ਨਵੀਂ ਦਿੱਲੀ, ਏਐੱਨਆਈ : ਯੂਰੋਪੀਅਨ ਸੁਸਾਇਟੀ ਆਫ ਕਾਰਡੀਓਲੋਜੀ ਦੇ ਐੱਸਐੱਨਏਪੀ-ਯੂਰੋਹਾਰਟਕੇਅਰ ਕਾਂਗਰਸ-2022 ’ਚ ਪੇਸ਼ ਇਕ ਅਧਿਐਨ ’ਚ ਦਾਅਵਾ ਕੀਤਾ ਗਿਆ ਹੈ ਕਿ ਘੱਟ ਗਲਾਇਸੈਮਿਕ ਇੰਡੈਕਸ (ਜੀਆਈ) ਵਾਲੀਆਂ ਖ਼ੁਰਾਕਾਂ ਦਿਲ ਦੇ ਮਰੀਜ਼ਾਂ ਨੂੰ ਵਜ਼ਨ ਘੱਟ ਕਰਨ ਵਿਚ ਮਦਦ ਕਰਦੀਆਂ ਹਨ। ਜੀਆਈ, ਬਲੱਡ ਸ਼ੂਗਰ ਦੇ ਪੱਧਰ ਨੂੰ ਵਧਾਉਣ ਦੀ ਸਮਰੱਥਾ ਦੇ ਆਧਾਰ ’ਤੇ ਫੈਟ ਵਾਲੇ ਖਾਣੇ ਨੂੰ ਰੈਂਕ ਪ੍ਰਦਾਨ ਕਰਨ ਦੀ ਇਕ ਪ੍ਰਣਾਲੀ ਹੈ। ਉੱਚ ਜੀਆਈ ਵਾਲੀ ਖ਼ੁਰਾਕ ਖ਼ੂਨ ’ਚ ਸ਼ੂਗਰ ਦੀ ਮਾਤਰਾ ਨੂੰ ਤੇਜ਼ੀ ਨਾਲ ਵਧਾਉਂਦੀ ਹੈ। ਇਨ੍ਹਾਂ ’ਚ ਵ੍ਹਾਈਟ ਬ੍ਰੈੱਡ, ਚੌਲ, ਆਲੂ ਤੇ ਮਠਿਆਈਆਂ ਸ਼ਾਮਲ ਹਨ।
ਘੱਟ ਜੀਆਈ ਵਾਲੀ ਖ਼ੁਰਾਕ ਦੇਰ ਨਾਲ ਪਚਦੀ ਹੈ ਜਿਸ ਕਾਰਨ ਸ਼ੂਗਰ ਦਾ ਪੱਧਰ ਵੀ ਹੌਲੀ-ਹੌਲੀ ਵਧਦਾ ਹੈ। ਇਨ੍ਹਾਂ ਵਿਚ ਸੇਬ, ਸੰਤਰਾ, ਬ੍ਰੋਕਲੀ, ਬੀਂਸ ਅਤੇ ਬ੍ਰਾਊਨ ਰਾਈਸ ਤੇ ਓਟਸ ਆਦਿ ਸ਼ਾਮਲ ਹਨ। ਮਾਸ ਤੇ ਮੱਛੀ ਆਦਿ ਦੀ ਜੀਆਈ ਰੈਂਕਿੰਗ ਨਹੀਂ ਕੀਤੀ ਗਈ ਹੈ, ਕਿਉਂਕਿ ਉਨ੍ਹਾਂ ਵਿਚ ਕਾਰਬੋਹਾਈਡ੍ਰੇਟ ਨਹੀਂ ਹੁੰਦਾ ਹੈ। ਪਹਿਲਾਂ ਦੇ ਅਧਿਐਨਾਂ ਵਿਚ ਪਾਇਆ ਗਿਆ ਹੈ ਕਿ ਉੱਚ ਜੀਆਈ ਵਾਲੀਆਂ ਖ਼ੁਰਾਕਾਂ ਨਾਲ ਦਿਲ ਦੀਆਂ ਬਿਮਾਰੀਆਂ ਤੇ ਟਾਈਪ-2 ਡਾਇਬਟੀਜ਼ ਦਾ ਖ਼ਤਰਾ ਵਧ ਜਾਂਦਾ ਹੈ। ਹਾਲੀਆ ਅਧਿਐਨ ਦੱਸਦਾ ਹੈ ਕਿ ਘੱਟ ਜੀਆਈ ਵਾਲੀਆਂ ਖ਼ੁਰਾਕਾਂ ਬਾਡੀ ਮਾਸ ਇੰਡੈਕਸ (ਬੀਐੱਮਆਈ) ਸੰਤੁਲਿਤ ਰੱਖਣ ’ਚ ਮਦਦ ਕਰਦੀਆਂ ਹਨ। ਸਾਲ 2016-19 ਤਕ ਚੱਲੇ ਅਧਿਐਨ ਵਿਚ 38-76 ਸਾਲ ਦੇ 160 ਮਰੀਜ਼ਾਂ ਨੂੰ ਸ਼ਾਮਲ ਕੀਤਾ ਗਿਆ ਹੈ। ਇਨ੍ਹਾਂ ਦੇ ਇਕ ਸਮੂਹ ਨੂੰ ਆਮ, ਜਦਕਿ ਦੂਜੇ ਨੂੰ ਘੱਟ ਜੀਆਈ ਵਾਲੀ ਖ਼ੁਰਾਕ ’ਤੇ ਤਿੰਨ ਮਹੀਨਿਆਂ ਤਕ ਰੱਖਿਆ ਗਿਆ। ਇਸ ਤੋਂ ਬਾਅਦ ਦੋਵੇਂ ਸਮੂਹਾਂ ਦੇ ਲੋਕਾਂ ਦੀ ਬੀਐੱਮਆਈ ਤੇ ਸਰੀਰਕ ਸੰਰਚਨਾ ਮਾਪੀ ਗਈ, ਤਾਂ ਘੱਟ ਜੀਆਈ ਖ਼ੁਰਾਕ ਵਾਲੇ ਸਮੂਹ ਵਿਚ ਵੱਡਾ ਸਕਾਰਾਤਮਕ ਪਰਿਵਰਤਨ ਦੇਖਿਆ ਗਿਆ।