ਨਵੀਂ ਦਿੱਲੀ (ਪੀਟੀਆਈ) : ਕੇਂਦਰੀ ਸੜਕ, ਆਵਾਜਾਈ ਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਭਾਰਤ ਜੰਮੂ-ਕਸ਼ਮੀਰ ’ਚ ਮਿਲੇ ਲੀਥੀਅਮ ਭੰਡਾਰ ਦੀ ਵਰਤੋਂ ਕਰਦਾ ਹੈ ਤਾਂ ਉਹ ਦੁਨੀਆ ’ਚ ਇਲੈਕਟ੍ਰਿਕ ਵਾਹਨ ਮੈਨੂਫੈਕਚਰਿੰਗ ਦੇ ਖੇਤਰ ’ਚ ਪਹਿਲੇ ਨੰਬਰ ’ਤੇ ਹੋਵੇਗਾ। ਜ਼ਿਕਰਯੋਗ ਹੈ ਕਿ ਜੰਮੂ-ਕਸ਼ਮੀਰ ’ਚ ਜਿਹੜਾ ਲੀਥੀਅਮ ਮਿਲਿਆ ਹੈ, ਉਸ ਦਾ ਅਨੁਮਾਨਤ ਭੰਡਾਰ 59 ਲੱਖ ਟਨ ਹੈ ਤੇ ਇਸ ਦੀ ਗੁਣਵੱਤਾ ਵੀ ਸਭ ਤੋਂ ਵਧੀਆ ਹੈ।
ਭਾਰਤੀ ਉਦਯੋਗ ਸੰਘ (ਸੀਆਈਆਈ) ਵੱਲੋਂ ਸ਼ੁੱਕਰਵਾਰ ਨੂੰ ਕਰਵਾਏ ਗਏ ਪ੍ਰੋਗਰਾਮ ’ਚ ਗਡਕਰੀ ਨੇ ਕਿਹਾ, ਜਨਤਕ ਆਵਾਜਾਈ ਨੂੰ ਉਤਸ਼ਾਹਿਤ ਕਰਨ ਦੀ ਲੋੜ ਹੈ ਤੇ ਇਲੈਕਟ੍ਰਿਕ ਬੱਸਾਂ ਹੀ ਭਵਿੱਖ ਹਨ। ਉਨ੍ਹਾਂ ਕਿਹਾ, ‘ਅਸੀਂ ਹਰ ਸਾਲ 1200 ਟਨ ਲੀਥੀਅਮ ਦੀ ਦਰਾਮਦ ਕਰਦੇ ਹਨ। ਸਾਨੂੰ ਹੁਣ ਜੰਮੂ-ਕਸ਼ਮੀਰ ’ਚ ਲੀਥੀਅਮ ਮਿਲਿਆ ਹੈ। ਜੇਕਰ ਅਸੀਂ ਇਸ ਦੀ ਵਰਤੋਂ ਕਰਨ ’ਚ ਕਾਮਯਾਬ ਰਹੇ ਤਾਂ ਅਸੀਂ ਵਿਸ਼ਵ ਪੱਧਰ ’ਤੇ ਇਲੈਕਟ੍ਰਿਕ ਵਾਹਨਾਂ ਦੀ ਮੈਨੂਫੈਕਚਰਿੰਗ ਕਰਨ ਵਾਲੇ ਦੇਸ਼ਾਂ ’ਚ ਪਹਿਲੇ ਨੰਬਰ ’ਤੇ ਹੋਵਾਂਗੇ।’ ਭਾਰਤ ਪਿਛਲੇ ਸਾਲ ਯਾਨੀ 2022 ’ਚ ਚੀਨ ਤੇ ਅਮਰੀਕਾ ਤੋਂ ਬਾਅਦ ਜਾਪਾਨ ਨੂੰ ਪਿੱਛੇ ਛੱਡ ਕੇ ਤੀਜਾ ਸਭ ਤੋਂ ਵੱਡਾ ਵਾਹਨ ਬਾਜ਼ਾਰ ਬਣ ਗਿਆ ਹੈ। ਗਡਕਰੀ ਮੁਤਾਬਕ, ਮੌਜੂਦਾ ਸਮੇਂ ’ਚ ਦੇਸ਼ ਦਾ ਵਾਹਨ ਉਦਯੋਗ 7.5 ਲੱਖ ਕਰੋੜ ਰੁਪਏ ਦਾ ਹੈ। ਇਸ ਤੋਂ ਇਲਾਵਾ ਦੇਸ਼ ਦੇ ਕੁੱਲ ਜੀਐੱਸਟੀ ਮਾਲੀਏ ’ਚ ਇਸ ਖੇਤਰ ਦਾ ਵੱਧ ਤੋਂ ਵੱਧ ਯੋਗਦਾਨ ਹੈ।