ਸਟੇਟ ਬਿਊਰੋ, ਕੋਲਕਾਤਾ : ਬੰਗਾਲ ਸਰਕਾਰ ਦੇ ਗਣਤੰਤਰ ਦਿਵਸ ਸਮਾਗਮ ’ਚ ਵਿਰੋਧੀ ਧਿਰ ਦੇ ਆਗੂ ਸੁਵੇਂਦੂ ਅਧਿਕਾਰੀ ਨੂੰ ਸੱਦਾ ਨਹੀਂ ਦਿੱਤਾ ਗਿਆ। ਸੂਬਾ ਸਰਕਾਰ ਵੱਲੋਂ ਤਰਕ ਦਿੰਦਿਆਂ ਕਿਹਾ ਗਿਆ ਹੈ ਕਿ ਕੋਰੋਨਾ ਮਹਾਮਾਰੀ ਕਾਰਨ ਇਸ ਵਾਰ ਬੇਹੱਦ ਛੋਟੇ ਪੱਧਰ ’ਤੇ ਸਮਾਗਮ ਕਰਵਾਇਆ ਜਾ ਰਿਹਾ ਹੈ, ਇਸ ਲਈ ਬਹੁਤ ਘੱਟ ਲੋਕਾਂ ਨੂੰ ਹੀ ਇਸ ’ਚ ਬੁਲਾਇਆ ਗਿਆ ਹੈ। ਦੂਜੇ ਪਾਸੇ ਸਿਆਸੀ ਜਾਣਕਾਰਾਂ ਦਾ ਕਹਿਣਾ ਹੈ ਕਿ ਗਣਤੰਤਰ ਦਿਵਸ ਸਮਾਗਮ ’ਚ ਵਿਰੋਧੀ ਧਿਰ ਦੇ ਆਗੂ ਨੂੰ ਸੱਦਾ ਦੇਣਾ ਲਾਜ਼ਮੀ ਹੁੰਦਾ ਹੈ। ਇਹ ਪ੍ਰੋਟੋਕਾਲ ਹੈ।
ਜਾਣਕਾਰੀ ਮੁਤਾਬਕ, ਸੂੁਬੇ ਦੇ ਜ਼ਿਆਦਾਤਰ ਮੰਤਰੀਆਂ ਨੂੰ ਵੀ ਸੱਦਾ ਨਹੀਂ ਦਿੱਤਾ ਗਿਆ। ਸਮਾਗਮ ’ਚ ਸਿਰਫ਼ ਮੁੱਖ ਮੰਤਰੀ ਮਮਤਾ ਬੈਨਰਜੀ, ਸੂਬੇ ਦੇ ਸੰਸਕ੍ਰਿਤੀ ਮੰਤਰੀ ਇੰਦਰਨੀਲ ਸੇਨ, ਆਵਾਜਾਈ ਮੰਤਰੀ ਤੇ ਕੋਲਕਾਤਾ ਦੇ ਮੇਅਰ ਫਿਰਹਾਦ ਹਕੀਮ ਤੇ 14 ਦੇਸ਼ਾਂ ਦੇ ਰਾਜਦੂਤ ਮੌਜੂਦ ਰਹਿਣਗੇ। ਮੁੱਖ ਪ੍ਰੋਗਰਾਮ ਇਸ ਵਾਰ ਸਿਰਫ਼ 30 ਮਿੰਟਾਂ ਦਾ ਹੋਵੇਗਾ।
ਦੂਜੇ ਪਾਸੇ ਸੁਵੇਂਦੂ ਅਧਿਕਾਰੀ ਨੂੰ ਸੱਦਾ ਨਾ ਦਿੱਤੇ ਜਾਣ ’ਤੇ ਬੰਗਾਲ ਭਾਜਪਾ ਦੇ ਆਗੂਆਂ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਦਾ ਬਹਾਨਾ ਬਣਾ ਕੇ ਵਿਰੋਧੀ ਧਿਰ ਦੇ ਆਗੂ ਦੀ ਬੇਇੱਜ਼ਤੀ ਕੀਤੀ ਗਈ ਹੈ। ਵਿਰੋਧੀ ਧਿਰ ਦੇ ਆਗੂ ਨੂੰ ਸੱਦਾ ਦਿੱਤਾ ਜਾਣਾ ਚਾਹੀਦਾ ਸੀ। ਉਂਜ ਵੀ ਵਿਰੋਧੀ ਧਿਰ ਦੇ ਆਗੂ ਨੂੰ ਸੱਦਾ ਦੇਣਾ ਪ੍ਰੋਟੋਕਾਲ ਹੈ।
ਪਰੇਡ ’ਚ ਦਿਖਾਈ ਜਾਵੇਗੀ ਕੇਂਦਰ ਵੱਲੋਂ ਖ਼ਾਰਜ ਬੰਗਾਲ ਸਰਕਾਰ ਦੀ ਝਾਕੀ
ਗਣਤੰਤਰ ਦਿਵਸ ਪਰੇਡ ’ਚ ਕੇਂਦਰ ਸਰਕਾਰ ਵੱਲੋਂ ਖ਼ਾਰਜ ਕੀਤੀ ਗਈ ਬੰਗਾਲ ਸਰਕਾਰ ਦੀ ਝਾਕੀ ਦਿਖਾਈ ਜਾਵੇਗੀ ਜਿਹੜੀ ਨੇਤਾਜੀ ਸੁਭਾਸ਼ ਚੰਦਰ ਬੋਸ ’ਤੇ ਆਧਾਰਤ ਹੈ। ਇਹ ਝਾਕੀ 52 ਫੁੱਟ ਲੰਬੀ, 11 ਫੁੱਟ ਚੌੜੀ ਤੇ 16 ਫੁੱਟ ਉੱਚੀ ਹੈ। ਜ਼ਿਕਰਯੋਗ ਹੈ ਕਿ ਇਸ ਝਾਕੀ ਨੂੰ ਦਿੱਲੀ ’ਚ ਹੋਣ ਵਾਲੇ ਗਣਤੰਤਰ ਦਿਵਸ ਪਰੇਡ ’ਚ ਸ਼ਾਮਲ ਨਾ ਕੀਤੇ ਜਾਣ ’ਤੇ ਪਿਛਲੇ ਦਿਨੀਂ ਕਾਫ਼ੀ ਵਿਵਾਦ ਹੋਇਆ ਸੀ। ਮੁੱਖ ਮੰਤਰੀ ਮਮਤਾ ਬੈਨਰਜੀ ਨੇ ਇਸ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਵੀ ਲਿਖੀ ਸੀ।