ਨਵੀਂ ਦਿੱਲੀ: ਬ੍ਰਿਕਸ ਦੇਸ਼ਾਂ ਦੀ ਵਰਚੁਅਲ ਸਿਖ਼ਰ ਬੈਠਕ 'ਚ ਪ੍ਰਧਾਨ ਮੰਤਰੀ ਅੱਤਵਾਦ ਦੇ ਮੁੱਦੇ 'ਤੇ ਅੱਜ ਖੁੱਲ੍ਹ ਕੇ ਬੋਲੇ। ਇਸ ਮੌਕੇ ਉਨ੍ਹਾਂ ਨੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਦੁਵੱਲੀ ਗੱਲਬਾਤ ਕੀਤੀ। ਇਸ ਬੈਠਕ 'ਚ ਰੂਸ, ਬ੍ਰਾਜ਼ੀਲ ਤੇ ਦੱਖਣੀ ਅਫ਼ਰੀਕਾ ਦੇ ਰਾਸ਼ਟਰਪਤੀਆਂ ਤੋਂ ਇਲਾਵਾ ਚੀਨ ਤੇ ਭਾਰਤ ਦੇ ਆਗੂਆਂ ਨੇ ਹਿੱਸਾ ਲਿਆ। ਇਸ ਤੋਂ ਪਹਿਲਾ 10 ਨਵੰਬਰ ਨੂੰ ਸ਼ੰਘਾਈ ਸਹਿਯੋਗ ਸੰਗਠਨ ਦੀ ਵਰਚੁਅਲ ਸਿਖ਼ਰ ਬੈਠਕ 'ਚ ਵੀ ਮੋਦੀ ਅਤੇ ਜਿਨਪਿੰਗ ਹਾਜ਼ਰ ਸਨ ਅਤੇ 21 ਤੇ 22 ਨਵੰਬਰ ਸਮੂਹ-20 ਦੀ ਬੈਠਕ 'ਚ ਵੀ ਦੋਵੇਂ ਵਰਚੁਅਲ ਮੰਚ ਸਾਂਝਾ ਕਰਨਗੇ।
ਇਸ ਮੌਕੇ ਬੈਠਕ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਅਤੇ ਆਈਐੱਮਐੱਫ, ਡਬਲਿਊਟੀਓ ਵਰਗੇ ਸੰਗਠਨਾਂ ਦੇ ਸੁਧਾਰਾਂ ਦੀ ਲੋੜ ਹੈ।
ਉਨ੍ਹਾਂ ਕਿਹਾ, 2021 'ਚ ਬ੍ਰਿਕਸ ਦੇ 15 ਸਾਲ ਪੂਰੇ ਹੋ ਜਾਣਗੇ। ਪਿਛਲੇ ਸਾਲਾਂ 'ਚ ਸਾਡੇ ਵੱਲੋਂ ਲਏ ਗਏ ਵੱਖ-ਵੱਖ ਫ਼ੈਸਲਿਆ ਦਾ ਮੁਲਾਂਕਣ ਕਰਨ ਲਈ ਸਾਡੇ ਸ਼ੇਰਪਾ ਇਕ ਰਿਪੋਰਟ ਸਕਦੇ ਹਨ। 2021 'ਚ ਆਪਣੀ ਪ੍ਰਧਾਨਗੀ ਦੌਰਾਨ ਅਸੀਂ ਬ੍ਰਿਕਸ ਦੇ ਤਿੰਨ ਥੰਮ੍ਹਾਂ 'ਚ ਇੰਟਰਾ-ਬ੍ਰਿਕਸ ਸਹਿਯੋਗ ਨੂੰ ਮਜ਼ਬੂਤ ਕਰਨ ਦਾ ਯਤਨ ਕਰਾਂਗੇ।
ਪੀਐੱਮ ਮੋਦੀ ਨੇ ਕਿਹਾ, ਅੱਤਵਾਦ ਅੱਜ ਵਿਸ਼ਵ ਦੇ ਸਾਹਮਣੇ ਸਭ ਤੋਂ ਵੱਡੀ ਸਮੱਸਿਆ ਹੈ। ਸਾਨੂੰ ਇਹ ਨਿਸ਼ਚਿਤ ਕਰਨਾ ਪਵੇਗਾਕਿ ਅੱਤਵਾਦੀਆਂ ਨੂੰ ਹਮਾਇਤ ਅਤੇ ਸਹਿਯੋਗ ਦੇਣ ਵਾਲੇ ਦੇਸ਼ਾਂ ਨੂੰ ਵੀ ਦੋਸ਼ੀ ਠਹਿਰਾਇਆ ਜਾਵੇ, ਅਤੇ ਇਸ ਸਮੱਸਿਆ ਦਾ ਸਾਂਝੇ ਤਰੀਕੇ ਨਾਲ ਮੁਕਾਬਲਾ ਕੀਤਾ ਜਾਵੇ।
ਜ਼ਿਕਰਸੋਗ ਹੈ ਕਿ ਬ੍ਰਿਕਸ ਦੀ ਅਗਲੇ ਸਾਲ ਦੀ ਸਿਖ਼ਰ ਬੈਠਕ ਭਾਰਤ 'ਚ ਹੀ ਹੋਵੇਗੀ। ਜੇਕਰ ਉਦੋਂ ਤਕ ਕੋਵਿਡ ਦਾ ਅਸਰ ਖ਼ਤਮ ਹੋ ਗਿਆ ਤਾਂ ਹੋਰ ਦੇਸ਼ਾਂ ਦੇ ਰਾਸ਼ਟਰਪਤੀਆਂ ਦੇ ਨਾਲ ਹੀ ਚੀਨ ਦੇ ਰਾਸ਼ਟਰਪਤੀ ਦੇ ਭਾਰਤ ਆਉਣ ਦੀ ਵੀ ਉਮੀਦ ਕੀਤੀ ਜਾ ਸਕਦੀ ਹੈ। ਬਤੌਰ ਪੀਐੱਮ ਮੋਦੀ ਦੀ ਹੁਣ ਤਕ ਸਭ ਤੋਂ ਦੁਵੱਲੀ ਮੁਲਾਕਾਤ ਜਿਨਪਿੰਗ ਨਾਲ ਹੀ ਹੋਈ ਹੈ। ਇਨ੍ਹਾਂ ਦੌਰਾਨ ਆਖਰੀ ਮੁਲਾਕਾਤ ਨਵੰਬਰ 2019 'ਚ ਚੇਨਈ ਦੇ ਮੱਲਾਪੁਰਮ 'ਚ ਹੋਈ ਸੀ। ਮਈ 2020 'ਚ ਚੀਨੀ ਫ਼ੌਜ ਦੇ ਭਾਰਤੀ ਹੱਦ 'ਚ ਘੁਸਪੈਠ ਤੋਂ ਬਾਅਦ ਦੋਵੇਂ ਦੇਸ਼ਾਂ ਦੇ ਰਿਸ਼ਤੇ ਬੇਹੱਦ ਤਣਾਅਗ੍ਰਸਤ ਹਨ। ਇਸ ਦੌਰਾਨ ਦੋਵੇਂ ਦੇਸ਼ਾਂ ਦੇ ਰੱਖਿਆ ਤੇ ਵਿਦੇਸ਼ ਮੰਤਰੀਆਂ ਦੀ ਇਕ-ਇਕ ਵਾਰ ਦੁਵੱਲੀ ਮੁਲਾਕਾਤ ਹੋਈ ਹੈ ਪਰ ਸਿਖ਼ਰ ਪੱਧਰ 'ਤੇ ਨਾ ਤਾਂ ਕੋਈ ਗੱਲਬਾਤ ਹੋਈ ਅਤੇ ਨਾ ਹੀ ਕਿਸੇ ਤਰ੍ਹਾਂ ਦੇ ਸੰਦੇਸ਼ ਦਾ ਲੈਣ-ਦੇਣ ਹੋਇਆ ਹੈ।