ਸਟੇਟ ਬਿਊਰੋ, ਜੰਮੂ : ਪੂਰਬੀ ਲੱਦਾਖ ’ਚ ਅਸਲ ਕੰਟਰੋਲ ਲਾਈਨ (ਐੱਲਏਸੀ) ਨਾਲ ਲੱਗਦੇ ਇਲਾਕਿਆਂ ’ਚ ਦੂਰਸੰਚਾਰ ਸੇਵਾ ਨੂੰ ਮਜ਼ਬੂਤ ਬਣਾਉਣ ’ਤੇ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ। ਹੁਣ ਪੈਂਗਾਂਗ ਝੀਲ ਨੇਡ਼ੇ ਸਪਾਂਗਮਿਕ ਪਿੰਡ ਨੇਡ਼ਲੇ ਇਲਾਕੇ ’ਚ 4ਜੀ ’ਤੇ ਮੋਬਾਈਲ ਇੰਟਰਨੈੱਟ ਦੌਡ਼ੇਗਾ। ਇਸ ਸਹੂਲਤ ਦਾ ਫ਼ਾਇਦਾ ਇਲਾਕੇ ’ਚ ਤਾਇਨਾਤ ਭਾਰਤੀ ਫ਼ੌਜ ਦੇ ਜਵਾਨਾਂ ਤੇ ਆਮ ਲੋਕਾਂ ਨੂੰ ਮਿਲੇਗਾ। ਲੱਦਾਖ ਦੇ ਸੰਸਦ ਮੈਂਬਰ ਜਾਮਯਾਂਗ ਸੇਰਿੰਗ ਨਾਂਗਿਆਲ ਨੇ ਇਸ ਸੇਵਾ ਦੀ ਸ਼ੁਰੂਆਤ ਕੀਤੀ।
ਇਲਾਕੇ ’ਚ 4ਜੀ ਮੋਬਾਈਲ ਸੇਵਾ ਲਈ ਟਾਵਰ ਲੱਗਣ ਨਾਲ ਇਲਾਕਾ ਵਾਸੀ ਵੀ ਤੇਜ਼ ਰਫ਼ਤਾਰ ਦੇ ਇੰਟਰਨੈੱਟ ’ਤੇ ਵੀਡੀਓ ਕਾਲਿੰਗ ਕਰ ਸਕਣਗੇ। ਇਸ ਨਾਲ ਸੈਲਾਨੀਆਂ ਨੂੰ ਲੱਦਾਖ ’ਚ ਘੁੰਮਣ ਲਈ ਪ੍ਰੇਰਿਤ ਕੀਤਾ ਜਾ ਸਕੇਗਾ। ਉਨ੍ਹਾਂ ਨੇ ਇਲਾਕੇ ’ਚ ਚੱਲ ਰਹੇ ਵਿਕਾਸ ਪ੍ਰਾਜੈਕਟਾਂ ਦਾ ਵੀ ਜਾਇਜ਼ਾ ਲਿਆ। ਉਨ੍ਹਾਂ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦੇ ਮਸਲੇ ਛੇਤੀ ਹੱਲ ਕੀਤੇ ਜਾਣਗੇ। ਨਾਂਗਿਆਲ ਨੇ ਬੀਤੇ ਮਹੀਨੇ ਵੀ ਪੂਰਬੀ ਲੱਦਾਖ ਦੇ ਹਾਨਲੇ ’ਚ 4ਜੀ ਮੋਬਾਈਲ ਟਾਵਰ ਦਾ ਉਦਘਾਟਨ ਕੀਤਾ ਸੀ।
ਪੂਰਬੀ ਲੱਦਾਖ ’ਚ ਨਵੇਂ ਮੋਬਾਈਲ ਟਾਵਰ ਕੇਂਦਰ ਸਰਕਾਰ ਦੇ ਸੰਚਾਰ ਮੰਤਰਾਲੇ ਦੇ ਯੂਨੀਵਰਸਲ ਸਰਵਿਸ ਆਬਲੀਗੇਸ਼ਨ ਫੰਡ ਜ਼ਰੀਏ ਲਗਵਾਏ ਜਾ ਰਹੇ ਹਨ। ਇਸ ਫੰਡ ਜ਼ਰੀਏ ਦੂਰ-ਦੁਰਾਡੇ ਘੱਟ ਆਬਾਦੀ ਵਾਲੇ ਇਲਾਕਿਆਂ ’ਚ ਰਹਿੰਦੇ ਲੋਕਾਂ ਤਕ ਇੰਟਰਨੈੱਟ ਦੀ ਸਹੂਲਤ ਪਹੁੰਚਾਈ ਜਾ ਰਹੀ ਹੈ। ਲੱਦਾਖ ਦੇ ਦੂਰ-ਦੁਰਾਡੇ ਇਲਾਕਿਆਂ ’ਚ ਇੰਟਰਨੈੱਟ ਸੇਵਾਵਾਂ ਨਾ ਹੋਣ ਕਾਰਨ ਸਭ ਤੋਂ ਜ਼ਿਆਦਾ ਅਸਰ ਪਡ਼੍ਹਾਈ ’ਤੇ ਪੈ ਰਿਹਾ ਹੈ। ਕੋਰੋਨਾ ਕਾਰਨ ਪੈਦਾ ਹੋਏ ਹਾਲਾਤ ’ਚ ਇਨ੍ਹਾਂ ਇਲਾਕਿਆਂ ਦੇ ਨੌਜਵਾਨਾਂ ਨੂੰ ਆਨਲਾਈਨ ਸਿੱਖਿਆ ਦਾ ਫ਼ਾਇਦਾ ਨਹੀਂ ਮਿਲ ਸਕਿਆ ਸੀ।