ਨਈਦੁਨੀਆ, ਜਗਦਲਪੁਰ : ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ ’ਚ ਟੇਕਲਾਗੁੜੇਮ ਹਮਲੇ ਵਿੱਚ ਸੁਰੱਖਿਆ ਫੋਰਸਾਂ ਦੇ 22 ਜਵਾਨਾਂ ਨੂੰ ਮਾਰਨ ਦੇ ਦੋਸ਼ੀ 23 ਮਾਓਵਾਦੀਆਂ ’ਚੋਂ ਇੱਕ ਮੜਕਮ ਹੁੰਗੀ ਉਰਫ਼ ਕਮਲਾ ਨੂੰ ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਨੇ ਐਤਵਾਰ ਨੂੰ ਗ੍ਰਿਫ਼ਤਾਰ ਕਰ ਲਿਆ। ਸੂਚਨਾ ਮਿਲੀ ਸੀ ਕਿ ਮੜਕਮ ਹੁੰਗੀ ਭੋਪਾਲਪਟਨਮ ਦੇ ਇਕ ਪਿੰਡ ਵਿਚ ਲੁਕੀ ਹੋਈ ਹੈ। ਸੂਚਨਾ ਮਿਲਣ ’ਤੇ ਐੱਨਆਈਏ ਦੀ ਟੀਮ ਰਾਏਪੁਰ ਤੋਂ ਪਹੁੰਚੀ ਅਤੇ ਉਸ ਨੂੰ ਫੜ ਲਿਆ। ਉਸ ਨੂੰ ਐਤਵਾਰ ਨੂੰ ਹੀ ਵਿਸ਼ੇਸ਼ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੋਂ ਉਸ ਨੂੰ ਜੇਲ੍ਹ ਭੇਜ ਦਿੱਤਾ ਗਿਆ। ਐੱਨਆਈਏ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਜਾਂਚ ਅਜੇ ਜਾਰੀ ਹੈ।
3 ਅਪ੍ਰੈਲ, 2021 ਨੂੰ ਬੀਜਾਪੁਰ ਜ਼ਿਲ੍ਹੇ ਦੇ ਤਰੇਮ ਥਾਣਾ ਖੇਤਰ ਦੇ ਟੇਕਲਾਗੁੜੇਮ ਜੰਗਲ ’ਚ ਤਲਾਸ਼ੀ ਮੁਹਿੰਮ ਤੋਂ ਵਾਪਸ ਪਰਤਦੇ ਸਮੇਂ ਨਕਸਲੀਆਂ ਨੇ ਸੀਆਰਪੀਐੱਫ, ਡੀਆਰਜੀ ਅਤੇ ਕੋਬਰਾ ਬਟਾਲੀਅਨ ਦੀ ਸਾਂਝੀ ਪਾਰਟੀ ’ਤੇ ਆਧੁਨਿਕ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਸੀ। ਇਸ ਮੁਕਾਬਲੇ ’ਚ 22 ਫੋਰਸ ਦੇ ਜਵਾਨ ਸ਼ਹੀਦ ਹੋ ਗਏ, ਜਦਕਿ 35 ਜ਼ਖਮੀ ਹੋ ਗਏ। ਇੱਕ ਨੌਜਵਾਨ ਰਾਕੇਸ਼ਵਰ ਮਨਹਾਸ ਨੂੰ ਨਕਸਲੀਆਂ ਨੇ ਅਗਵਾ ਕਰ ਲਿਆ ਸੀ, ਜਿਸ ਨੂੰ ਪੰਜ ਦਿਨਾਂ ਬਾਅਦ ਜਨ ਅਦਾਲਤ ’ਚ ਛੱਡ ਦਿੱਤਾ ਗਿਆ। 22 ਦਸੰਬਰ, 2022 ਨੂੰ, ਐੱਨਆਈਏ ਨੇ ਜਗਦਲਪੁਰ ਦੀ ਵਿਸ਼ੇਸ਼ ਐੱਨਆਈਏ ਅਦਾਲਤ ’ਚ 23 ਖ਼ੌਫ਼ਨਾਕ ਨਕਸਲੀਆਂ ਖ਼ਿਲਾਫ਼ ਚਾਰਜਸ਼ੀਟ ਦਾਇਰ ਕੀਤੀ। ਇਸ ਵਿਚ ਤੇਲੰਗਾਨਾ ਦੇ ਮੁਲੱਪਾ ਕੇਸ਼ਵ ਰਾਓ ਸਮੇਤ ਛੇ ਨਕਸਲੀਆਂ ਦੇ ਨਾਂ ਸ਼ਾਮਲ ਹਨ। ਚਾਰਜਸ਼ੀਟ ਵਿੱਚ ਛੱਤੀਸਗੜ੍ਹ ਦੇ ਪੰਦਰਾਂ ਨਕਸਲੀਆਂ ਦੇ ਨਾਂ ਸ਼ਾਮਲ ਹਨ। ਚਾਰਜਸ਼ੀਟ ’ਚ ਜਿਨ੍ਹਾਂ ਵਿਅਕਤੀਆਂ ਦੇ ਨਾਂ ਹਨ, ਉਹ ਹਾਰਡਕੋਰ ਅਤੇ ਸੰਪਰਕ ਤੋਂ ਬਾਹਰ ਹਨ। ਹਾਲ ਹੀ ’ਚ ਗ੍ਰਿਫਤਾਰ ਕੀਤੀ ਗਈ ਮਹਿਲਾ ਨਕਸਲੀ ਮੜਕਮ ਹੁੰਗੀ ਉਰਫ ਕਮਲਾ ਅਤੇ ਸੁਜਾਤਾ ਦੇ ਨਾਂ ਵੀ ਚਾਰਜਸ਼ੀਟ ’ਚ ਹਨ। ਇਹ ਦੋਵੇਂ ਖ਼ੌਫ਼ਨਾਕ ਮਹਿਲਾ ਨਕਸਲੀ ਕਮਾਂਡਰ ਹਨ। ਇਸ ਮਾਮਲੇ ਵਿੱਚ ਇਹ ਪਹਿਲੀ ਗ੍ਰਿਫ਼ਤਾਰੀ ਹੈ।