ਨਵੀਂ ਦਿੱਲੀ, ਆਨਲਾਈਨ ਡੈਸਕ : ਸੰਸਦ ਦੇ ਬਜਟ ਸੈਸ਼ਨ ਦੇ ਦੂਜੇ ਪੜਾਅ ਦੀ ਕਾਰਵਾਈ ਦੌਰਾਨ ਸ਼ੱੁਕਰਵਾਰ ਨੂੰ ਲੋਕ ਸਭਾ ਅਤੇ ਰਾਜ ਸਭਾ ’ਚ ਕਾਫੀ ਹੰਗਾਮਾ ਹੋਇਆ। ਹੰਗਾਮੇ ਕਾਰਨ ਲੋਕ ਸਭਾ ਦੀ ਕਾਰਵਾਈ ਦੁਪਹਿਰ 12 ਵਜੇ ਤਕ ਮੁਲਤਵੀ ਕਰ ਦਿੱਤੀ ਗਈ ਹੈ। ਰਾਜ ਸਭਾ ਦੀ ਕਾਰਵਾਈ ਦੁਪਹਿਰ 2.30 ਵਜੇ ਤਕ ਮੁਲਤਵੀ ਕਰ ਦਿੱਤੀ ਗਈ ਹੈ। ਭਾਜਪਾ ਆਗੂ ਲੰਡਨ ’ਚ ਦਿੱਤੇ ਬਿਆਨ ਲਈ ਰਾਹੁਲ ਗਾਂਧੀ ਤੋਂ ਮਾਫ਼ੀ ਮੰਗਣ ਦੀ ਮੰਗ ਕਰ ਰਹੇ ਹਨ, ਜਦੋਂਕਿ ਕਾਂਗਰਸੀ ਗੌਤਮ ਅਡਾਨੀ ਮਾਮਲੇ ਦੀ ਜੇਪੀਸੀ ਜਾਂਚ ਦੀ ਮੰਗ ਕਰ ਰਹੇ ਹਨ।
ਕਾਂਗਰਸ ਦੀ ਮੀਟਿੰਗ
ਸੰਸਦ ਦੀ ਕਾਰਵਾਈ ਤੋਂ ਪਹਿਲਾਂ ਕਾਂਗਰਸ ਦੇ ਸੰਸਦ ਮੈਂਬਰਾਂ ਦੀ ਮੀਟਿੰਗ ਹੋਈ ਹੈ। ਸੰਸਦ ਵਿਚ ਕਾਂਗਰਸ ਦੇ ਸੰਸਦੀ ਦਫਤਰ ਵਿਚ ਹੋਈ ਮੀਟਿੰਗ ਵਿੱਚ ਰਾਹੁਲ ਗਾਂਧੀ ਵੀ ਸ਼ਾਮਿਲ ਹੋਏ। ਰਾਹੁਲ ਤੋਂ ਇਲਾਵਾ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਅਤੇ ਸੋਨੀਆ ਗਾਂਧੀ ਵੀ ਮੌਜੂਦ ਸਨ।
ਲੋਕਤੰਤਰ ਨੂੰ ਖਤਮ ਕਰਨ ਦੀ ਕੋਸ਼ਿਸ਼ : ਖੜਗੇ
ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਿਹਾ ਕਿ ਜਨਤਾ ਦਾ ਪੈਸਾ ਕਢਵਾਉਣ ਤੋਂ ਬਾਅਦ ਕਰਜ਼ਾ ਦਿੱਤਾ ਗਿਆ ਸੀ। ਅਡਾਨੀ ਸਮੂਹ ਦੀ ਜਾਇਦਾਦ ਬਾਰੇ ਕੋਈ ਜਾਣਕਾਰੀ ਨਹੀਂ ਲਈ ਗਈ। ਅੱਜ LIC ਕਮਜ਼ੋਰ ਹੋ ਰਿਹਾ ਹੈ, ਬੈਂਕ ਕਮਜ਼ੋਰ ਹੋ ਰਹੇ ਹਨ। ਅਸੀਂ ਇਸ 'ਤੇ ਜੇਪੀਸੀ ਚਾਹੁੰਦੇ ਹਾਂ, ਪਰ ਸਰਕਾਰ ਸੁਣਨਾ ਨਹੀਂ ਚਾਹੁੰਦੀ। ਖੜਗੇ ਨੇ ਅੱਗੇ ਕਿਹਾ ਕਿ ਰਾਹੁਲ ਗਾਂਧੀ ਸੱਚ ਬੋਲ ਰਹੇ ਹਨ, ਉਨ੍ਹਾਂ ਨੇ ਅਡਾਨੀ ਨਾਲ ਜੁੜਿਆ ਮੁੱਦਾ ਸੰਸਦ 'ਚ ਉਠਾਇਆ। ਕੀ ਇਹ ਗਲਤ ਹੈ? ਅੱਜ ਰਾਹੁਲ ਗਾਂਧੀ ਨੂੰ ਬੋਲਣ ਨਹੀਂ ਦਿੱਤਾ ਜਾ ਰਿਹਾ ਹੈ। ਇਸ ਦਾ ਮਤਲੱਬ ਕੀ ਹੈ? ਲੋਕਤੰਤਰ ਨੂੰ ਤਬਾਹ ਕਰਨ ਦਾ ਕੰਮ ਕੀਤਾ ਜਾ ਰਿਹਾ ਹੈ। ਜੇਕਰ ਅਜਿਹਾ ਹੀ ਚੱਲਦਾ ਰਿਹਾ ਤਾਂ ਇੱਕ ਦਿਨ ਦੇਸ਼ ਵਿੱਚ ਤਾਨਾਸ਼ਾਹੀ ਆ ਜਾਵੇਗੀ।