ਨਵੀਂ ਦਿੱਲੀ : Air India Passenger misbehavior case : ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਏਅਰ ਇੰਡੀਆ ਦੀ ਫਲਾਈਟ ਵਿੱਚ ਇੱਕ ਔਰਤ ਉੱਤੇ ਪਿਸ਼ਾਬ ਕਰਨ ਵਾਲੇ ਮੁਲਜ਼ਮ ਸ਼ੰਕਰ ਮਿਸ਼ਰਾ ਨੂੰ ਜ਼ਮਾਨਤ ਦੇ ਦਿੱਤੀ ਹੈ। ਸ਼ੰਕਰ ਮਿਸ਼ਰਾ ਦੀ ਜ਼ਮਾਨਤ ਪਟੀਸ਼ਨ 'ਤੇ ਸੋਮਵਾਰ ਨੂੰ ਸੁਣਵਾਈ ਹੋਈ, ਜਿਸ 'ਚ ਅਦਾਲਤ ਨੇ ਇਸ ਪਟੀਸ਼ਨ 'ਤੇ ਆਪਣਾ ਫ਼ੈਸਲਾ ਸੁਰੱਖਿਅਤ ਰੱਖ ਲਿਆ ਸੀ। ਮੰਗਲਵਾਰ ਨੂੰ ਆਪਣਾ ਫ਼ੈਸਲਾ ਸੁਣਾਉਂਦੇ ਹੋਏ ਪਟਿਆਲਾ ਹਾਊਸ ਕੋਰਟ ਨੇ ਸ਼ੰਕਰ ਮਿਸ਼ਰਾ ਨੂੰ ਜ਼ਮਾਨਤ ਦੇ ਦਿੱਤੀ ਹੈ। ਦੱਸ ਦੇਈਏ ਕਿ ਸ਼ੰਕਰ ਮਿਸ਼ਰਾ ਨੂੰ ਪੁਲਿਸ ਨੇ 6 ਜਨਵਰੀ ਨੂੰ ਗ੍ਰਿਫਤਾਰ ਕੀਤਾ ਸੀ, ਉਦੋਂ ਤੋਂ ਉਹ ਜੇਲ੍ਹ ਵਿੱਚ ਹੈ।
ਇਤਾਲਵੀ ਔਰਤ ਗ੍ਰਿਫਤਾਰ
ਇਸ ਦੌਰਾਨ ਏਅਰ ਵਿਸਤਾਰਾ ਦੀ ਅਬੂਧਾਬੀ-ਮੁੰਬਈ ਫਲਾਈਟ ਦੇ ਚਾਲਕ ਦਲ ਦੇ ਮੈਂਬਰਾਂ ਨਾਲ ਕਥਿਤ ਤੌਰ 'ਤੇ ਹਮਲਾ ਕਰਨ ਦੇ ਦੋਸ਼ ਵਿੱਚ 45 ਸਾਲਾ ਇਤਾਲਵੀ ਔਰਤ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਵੈਸੇ ਉਸ ਨੂੰ ਥੋੜ੍ਹੇ ਸਮੇਂ ਵਿੱਚ ਜ਼ਮਾਨਤ ਵੀ ਮਿਲ ਗਈ। ਪੁਲਿਸ ਨੇ ਦੱਸਿਆ ਕਿ ਇਤਾਲਵੀ ਮੂਲ ਦੀ ਔਰਤ ਪਾਓਲਾ ਪੇਰੂਚਿਓ ਨੇ ਇਕਾਨਮੀ ਕਲਾਸ ਦੀ ਟਿਕਟ ਹੋਣ ਦੇ ਬਾਵਜੂਦ ਬਿਜ਼ਨਸ ਕਲਾਸ ਵਿਚ ਬੈਠਣ 'ਤੇ ਜ਼ੋਰ ਦਿੱਤਾ। ਜਦੋਂ ਕਰੂ ਨੇ ਇਨਕਾਰ ਕੀਤਾ ਤਾਂ ਉਸ ਨੇ ਝਗੜਾ ਸ਼ੁਰੂ ਕਰ ਦਿੱਤਾ ਅਤੇ ਕੈਬਿਨ ਕਰੂ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਇੰਨਾ ਹੀ ਨਹੀਂ, ਪਾਓਲਾ ਨੇ ਆਪਣੇ ਕੁਝ ਕੱਪੜੇ ਵੀ ਉਤਾਰ ਦਿੱਤੇ ਅਤੇ ਸੜਕ ਦੇ ਵਿਚਕਾਰ ਚੱਲਣ ਲੱਗੀ। ਇਹ ਮਾਮਲਾ 30 ਜਨਵਰੀ ਦਾ ਹੈ।
ਏਅਰਲਾਈਨ ਨੇ ਸ਼ਿਕਾਇਤ ਦਰਜ ਕਰਵਾਈ ਹੈ
ਵਿਸਤਾਰਾ ਏਅਰਲਾਈਨ ਨੇ ਇਕ ਬਿਆਨ ਜਾਰੀ ਕਰਕੇ ਕਿਹਾ ਕਿ ਝਗੜੇ ਦੌਰਾਨ ਕਿਸੇ ਹੋਰ ਯਾਤਰੀ ਨੂੰ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਪਹੁੰਚਿਆ ਅਤੇ ਇਸ ਨੂੰ ਏਅਰਲਾਈਨ ਦੇ ਅਮਲੇ ਨੇ ਪੇਸ਼ੇਵਰ ਤਰੀਕੇ ਨਾਲ ਸੰਭਾਲਿਆ। ਪੁਲਿਸ ਨੇ ਵੀ ਮਾਮਲੇ ਦੀ ਸੂਚਨਾ ਮਿਲਦੇ ਹੀ ਯਾਤਰੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਕਈ ਮਾਮਲੇ ਸਾਹਮਣੇ ਆ ਰਹੇ ਹਨ
ਪਿਛਲੇ ਕੁਝ ਦਿਨਾਂ ਤੋਂ ਫਲਾਈਟਾਂ 'ਚ ਯਾਤਰੀਆਂ ਵਲੋਂ ਹੰਗਾਮਾ ਕਰਨ ਦੇ ਕਈ ਮਾਮਲੇ ਸਾਹਮਣੇ ਆਏ ਹਨ। ਹਾਲ ਹੀ 'ਚ ਦਿੱਲੀ ਤੋਂ ਹੈਦਰਾਬਾਦ ਜਾ ਰਹੀ ਸਪਾਈਸਜੈੱਟ ਦੀ ਫਲਾਈਟ 'ਚ ਇਕ ਯਾਤਰੀ ਨੇ ਕੈਬਿਨ ਕਰੂ ਨਾਲ ਦੁਰਵਿਹਾਰ ਕੀਤਾ। ਬਾਅਦ 'ਚ ਦੋਸ਼ੀ ਯਾਤਰੀ ਅਤੇ ਉਸ ਦੇ ਸਾਥੀ ਨੂੰ ਜਹਾਜ਼ ਤੋਂ ਉਤਾਰ ਕੇ ਸੁਰੱਖਿਆ ਟੀਮ ਦੇ ਹਵਾਲੇ ਕਰ ਦਿੱਤਾ ਗਿਆ। ਇਸ ਮਾਮਲੇ ਵਿੱਚ ਸਖ਼ਤ ਕਾਰਵਾਈ ਕਰਦੇ ਹੋਏ ਡੀਜੀਸੀਏ ਨੇ ਸਾਰੀਆਂ ਏਅਰਲਾਈਨਾਂ ਨੂੰ ਅਜਿਹੇ ਮਾਮਲਿਆਂ ਬਾਰੇ ਤੁਰੰਤ ਸੂਚਿਤ ਕਰਨ ਅਤੇ ਉਚਿਤ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ ਹਨ। ਰਿਪੋਰਟਿੰਗ ਵਿੱਚ ਦੇਰੀ ਲਈ ਕੁਝ ਏਅਰਲਾਈਨਾਂ ਨੂੰ ਜੁਰਮਾਨਾ ਵੀ ਲਗਾਇਆ ਗਿਆ ਹੈ।