ਨਵੀਂ ਦਿੱਲੀ, ਪੀਟੀਆਈ : ਦੇਸ਼ ’ਚ ਕੋਰੋਨਾ ਇਕ ਵਾਰ ਫਿਰ ਤਬਾਹੀ ਮਚਾ ਰਿਹਾ ਹੈ। ਪਿਛਲੇ ਕਈ ਦਿਨਾਂ ਤੋਂ ਕੋਰੋਨਾ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਭਾਰਤ ’ਚ ਪਿਛਲੇ ਤਿੰਨ ਦਿਨਾਂ ਤੋਂ ਲਗਾਤਾਰ ਕੋਰੋਨਾ ਦੇ ਇਕ ਹਜ਼ਾਰ ਤੋਂ ਵੱਧ ਮਾਮਲੇ ਦਰਜ ਕੀਤੇ ਗਏ ਹਨ। ਅੱਜ ਵੀ ਕੋਰੋਨਾ ਦੇ ਇਕ ਹਜ਼ਾਰ ਤੋਂ ਵੱਧ ਨਵੇਂ ਮਾਮਲੇ ਦਰਜ ਕੀਤੇ ਗਏ ਹਨ।
ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਨੇ ਅੱਜ ਕੋਰੋਨਾ ਦੇ ਅੰਕੜੇ ਜਾਰੀ ਕੀਤੇ, ਜਿਸ ਅਨੁਸਾਰ ਦੇਸ਼ ਵਿਚ ਪਿਛਲੇ 24 ਘੰਟਿਆਂ ’ਚ ਕੋਰੋਨਾ ਵਾਇਰਸ ਦੇ 1,249 ਨਵੇਂ ਮਾਮਲੇ ਸਾਹਮਣੇ ਆਏ ਹਨ।
ਕੋਵਿਡ ਦੇ ਐਕਟਿਵ ਕੇਸ 7 ਹਜ਼ਾਰ ਤੋਂ ਪਾਰ
ਕੋਰੋਨਾ ਵਾਇਰਸ ਦੇ ਐਕਟਵਿ ਕੇਸਾਂ ਦੀ ਗਿਣਤੀ ਵੱਧ ਕੇ 7 ਹਜ਼ਾਰ 927 ਹੋ ਗਈ ਹੈ। ਕਰਨਾਟਕ ਅਤੇ ਗੁਜਰਾਤ ਵਿਚ ਕੋਰੋਨਾ ਵਾਇਰਸ ਕਾਰਨ ਇਕ-ਇਕ ਮੌਤ ਹੋਈ ਹੈ, ਜਿਸ ਨਾਲ ਦੇਸ਼ ’ਚ ਹੁਣ ਤਕ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 5 ਲੱਖ 30 ਹਜ਼ਾਰ 818 ਹੋ ਗਈ ਹੈ। ਇਹ ਅੰਕੜੇ ਸਵੇਰੇ 8 ਵਜੇ ਅਪਡੇਟ ਕੀਤੇ ਗਏ ਹਨ।
ਦੂਜੇ ਪਾਸੇ ਕੋਰੋਨਾ ਵਾਇਰਸ ਦੀ ਰੋਜ਼ਾਨਾ ਪਾਜ਼ੇਟੀਵਿਟੀ ਦਰ 1.19 ਫੀਸਦੀ ਦਰਜ ਕੀਤੀ ਗਈ ਹੈ, ਜਦੋਂਕਿ ਹਫ਼ਤਾਵਾਰੀ ਪਾਜ਼ੇਟੀਵਿਟੀ ਦਰ 1.14 ਫੀਸਦੀ ਰਹਿਣ ਦਾ ਅਨੁਮਾਨ ਲਗਾਇਆ ਗਿਆ ਹੈ।
ਕੋਰੋਨਾ ਦੇ ਕੁੱਲ ਮਾਮਲੇ 4.47 ਕਰੋੜ ਤੋਂ ਪਾਰ
ਦੇਸ਼ ਵਿਚ ਕੋਰੋਨਾ ਦੇ ਮਾਮਲਿਆਂ ਦੀ ਗਿਣਤੀ ਲਗਾਤਾਰ ਵਧਣ ਨਾਲ ਕੋਵਿਡ ਦੇ ਕੁੱਲ ਕੇਸ 4.47 ਕਰੋੜ (4,47,00,667) ਦਰਜ ਕੀਤੇ ਗਏ ਹਨ। ਸਿਹਤ ਮੰਤਰਾਲੇ ਨੇ ਕਿਹਾ ਕਿ ਸਰਗਰਮ ਮਾਮਲਿਆਂ ਵਿਚ ਹੁਣ ਕੁੱਲ ਲਾਗਾਂ ਦਾ 0.02 ਪ੍ਰਤੀਸ਼ਤ ਸ਼ਾਮਿਲ ਹੈ, ਜਦੋਂਕਿ ਰਾਸ਼ਟਰੀ ਕੋਵਿਡ -19 ਰਿਕਵਰੀ ਦਰ 98.79 ਫੀਸਦੀ ਦਰਜ ਕੀਤੀ ਗਈ ਹੈ।