ਜੇਐੱਨਐੱਨ, ਨਵੀਂ ਦਿੱਲੀ : ਦੇਸ਼ ’ਚ ਕੋਰੋਨਾ ਮਹਾਮਾਰੀ ਦੇ ਸੁਧਰਦੇ ਹਾਲਾਤ ਵਿਚਾਲੇ ਪਿਛਲੇ ਦੋ ਦਿਨਾਂ ਤੋਂ ਮੌਤਾਂ ਦਾ ਅੰਕੜਾ ਵਧਿਆ ਨਜ਼ਰ ਆ ਰਿਹਾ ਹੈ। ਦਰਅਸਲ, ਇਸ ਦੀ ਮੁੱਖ ਵਜ੍ਹਾ ਕੇਰਲ ਵੱਲੋਂ ਪਿਛਲੇ ਦਿਨੀਂ ਹੋਈਆਂ ਮੌਤਾਂ ਨੂੰ ਨਵੇਂ ਅੰਕੜਿਆਂ ਨਾਲ ਜੋੜਨਾ ਹੈ। ਹਾਲਾਂਕਿ, ਬੰਗਾਲ ਤੇ ਮਿਜ਼ੋਰਮ ਵਰਗੇ ਕੁਝ ਸੂਬਿਆਂ ਵਿਚ ਨਵੇਂ ਮਾਮਲੇ ਵਧ ਰਹੇ ਹਨ ਅਤੇ ਕੇਰਲ ਵਿਚ ਪਹਿਲਾਂ ਤੋਂ ਹੀ ਇਨਫੈਕਸ਼ਨ ਦਾ ਗ੍ਰਾਫ ਚੜ੍ਹਿਆ ਹੋਇਆ ਹੈ। ਵੈਸੇ ਪਿਛਲੇ ਇਕ ਦਿਨ ਦੀ ਗੱਲ ਕਰੀਏ ਤਾਂ ਮਿਜ਼ੋਰਮ ’ਚ ਨਵੇਂ ਮਾਮਲੇ ਕੁਝ ਘਟੇ ਹਨ।
ਕੇਂਦਰੀ ਸਿਹਤ ਮੰਤਰਾਲੇ ਵੱਲੋਂ ਐਤਵਾਰ ਸਵੇਰੇ ਅੱਠ ਵਜੇ ਅਪਡੇਟ ਕੀਤੇ ਗਏ ਅੰਕੜਿਆਂ ਮੁਤਾਬਕ, ਪਿਛਲੇ 24 ਘੰਟਿਆਂ ਵਿਚ ਦੇਸ਼ ਭਰ ਵਿਚ 15,906 ਨਵੇਂ ਮਾਮਲੇ ਮਿਲੇ ਹਨ ਅਤੇ 561 ਲੋਕਾਂ ਦੀ ਮੌਤ ਹੋਈ ਹੈ। ਇਨ੍ਹਾਂ ਵਿਚੋਂ ਕਰੀਬ ਨੌਂ ਹਜ਼ਾਰ ਮਾਮਲੇ ਅਤੇ 65 ਮੌਤਾਂ ਇਕੱਲੇ ਕੇਰਲ ਤੋਂ ਹਨ। ਕੇਰਲ ਨੇ ਪਿਛਲੇ ਕੁਝ ਦਿਨਾਂ ਦੌਰਾਨ ਹੋਈਆਂ 399 ਮੌਤਾਂ ਨੂੰ ਵੀ ਨਵੇਂ ਅੰਕੜਿਆਂ ’ਚ ਜੋੜਿਆ ਹੈ, ਜਿਸ ਨਾਲ ਇਕ ਦਿਨ ਵਿਚ ਮੌਤਾਂ ਦਾ ਅੰਕੜਾ ਵਧ ਗਿਆ ਹੈ।
ਇਸ ਤੋਂ ਇਲਾਵਾ ਮਹਾਮਾਰੀ ਦੀ ਸਥਿਤੀ ਕੰਟਰੋਲ ’ਚ ਨਜ਼ਰ ਆ ਰਹੀ ਹੈ। ਸਰਗਰਮ ਮਾਮਲਿਆਂ ਵਿਚ ਇਕ ਹਜ਼ਾਰ ਤੋਂ ਜ਼ਿਆਦਾ ਦੀ ਗਿਰਾਵਟ ਹੋਈ ਹੈ। ਵਰਤਮਾਨ ’ਚ ਸਰਗਰਮ ਮਾਮਲੇ 1,72,594 ਰਹਿ ਗਏ ਹਨ ਜਿਹੜੇ ਕੁਲ ਮਾਮਲਿਆਂ ਦਾ 0.51 ਫ਼ੀਸਦੀ ਹੈ. ਮਰੀਜ਼ਾਂ ਦੇ ਉਭਰਨ ਦੀ ਦਰ ਵਧ ਰਹੀ ਹੈ ਅਤੇ ਮੌਤ ਦਰ ਸਥਿਰ ਬਣੀ ਹੋਈ ਹੈ।
ਹੁਣ ਤਕ 102 ਕਰੋੜ ਤੋਂ ਜ਼ਿਆਦਾ ਡੋਜ਼ ਲਾਈਆਂ ਗਈਆਂ
ਮੰਤਰਾਲੇ ਮੁਤਾਬਕ, ਦੇਸ਼ ਭਰ ’ਚ ਹੁਣ ਤਕ ਕੋਰੋਨਾ ਰੋਕੂ ਵੈਕਸੀਨ ਦੀਆਂ 102.28 ਕਰੋੜ ਵੈਕਸੀਨ ਲਾਈਆਂ ਜਾ ਚੁੱਕੀਆਂ ਹਨ। ਇਨ੍ਹਾਂ ਵਿਚੋਂ 71.79 ਕਰੋੜ ਪਹਿਲੀ ਅਤੇ 30.49 ਕਰੋੜ ਦੂਜੀ ਡੋਜ਼ ਸ਼ਾਮਲ ਹੈ। ਇਨ੍ਹਾਂ ’ਚ ਪਿਛਲੇ 24 ਘੰਟਿਆਂ ’ਚ ਲਾਈਆਂ ਗਈਆਂ 77.40 ਲੱਖ ਡੋਜ਼ ਸ਼ਾਮਲ ਹਨ। ਮੰਤਰਾਲੇ ਮੁਤਾਬਕ ਕੇਂਦਰ ਨੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਹੁਣ ਤਕ 106.79 ਕਰੋੜ ਤੋਂ ਜ਼ਿਆਦਾ ਡੋਜ਼ ਮੁਹੱਈਆ ਕਰਵਾਈਆਂ ਹਨ। ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਕੋਲ ਹਾਲੇ 12 ਕਰੋੜ ਤੋਂ ਜ਼ਿਆਦਾ ਡੋਜ਼ ਉਪਲਬਧ ਹਨ।