ਜਾਗਰਣ ਬਿਊਰੋ, ਨਵੀਂ ਦਿੱਲੀ : ਮਹਿੰਗਾਈ ਅਤੇ ਚੋਣਾਂ ਨੂੰ ਦੇਖਦੇ ਹੋਏ ਅਰਥਸ਼ਾਸਤਰੀ ਅਤੇ ਟੈਕਸ ਮਾਹਰ ਆਗਾਮੀ ਬਜਟ ਵਿਚ ਇਨਕਮ ਟੈਕਸ ਵਿਚ ਰਾਹਤ ਦੀ ਉਮੀਦ ਕਰ ਰਹੇ ਹਨ। ਇਨਕਮ ਟੈਕਸ ਨਾਲ ਸਭ ਤੋਂ ਵੱਧ ਪ੍ਰਭਾਵਿਤ ਤਨਖ਼ਾਹਦਾਰ ਵਰਗ ਤੇ ਮੱਧ ਵਰਗ ਹੁੰਦਾ ਹੈ। ਕਈ ਸਾਲਾਂ ਤੋਂ ਇਨਕਮ ਟੈਕਸ ਦੀ ਛੋਟ ਸੀਮਾ ਅਤੇ 80ਸੀ ਤਹਿਤ ਮਿਲਣ ਵਾਲੀ ਛੋਟ ਸੀਮਾ ਨਹੀਂ ਵਧਾਈ ਗਈ ਹੈ। ਵਿੱਤੀ ਵਰ੍ਹੇ 2014-15 ਵਿਚ 80ਸੀ ਤਹਿਤ ਛੋਟ ਦੀ ਸੀਮਾ ਨੂੰ ਇਕ ਲੱਖ ਰੁਪਏ ਤੋਂ ਵਧਾ ਕੇ 1.5 ਲੱਖ ਰੁਪਏ ਕਰ ਦਿੱਤਾ ਗਿਆ ਸੀ, ਜੋ ਹੁਣ ਤਕ ਚੱਲ ਰਹੀ ਹੈ। ਦੋ ਸਾਲ ਪਹਿਲਾਂ ਜ਼ਰੂਰ ਵਿੱਤ ਮੰਤਰੀ ਵੱਲੋਂ ਨਵੇਂ ਟੈਕਸ ਖਰੜੇ ਦਾ ਐਲਾਨ ਕੀਤਾ ਗਿਆ ਪਰ ਖਰੜੇ ਵਿਚ ਟੈਕਸ ਦੀਆਂ ਕਈ ਸਲੈਬਾਂ ਹੋਣ ਅਤੇ 80ਸੀ ਤਹਿਤ ਮਿਲਣ ਵਾਲੀ ਛੋਟ ਵਰਗੀਆਂ ਕਈ ਸਹੂਲਤਾਂ ਨਾ ਹੋਣ ਨਾਲ ਟੈਕਸ ਦੇਣ ਵਾਲਿਆਂ ਨੂੰ ਇਹ ਖਰੜਾ ਕਿਤੋਂ ਵੀ ਆਕਰਸ਼ਕ ਨਹੀਂ ਲੱਗਾ। ਇਹੀ ਵਜ੍ਹਾ ਹੈ ਕਿ ਮੁਲਾਂਕਣ ਵਰ੍ਹਾ 2022-23 ਵਿਚ 7.3 ਕਰੋੜ ਤੋਂ ਵੱਧ ਟੈਕਸ ਦਾਤਿਆਂ ਨੇ ਰਿਟਰਨ ਫਾਈਲ ਕੀਤੀ ਪਰ ਦਸ ਫ਼ੀਸਦੀ ਟੈਕਸ ਦਾਤਿਆਂ ਨੇ ਵੀ ਨਵੀਂ ਸਲੈਬ ਵਿਚ ਰੁਚੀ ਨਹੀਂ ਦਿਖਾਈ।
ਬੈਂਕ ਆਫ ਬੜੌਦਾ ਦੇ ਮੁੱਖ ਅਰਥਸ਼ਾਸਤਰੀ ਮਦਨ ਸਬਨਵੀਸ ਕਹਿੰਦੇ ਹਨ ਕਿ 2024 ਵਿਚ ਆਮ ਚੋਣਾਂ ਨੂੰ ਧਿਆਨ ਵਿਚ ਰੱਖਦੇ ਹੋਏ ਇਸ ਵਾਰ ਦੇ ਬਜਟ ਵਿਚ ਮੱਧ ਵਰਗ ਲਈ ਟੈਕਸ ’ਚ ਰਾਹਤ ਅਤੇ ਗ਼ਰੀਬ ਨੂੰ ਪ੍ਰਤੱਖ ਸਹਾਇਤਾ ਵਿਚ ਵਾਧੇ ਦੀ ਉਮੀਦ ਕੀਤੀ ਜਾ ਸਕਦੀ ਹੈ। ਨਵੇਂ ਟੈਕਸ ਖਰੜੇ ਵਿਚ ਬਦਲਾਅ ਦੇ ਨਾਲ ਸਰਕਾਰ ਪੁਰਾਣੇ ਟੈਕਸ ਖਰੜੇ ਵਿਚ ਆਮਦਨ ਕਰ ਛੋਟ ਹੱਦ ਨੂੰ 2.5 ਲੱਖ ਰੁਪਏ ਤੋਂ ਵਧਾ ਕੇ ਤਿੰਨ ਲੱਖ ਰੁਪਏ ਤਕ ਕਰ ਸਕਦੀ ਹੈ। ਹਰ ਸਾਲ ਵਧਣ ਵਾਲੀ ਮਹਿੰਗਾਈ ਤੇ ਹਾਲ ਹੀ ਵਿਚ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਵੀ ਕਿਹਾ ਸੀ ਕਿ ਉਹ ਵੀ ਮੱਧ ਵਰਗ ਤੋਂ ਆਉਂਦੀ ਹਨ, ਜਿਵੇਂ ਗੱਲਾਂ ਨੂੰ ਧਿਆਨ ਵਿਚ ਰੱਖਦੇ ਹੋਏ ਬਜਟ ਵਿਚ ਇਨਕਮ ਟੈਕਸ ਵਿਚ ਕੁਝ ਰਾਹਤ ਮਿਲ ਸਕਦੀ ਹੈ। ਫਾਇਨੈਂਸ਼ੀਅਲ ਪਲਾਨਿੰਗ ਫਰਮ ਹਮ ਫ਼ੌਜੀ ਇਨੀਸ਼ੀਏਟਿਵ ਦੇ ਸੀਈਓ ਕਰਨਲ ਸੰਜੀਵ ਕੋਵਿਲਾ ਕਹਿੰਦੇ ਹਨ, ਵਿੱਤੀ ਵਰ੍ਹੇ 2014-15 ਵਿਚ ਜਦੋਂ 80ਸੀ ਦੀ ਛੋਟ ਸੀਮਾ ਨੂੰ ਵਧਾ ਕੇ ਇਕ ਲੱਖ ਤੋਂ ਵਧਾ ਕੇ ਡੇਢ ਲੱਖ ਕੀਤਾ ਗਿਆ ਸੀ, ਉਦੋਂ ਲਾਗਤ ਮਹਿੰਗਾਈ ਸੂਚਕ ਅੰਕ (ਕੌਸਟ ਇਨਫਲੇਸ਼ਨ ਇੰਡੈਕਸ) 240 ਸੀ। ਵਰਤਮਾਨ ਵਿਚ ਛੇ ਫ਼ੀਸਦੀ ਦੀ ਦਰ ਨਾਲ ਮਹਿੰਗਾਈ ਨੂੰ ਧਿਆਨ ਵਿਚ ਰੱਖਦੇ ਹੋਏ ਇਹ ਇੰਡੈਕਸ 351 ਹੁੰਦਾ ਹੈ। ਇਸ ਹਿਸਾਬ ਨਾਲ 80ਸੀ ਤਹਿਤ 2.19 ਲੱਖ ਤਕ ਦੀ ਛੋਟ ਮਿਲਣੀ ਚਾਹੀਦੀ।
ਟੈਕਸ ਸਲਾਹਕਾਰ ਫਰਮ ਟੈਕਸ ਕੁਨੈਕਟ ਐਡਵਾਇਜ਼ਰੀ ਦੇ ਵਿਵੇਕ ਜਾਲਾਨ ਨੇ ਦੱਸਿਆ ਕਿ ਸਰਕਾਰ ਨੇ ਕਾਰਪੋਰੇਟ ਟੈਕਸ ਵਿਚ ਤਾਂ ਛੋਟ ਦੇ ਦਿੱਤੀ ਪਰ ਪਰਸਨਲ ਟੈਕਸ ਵਿਚ ਸਾਲਾਂ ਤੋਂ ਕੋਈ ਰਾਹਤ ਨਹੀਂ ਦਿੱਤੀ ਗਈ। 2.5 ਲੱਖ ਤਕ ਦੀ ਛੋਟ ਸੀਮਾ ਨੂੰ ਤਿੰਨ ਲੱਖ ਤਕ ਕੀਤਾ ਜਾ ਸਕਦਾ ਹੈ। ਕੁਝ ਮਾਹਰਾਂ ਨੇ ਦੱਸਿਆ ਕਿ ਦੋ ਸਾਲ ਪਹਿਲਾਂ ਐਲਾਨੇ ਨਵੇਂ ਟੈਕਸ ਖਰੜੇ ਵਿਚ ਕਈ ਸਲੈਬਾਂ ਹਨ, ਜਿਨ੍ਹਾਂ ਨੂੰ ਘੱਟ ਕੀਤਾ ਜਾ ਸਕਦਾ ਹੈ।