National News : ਤਾਮਿਲਨਡੂ ਦੇ ਕੰਨੂਰ ਵਿਚ ਫ਼ੌਜ ਦੇ ਹੈਲੀਕਾਪਟਰ ਕ੍ਰੈਸ਼ ਵਿਚ ਸੀਡੀਐੱਸ ਰਾਵਤ ਤੇ ਉਨ੍ਹਾਂ ਦੀ ਪਤਨੀ ਤੇ 11 ਹੋਰ ਜਵਾਨਾਂ ਦਾ ਦੇਹਾਂਤ ਹੋ ਗਿਆ ਹੈ ਪਰ ਹੁਣ ਜਾਣਕਾਰੀ ਮਿਲੀ ਹੈ ਕਿ ਹਾਦਸੇ ਦੇ ਤੁਰੰਤ ਬਾਅਦ ਸੀਡੀਐੱਸ ਰਾਵਤ ਜ਼ਿੰਦਾ ਸੀ ਤੇ ਉਨ੍ਹਾਂ ਨੇ ਪ੍ਰਤੱਖਦਰਸ਼ੀ ਨੂੰ ਆਪਣਾ ਨਾਂ ਵੀ ਦੱਸਿਆ ਸੀ। ਰਾਹਤ ਤੇ ਬਚਾਅ ਦਲ 'ਚ ਸ਼ਾਮਲ ਇਕ ਵਿਅਕਤੀ ਨੇ ਦੱਸਿਆ ਕਿ ਉਹ ਸਭ ਤੋਂ ਪਹਿਲਾਂ ਹੈਲੀਕਾਪਟਰ ਦੇ ਖਿੱਲਰੇ ਮਲਬੇ ਦੇ ਨੇੜੇ ਪਹੁੰਚੇ। ਹਾਦਸੇ ਤੋਂ ਬਾਅਦ ਰਾਹਤ ਤੇ ਬਚਾਅ ਲਈ ਉੱਥੇ ਪਹੁੰਚੀ ਟੀਮ 'ਚ ਸ਼ਾਮਲ ਐੱਨਸੀ ਮੁਰਲੀ ਨਾਂ ਦੇ ਇਸ ਬਚਾਅ ਕਰਮਚਾਰੀ ਨੇ ਦੱਸਿਆ ਕਿ ਅਸੀਂ 2 ਲੋਕਾਂ ਨੂੰ ਜ਼ਿੰਦਾ ਬਚਾਇਆ, ਜਿਨ੍ਹਾਂ 'ਚੋਂ ਇਕ ਸੀਡੀਐੱਸ ਬਿਪਿਨ ਰਾਵਤ ਖੁਦ ਸੀ। ਉਨ੍ਹਾਂ ਨੇ ਬੇਹੱਦ ਕਮਜ਼ੋਰ ਆਵਾਜ਼ ਵਿਚ ਆਪਣਾ ਨਾਂ ਦੱਸਿਆ। ਹਸਪਤਾਲ ਲਿਜਾਂਦੇ ਸਮੇਂ ਉਨ੍ਹਾਂ ਦੀ ਮੌਤ ਹੋ ਗਈ। ਇਸ ਨਿਊਜ਼ ਏਜੰਸੀ ਏਐੱਨਆਈ ਨੇ ਸਥਾਨਕ ਲੋਕਾਂ ਦੇ ਹਵਾਲੇ ਨਾਲ ਕ੍ਰੈਸ਼ ਹੋਏ ਹੈਲੀਕਾਪਟਰ ਦੀ ਆਖਰੀ ਮਿੰਟ ਦੀ ਵੀਡੀਓ ਵੀ ਜਾਰੀ ਕੀਤੀ ਹੈ, ਜਿਸ 'ਚ ਦੇਖਿਆ ਜਾ ਸਕਦਾ ਹੈ ਕਿ ਸੰਘਣੀ ਧੁੰਦ ਦੇ ਵਿਚਕਾਰ ਹੈਲੀਕਾਪਟਰ ਅਚਾਨਕ ਨਜ਼ਰ ਆਉਣਾ ਬੰਦ ਹੋ ਗਿਆ ਤੇ ਕੁਝ ਸਥਾਨਕ ਲੋਕ ਦੌੜਦੇ ਹੋਏ ਉੱਥੇ ਪਹੁੰਚ ਗਏ।
ਪ੍ਰਤੱਖਦਰਸ਼ੀ ਨੇ ਦੱਸਿਆ ਕਿ ਸੀਡੀਐੱਸ ਰਾਵਤ ਦੇ ਸ਼ਰੀਰ ਦਾ ਹੇਠਲਾ ਹਿੱਸਾ ਬੁਰੀ ਤਰ੍ਹਾਂ ਨਾਲ ਸਾੜ ਗਿਆ ਸੀ। ਉਨ੍ਹਾਂ ਨੂੰ ਇਕ ਬੈੱਡਸ਼ੀਟ ਵਿਚ ਲਪੇਟ ਕੇ ਐਂਬੁਲੈਂਸ ਵਿਚ ਲੈ ਜਾਇਆ ਗਿਆ ਸੀ। ਬਚਾਅ ਕਰਮੀਆਂ ਅਨੁਸਾਰ ਦੁਰਘਟਨਾ ਵਾਲੇ ਸਥਾਨ ਕੋਲ ਕਾਫੀ ਦਰੱਖਤ ਵੀ ਸੀ ਇਸ ਲਈ ਬਚਾਅ ਕਾਰਜ ਸ਼ੁਰੂ ਹੋਣ ਵਿਚ ਕਾਫੀ ਮੁਸ਼ਕਿਲ ਆ ਰਹੀ ਸੀ ਤੇ ਦੇਰੀ ਵੀ ਹੋ ਰਹੀ ਸੀ। ਰਾਹਤ ਕਾਰਜ ਵਿਚ ਲੱਗੇ ਐੱਨਸੀ ਮੁਰਲੀ ਨੇ ਦੱਸਿਆ ਕਿ ਬਾਅਦ ਵਿਚ ਜਾਣਕਾਰੀ ਮਿਲੀ ਕੀ ਜਿਨ੍ਹਾਂ ਦੋ ਲੋਕਾਂ ਨੂੰ ਜ਼ਿੰਦਾ ਕੱਢਿਆ ਗਿਆ ਸੀ ਉਸ ਵਿਚ ਦੂਜੇ ਸ਼ਖ਼ਸ ਦੀ ਪਛਾਣ ਗਰੁੱਪ ਕੈਪਟਨ ਵਰੁਣ ਸਿੰਘ ਦੇ ਤੌਰ 'ਤੇ ਕੀਤੀ ਗਈ ਸੀ।