ਜਾਗਰਣ ਸੰਵਾਦਦਾਤਾ, ਕੁੱਲੂ : ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲ੍ਹੇ ਦੀ ਪਾਰਵਤੀ ਘਾਟੀ ਵਿਚ ਰੇਵ ਪਾਰਟੀ ’ਤੇ ਦਬਿਸ਼ ਦੇ ਕੇ ਪੁਲਿਸ ਨੇ ਅੱਠ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਵਿਚ ਪੰਜ ਸੈਲਾਨੀ ਵੀ ਸ਼ਾਮਲ ਹਨ। ਇਨ੍ਹਾਂ ਤੋਂ 3,21,730 ਰੁਪਏ ਅਤੇ ਵੱਖ-ਵੱਖ ਨਸ਼ੀਲੇ ਪਦਾਰਥ ਵੀ ਬਰਾਮਦ ਹੋਏ ਹਨ। ਪ੍ਰਬੰਧਕਾਂ ਨੇ ਜਨਮ ਦਿਨ ਦੀ ਪਾਰਟੀ ਦੇ ਨਾਂ ’ਤੇ ਡੀਜੇ ਵਜਾਉਣ ਦੀ ਇਜਾਜ਼ਤ ਲਈ ਸੀ। ਦੱਸਣਯੋਗ ਹੈ ਕਿ ਕੁੱਲੂ ਜ਼ਿਲ੍ਹੇ ਦੀ ਪਾਰਵਤੀ ਘਾਟੀ ਦੇ ਪੁਲਗਾ ਦੇ ਜੰਗਲ ’ਚ ਚਾਰ ਜੂਨ ਦੀ ਰਾਤ ਨੂੰ ਵੀ ਰੇਵ ਪਾਰਟੀ ਕਰਦੇ ਕਰੀਬ 80 ਨੌਜਵਾਨਾਂ ਨੂੰ ਹਿਰਾਸਤ ’ਚ ਲਿਆ ਸੀ। ਹਾਲਾਂਕਿ ਬਾਅਦ ਵਿਚ ਸਾਰਿਆਂ ਨੂੰ ਛੱਡ ਦਿੱਤਾ ਸੀ, ਜਦਕਿ ਮਨੀਪੁਰ, ਆਂਧਰ ਪ੍ਰਦੇਸ਼ ਅਤੇ ਇਕ ਸਥਾਨਕ ਵਿਅਕਤੀ ਨੂੰ ਨਸ਼ੀਲੇ ਪਦਾਰਥ ਨਾਲ ਗ੍ਰਿਫ਼ਤਾਰ ਕਰ ਲਿਆ ਗਿਆ ਸੀ।
ਪੁਲਿਸ ਨੂੰ ਸ਼ਨਿਚਰਵਾਰ ਨੂੰ ਸੂਚਨਾ ਮਿਲੀ ਸੀ ਕਿ ਸ਼ਿਲਹਾ ’ਚ ਰੇਵ ਪਾਰਟੀ ਹੋ ਰਹੀ ਹੈ। ਦੇਰ ਰਾਤ ਦਬਿਸ਼ ਦਿੱਤੀ ਤਾਂ ਮੌਕੇ ’ਤੇ 100 ਤੋਂ ਜ਼ਿਆਦਾ ਲੋਕ ਮੌਜੂਦ ਸਨ। ਛਾਣਬੀਣ ਵਿਚ ਪਾਇਆ ਗਿਆ ਕਿ ਜਨਮ ਦਿਨ ਦੀ ਪਾਰਟੀ ਲਈ ਮਿਊਜ਼ਿਕ ਵਜਾਉਣ ਦੀ ਇਜਾਜ਼ਤ ਕਸ਼ਿਸ਼ ਗੁਲਿਆਣੀ ਨਿਵਾਸੀ ਅਲਵਰ ਰਾਜਸਥਾਨ ਨੇ ਲਈ ਸੀ। ਇਸ ਦੌਰਾਨ ਦਿੱਲੀ ਨਿਵਾਸੀ ਹੇਮੰਤ ਤੋਮਰ ਦੇ ਕਬਜ਼ੇ ਵਿਚੋਂ 201 ਬੋਤਲਾਂ ਅੰਗਰੇਜ਼ੀ ਸ਼ਰਾਬ ਅਤੇ 46 ਗ੍ਰਾਮ ਚਰਸ ਤੇ 27,230 ਰੁਪਏ ਨਕਦ ਵੀ ਬਰਾਮਦ ਹੋਏ। ਇਹ ਸ਼ਰਾਬ ਦਿੱਲੀ ਤੇ ਹੋਰਨਾਂ ਸੂਬਿਆਂ ਤੋਂ ਲਿਆਂਦੀ ਗਈ ਸੀ।
ਪਾਰਟੀ ਦੇ ਸੰਚਾਲਕ ਕਸ਼ਿਸ਼ ਗੁਲਿਆਣੀ ਤੋਂ 6.43 ਗ੍ਰਾਮ ਮਿਥਾਈਲ ਐਨੇਡੀਓਕਸੀ ਮਥਾਮਫੇਟਾਮਾਈਨ (ਐੱਮਡੀਐੱਮਏ) ਅਤੇ ਕਰੀਬ ਦੋ ਲੱਖ ਰੁਪਏ ਬਰਾਮਦ ਹੋਏ ਹਨ। ਧਰਮਿੰਦਰ ਕੁਮਾਰ ਤੋਂ 7.24 ਗ੍ਰਾਮ ਚਰਸ ਅਤੇ 85 ਹਜ਼ਾਰ ਰੁਪਏ ਬਰਾਮਦ ਹੋਏ ਹਨ। ੁਉਥੇ, ਚੇਤਨ, ਸੰਦੇਸ਼, ਮਹਿਮੂਦ ਸੁਲੇਮਾਨ, ਰੇਹਾਨ ਅਤੇ ਨਿਤਿਨ ਉਜਮਲੀ ਨੀਲਕੰਠ ਦੇ ਕਬਜ਼ੇ ਵਿਚੋਂ 35.09 ਗ੍ਰਾਮ ਚਰਸ, 0.18 ਗ੍ਰਾਮ ਐੱਮਡੀਐੱਮਏ ਅਤੇ ਇਕ ਗ੍ਰਾਮ ਐੱਲਐੱਸਡੀ ਪੇਪਰ ਬਰਾਮਦ ਹੋਇਆ ਹੈ।
-------
ਇਹ ਹਨ ਮੁਲਜ਼ਮ
ਹੇਮੰਤ ਤੋਮਰ ਨਿਵਾਸੀ ਜੋਤੀਨਗਰ, ਉੱਤਰ-ਪੂਰਬੀ ਦਿੱਲੀ, ਧਰਮਿੰਦਰ ਕੁਮਾਰ ਨਿਵਾਸੀ ਕੁੱਲੂ, ਕਸ਼ਿਸ਼ ਗੁਲਿਆਣੀ ਨਿਵਾਸੀ ਅਲਵਰ, ਰਾਜਸਥਾਨ ਅਤੇ ਸੰਦੇਸ਼ ਸ਼ਿੰਦੇ, ਚੇਤਨ ਕੁਮਾਰ, ਮਹਿਮੂਦ ਸੁਲੇਮਾਨ, ਮਲਿਕ ਰੇਹਾਨ ਤੇ ਨਿਤਿਨ ਨਿਵਾਸੀ ਕਰਨਾਟਕ।