ਸਟੇਟ ਬਿਊਰੋ, ਕੋਲਕਾਤਾ : ਬੰਗਾਲ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਆਗੂ ਤੇ ਨੰਦੀਗ੍ਰਾਮ ਤੋਂ ਭਾਜਪਾ ਵਿਧਾਇਕ ਸੁਵੇਂਦੂ ਅਧਿਕਾਰੀ ਨੇ ਦਾਅਵਾ ਕੀਤਾ ਹੈ ਕਿ ਸੂੁਬੇ ’ਚ 2024 ’ਚ ਲੋਕ ਸਭਾ ਤੇ ਵਿਧਾਨ ਸਭਾ ਚੋਣਾਂ ਇਕੱਠੀਆਂ ਹੋਣਗੀਆਂ। ਉਨ੍ਹਾਂ ਕਿਹਾ ਕਿ ਅਗਲੀਆਂ ਵਿਧਾਨ ਸਭਾ ਚੋਣਾਂ ਲਈ 2026 ਤਕ ਉਡੀਕ ਕਰਨ ਦੀ ਲੋੜ ਨਹੀਂ ਪਵੇਗੀ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਬੰਗਾਲ ’ਚ 1991 ’ਚ ਲੋਕ ਸਭਾ ਤੇ ਵਿਧਾਨ ਸਭਾ ਚੋਣਾਂ ਇਕੱਠੀਆਂ ਹੋਈਆਂ ਸਨ। ਉਦੋਂ ਸੂਬੇ ’ਚ ਇਕ ਸਾਲ ਪਹਿਲਾਂ ਹੀ ਚੋਣਾਂ ਹੋਈਆਂ ਸਨ।
ਬੰਗਾਲ ’ਚ ਪਿਛਲੀਆਂ ਵਿਧਾਨ ਸਭਾ ਚੋਣਾਂ 2021 ’ਚ ਹੋਈਆਂ ਸਨ ਜਿਸ ’ਚ ਤ੍ਰਿਣਮੂਲ ਕਾਂਗਰਸ ਨੇ ਬਹੁਮਤ ਨਾਲ ਲਗਾਤਾਰ ਤੀਜੀ ਵਾਰ ਸੱਤਾ ’ਚ ਵਾਪਸੀ ਕੀਤੀ ਸੀ। ਉਸ ਹਿਸਾਬ ਨਾਲ ਅਗਲੀਆਂ ਵਿਧਾਨ ਸਭਾ ਚੋਣਾਂ 2026 ’ਚ ਹੋਣੀਆਂ ਹਨ ਪਰ ਸੁਵੇਂਦੂ ਨੇ ਇਹ ਦਾਅਵਾ ਕਰ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਉਨ੍ਹਾਂ ਇਸ ਪਿੱਛੇ ਤਰਕ ਦਿੰਦਿਆਂ ਕਿਹਾ ਕਿ ਬੰਗਾਲ ’ਚ ਕਾਨੂੰਨ ਵਿਵਸਥਾ ਦੀ ਜਿਹੜੀ ਸਥਿਤੀ ਹੈ ਤੇ ਖ਼ਜ਼ਾਨਾ ਜਿਸ ਤਰ੍ਹਾਂ ਖਾਲੀ ਹੋ ਰਿਹਾ ਹੈ, ਉਸ ਨਾਲ ਤ੍ਰਿਣਮੂਲ ਕਾਂਗਰਸ ਨੂੰ ਆਪਣਾ ਕਾਰਜਕਾਲ ਪੂੁਰਾ ਕਰਨ ਤੋਂ ਪਹਿਲਾਂ ਹੀ ਵਿਧਾਨ ਸਭਾ ਭੰਗ ਕਰਨੀ ਪਵੇਗੀ।
ਇਸ ’ਤੇ ਪਲਟਵਾਰ ਕਰਦੇ ਹੋਏ ਤ੍ਰਿਣਮੂਲ ਕਾਂਗਰਸ ਦੇ ਬੁਲਾਰੇ ਕੁਣਾਲ ਘੋਸ਼ ਨੇ ਕਿਹਾ, ‘ਸਾਰੇ ਇਕ-ਇਕ ਕਰ ਕੇ ਭਾਜਪਾ ਛੱਡ ਰਹੇ ਹਨ। ਭਾਜਪਾ ਦੀ ਕੇਂਦਰੀ ਲੀਡਰਸ਼ਿਪ ਸਾਹਮਣੇ ਉਸ ਦੇ ਬੰਗਾਲ ਦੇ ਆਗੂਆਂ ਦੀ ਭਰੋਸੇਯੋਗਤਾ ਹੇਠਲੇ ਪੱਧਰ ’ਤੇ ਚਲੀ ਗਈ ਹੈ। ਇਸ ਹਾਲਤ ’ਚ ਮੂੰਹ ਬਚਾਉਣ ਲਈ ਅਜਿਹੀਆਂ ਗੱਲਾਂ ਕਹੀਆਂ ਜਾ ਰਹੀਆਂ ਹਨ। ਸੁਵੇਂਦੂ ਖ਼ੁਦ ਵੀ ਜਾਣਦੇ ਹਨ ਕਿ ਅਜਿਹਾ ਕੁਝ ਨਹੀਂ ਹੋਣ ਵਾਲਾ।’