ਨਵੀਂ ਦਿੱਲੀ, ਏਜੰਸੀਆਂ : ਸਰਕਾਰ ਨੇ ਕੋਰੋਨਾ ਵਿਰੁੱਧ ਲੜਾਈ 'ਚ ਵੱਡਾ ਫੈਸਲਾ ਲਿਆ ਹੈ। ਐਨਟੀਜੀਆਈ ਦੇ ਕੋਵਿਡ-19 ਵਰਕਿੰਗ ਗਰੁੱਪ ਦੇ ਚੇਅਰਮੈਨ ਡਾ.ਐਨ.ਕੇ. ਅਰੋੜਾ ਨੇ ਦੱਸਿਆ ਕਿ ਕੋਵਿਡ-19 ਖਿਲਾਫ਼ ਲੜਾਈ ਵਿਚ ਇਕ ਵੱਡਾ ਫੈਸਲਾ ਲਿਆ ਗਿਆ ਹੈ। ਉਨ੍ਹਾਂ ਸੋਮਵਾਰ ਨੂੰ ਕਿਹਾ ਕਿ 12 ਤੋਂ 14 ਸਾਲ ਦੀ ਉਮਰ ਦੇ ਬੱਚਿਆਂ ਦਾ ਟੀਕਾਕਰਨ ਮਾਰਚ ਤੋਂ ਸ਼ੁਰੂ ਹੋਣ ਦੀ ਸੰਭਾਵਨਾ ਹੈ ਕਿਉਂਕਿ ਉਦੋਂ ਤਕ 15 ਤੋਂ 18 ਸਾਲ ਦੀ ਉਮਰ ਦੇ ਅੱਲ੍ਹੜਾਂ ਦਾ ਪੂਰੀ ਤਰ੍ਹਾਂ ਟੀਕਾਕਰਨ ਹੋ ਜਾਣ ਦੀ ਸੰਭਾਵਨਾ ਹੈ।
ਇੰਝ ਅੱਗੇ ਤੁਰਦੀ ਗਈ ਮੁਹਿੰਮ
ਦੱਸ ਦੇਈਏ ਕਿ 16 ਜਨਵਰੀ 2021 ਨੂੰ ਸਿਹਤ ਮੁਲਾਜ਼ਮਾਂ ਦੇ ਟੀਕਾਕਰਨ ਦੇ ਨਾਲ ਦੇਸ਼ ਵਿੱਚ ਟੀਕਾਕਰਨ ਮੁਹਿੰਮ ਸ਼ੁਰੂ ਹੋਈ ਸੀ। ਇੰਨਾ ਹੀ ਨਹੀਂ 2 ਫਰਵਰੀ 2021 ਨੂੰ ਫਰੰਟਲਾਈਨ ਵਰਕਰਾਂ ਦਾ ਟੀਕਾਕਰਨ ਸ਼ੁਰੂ ਹੋ ਗਿਆ। 1 ਮਾਰਚ, 2021 ਨੂੰ ਗੰਭੀਰ ਬਿਮਾਰੀਆਂ ਤੋਂ ਪੀੜਤ 60 ਸਾਲ ਤੋਂ ਵੱਧ ਉਮਰ ਦੇ ਅਤੇ 45-60 ਸਾਲ ਦੀ ਉਮਰ ਦੇ ਲੋਕਾਂ ਦਾ ਟੀਕਾਕਰਨ ਸ਼ੁਰੂ ਕੀਤਾ ਗਿਆ ਸੀ। ਇਹ ਟੀਕਾ ਪਿਛਲੇ ਸਾਲ 1 ਅਪ੍ਰੈਲ ਤੋਂ 45 ਸਾਲ ਤੋਂ ਵੱਧ ਉਮਰ ਦੇ ਸਾਰੇ ਲੋਕਾਂ ਨੂੰ ਦੇਣਾ ਸ਼ੁਰੂ ਕੀਤਾ ਗਿਆ ਸੀ। 18 ਸਾਲ ਤੋਂ ਵੱਧ ਉਮਰ ਦੇ ਸਾਰੇ ਲੋਕਾਂ ਦਾ ਟੀਕਾਕਰਨ ਪਿਛਲੇ ਸਾਲ 1 ਮਈ ਤੋਂ ਸ਼ੁਰੂ ਹੋਇਆ ਸੀ।