ਨਵੀਂ ਦਿੱਲੀ. ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Narendra Modi) ਨੇ ਆਗਾਮੀ ਤਿੰਨ ਜਨਵਰੀ 15-18 ਸਾਲ ਦੀ ਉਮਰ ਦੇ ਵਿਚਕਾਰਲੇ ਬੱਚਿਆਂ ਲਈ ਕੋਰੋਨਾ ਵੈਕਸੀਨਸ਼ਨ (Corona Vaccination) ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਏਨਾ ਹੀ ਨਹੀਂ, ਸਿਹਤ ਕਾਮਿਆਂ, ਫਰੰਟਲਾਈਨ ਵਰਕਰਜ਼ ਤੇ ਹੋਰ ਗੰਭੀਰ ਬਿਮਾਰੀਆਂ ਤੋਂ ਪੀੜਤ 60 ਸਾਲ ਤੋਂ ਜ਼ਿਆਦਾ ਉਮਰ ਦੇ ਲੋਕਾਂ ਨੂੰ ਇਹਤਿਆਤਨ ਪ੍ਰੀਕੌਸ਼ਨ ਡੋਜ਼ (Precaution Dose) ਦੇਣ ਦੀ ਵੀ ਸ਼ੁਰੂਆਤ 10 ਜਨਵਰੀ ਤੋਂ ਹੋਵੇਗੀ। ਇਕ ਪਾਸੇ ਜਿੱਥੇ ਪੀਐਮ ਮੋਦੀ ਦੇ ਇਸ ਫ਼ੈਸਲੇ ਦੀ ਹਰ ਪਾਸੇ ਤਾਰੀਫ ਹੋ ਰਹੀ ਹੈ ਉੱਥੇ ਹੀ ਦੂਸਰੇ ਪਾਸੇ ਵਿਰੋਧੀ ਧਿਰ ਨੇ ਇਸ ਪਹਿਲ ਦਾ ਕ੍ਰੈਡਿਟ ਲੈਣਾ ਸ਼ੁਰੂ ਕਰ ਦਿੱਤਾ ਹੈ। ਵਿਰੋਧੀ ਧਿਰ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਵਾਰ-ਵਾਰ ਜ਼ੋਰ ਦੇਣ ਦੀ ਵਜ੍ਹਾ ਨਾਲ ਪੀਐੱਮ ਮੋਦੀ ਨੂੰ ਇਹ ਫ਼ੈਸਲਾ ਲੈਣ ਲਈ ਮਜਬੂਰ ਹੋਣਾ ਪਿਆ ਹੈ।
ਕਾਂਗਰਸੀ ਆਗੂ ਰਾਹੁਲ ਗਾਂਧੀ (Rahul Gandhi) ਨੇ ਇਸ ਫ਼ੈਸਲੇ 'ਤੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਉਨ੍ਹਾਂ ਦਾ ਸੁਝਾਅ ਮੰਨ ਲਿਆ ਹੈ। ਉਨ੍ਹਾਂ ਟਵੀਟ ਕਰਦੇ ਹੋਏ ਲਿਖਿਆ, 'ਕੇਂਦਰ ਸਰਕਾਰ ਨੇ ਬੂਸਟਰ ਡੋਜ਼ ਦਾ ਮੇਰਾ ਸੁਝਾਅ ਮੰਨ ਲਿਆ ਹੈ। ਇਹ ਇਕ ਸਹੀ ਕਦਮ ਹੈ। ਦੇਸ਼ ਦੇ ਜਨ-ਜਨ ਤਕ ਵੈਕਸੀਨ ਤੇ ਬੂਸਟਰ ਦੀ ਸੁਰੱਖਿਆ ਪਹੁੰਚਾਉਣੀ ਪਵੇਗੀ।' ਇਸ ਤੋਂ ਪਹਿਲਾਂ ਰਾਹੁਲ ਗਾਂਧੀ ਨੇ ਟਵਿੱਟਰ 'ਤੇ ਲਿਖਿਆ ਸੀ, 'ਸਾਡੀ ਜ਼ਿਆਦਾਤਰ ਆਬਾਦੀ ਦਾ ਹਾਲੇ ਵੀ ਟੀਕਾਕਰਨ ਨਹੀਂ ਹੋਇਆ ਹੈ। ਭਾਰਤ ਸਰਕਾਰ ਬੂਸਟਰ ਸ਼ਾਟਸ ਦੇਣੀ ਕਦੋਂ ਤੋਂ ਸ਼ੁਰੂ ਕਰੇਗੀ?'