’ਤੇ ਉਨ੍ਹਾਂ ਨੂੰ ਖ਼ੁਸ਼ੀ ਹੋ ਰਹੀ ਹੈ। ‘ਸਰਵਾਵੈਕ’ ਬਿੱਲ ਐਂਡ ਮੇਲਿੰਡਾ ਗੇਟਸ ਫਾਊਂਡੇਸ਼ਨ ਨਾਲ ਜੈਵ ਤਕਨੀਕੀ ਵਿਭਾਗ ਤੇ ਜੈਵ ਤਕਨੀਕੀ ਉਦਯੋਗ ਖੋਜ ਸਹਾਇਤਾ ਪ੍ਰੀਸ਼ਦ (ਬੀਆਈਆਰਏਸੀ) ਦੀ ਭਾਈਵਾਲੀ ਦਾ ਨਤੀਜਾ ਹੈ ਜਿਸ ਨੂੰ ਸੀਰਮ ਇੰਸਟੀਚਿਊਟ ਆਫ ਇੰਡੀਆ ਪ੍ਰਾਈਵੇਟ ਲਿਮਟਿਡ ਵੱਲੋਂ ਆਪਣੇ ਭਾਈਵਾਲ ਪ੍ਰੋਗਰਾਮ ‘ਗ੍ਰੈਂਡ ਚੈਲੰਜਿਜ਼ ਇੰਡੀਆ’ ਜ਼ਰੀਏ ਕਵਾਰਡੀਵੈਲੇਂਟ ਵੈਕਸੀਨ ਦੇ ਸਵਦੇਸ਼ੀ ਵਿਕਾਸ ਲਈ ਸਹਾਇਤਾ ਦਿੱਤੀ ਗਈ ਹੈ।
ਪਿਛਲੇ ਸਾਲ ਦਸੰਬਰ ’ਚ ਕੋਵਿਡ ਵਰਕਿੰਗ ਗਰੁੱਪ, ਨੈਸ਼ਨਲ ਟੈਕਨੀਕਲ ਐਡਵਾਈਜ਼ਰੀ ਗਰੁੱਪ ਆਨ ਇਮਿਊਨਾਈਜ਼ੇਸ਼ਨ (ਐੱਨਟੀਏਜੀਆਈ) ਦੇ ਚੇਅਰਮੈਨ ਡਾ. ਐੱਨ ਕੇ ਅਰੋੜਾ ਨੇ ਉਮੀਦ ਪ੍ਰਗਟਾਈ ਸੀ ਕਿ ਭਾਰਤ ਨੂੰ ਅਪ੍ਰੈਲ ਜਾਂ ਮਈ, 2023 ਤੱਕ ਐੱਚਪੀਵੀ ਵੈਕਸੀਨ ਮਿਲ ਜਾਵੇਗੀ ਤੇ ਉਸ ਦੀ ਕੀਮਤ ਵੀ ਮੌਜੂਦਾ ਸਮੇਂ ’ਚ ਮੁਹੱਈਆ ਕੌਮਾਂਤਰੀ ਬ੍ਰਾਂਡ ਦੀ ਵੈਕਸੀਨ ਤੋਂ 10 ਗੁਣਾ ਘੱਟ ਹੋਵੇਗੀ। ਡਾ. ਅਰੋੜਾ ਦਾ ਕਹਿਣਾ ਸੀ ਕਿ ਕੇਂਦਰ ਸਰਕਾਰ ਆਪਣੇ ਰਾਸ਼ਟਰੀ ਸਿਹਤ ਪ੍ਰੋਗਰਾਮ ਤਹਿਤ 9 ’ਚੋਂ 14 ਸਾਲ ਦੀਆਂ ਕੁੜੀਆਂ ਨੂੰ ਐੱਚਪੀਵੀ ਵੈਕਸੀਨ ਲਗਾਏਗੀ।