ਜੇਐੱਨਐੱਨ, ਨਵੀਂ ਦਿੱਲੀ : ਦੇਸ਼ ’ਚ ਕੋਰੋਨਾ ਇਨਫੈਕਸਨ ਦੇ ਨਵੇਂ ਮਾਮਲਿਆਂ ’ਚ ਪਿਛਲੇ 24 ਘੰਟਿਆਂ ਦੌਰਾਨ ਗਿਰਾਵਟ ਦਰਜ ਕੀਤੀ ਗਈ ਹੈ। ਕੌਮੀ ਰਾਜਧਾਨੀ ਦਿੱਲੀ ਤੇ ਆਰਥਿਕ ਨਗਰੀ ਮੁੰਬਈ ’ਚ ਵੀ ਪਿਛਲੇ ਦੋ-ਤਿੰਨ ਤੋਂ ਇਨਫੈਕਸ਼ਨ ਦੇ ਮਾਮਲੇ ਘੱਟ ਹੋ ਰਹੇ ਹਨ ਪਰ ਦੇਸ਼ ’ਚ ਇਨਫੈਕਸ਼ਨ ਦਰ ਵੱਧ ਰਹੀ ਹੈ ਤੇ ਹੁਣ ਇਹ 20 ਫ਼ੀਸਦੀ ਨੇੜੇ ਪਹੁੰਚ ਗਈ ਹੈ।
ਕੇਂਦਰੀ ਸਿਹਤ ਮੰਤਰਾਲੇ ਵੱਲੋਂ ਸੋਮਵਾਰ ਨੂੁੰ ਸਵੇਰੇ ਅੱਠ ਵਜੇ ਅਪਡੇਟ ਕੀਤੇ ਗਏ ਅੰਕੜਿਆਂ ਮੁਤਾਬਕ ਪਿਛਲੇ ਇਕ ਦਿਨ ’ਚ ਦੇਸ਼ ਭਰ ’ਚ 258089 ਨਵੇਂ ਮਾਮਲੇ ਮਿਲੇ ਹਨ ਤੇ 385 ਲੋਕਾਂ ਦੀ ਜਾਨ ਗਈ ਹੈ। ਮਿ੍ਰਤਕਾਂ ’ਚ ਸਿਰਫ ਕੇਰਲ ਤੋਂ 158 ਤੇ ਬੰਗਾਲ ਤੋਂ 36 ਮਰੀਜ਼ ਹਨ। ਇਕ ਦਿਨ ਪਹਿਲਾਂ 271202 ਮਾਮਲੇ ਮਿਲੇ ਸਨ ਤੇ ਉਸ ਤੋਂ ਇਕ ਦਿਨ ਪਹਿਲਾਂ 268833 ਕੇਸ ਪਾਏ ਗਏ ਸਨ। ਸਰਗਰਮ ਮਾਮਲੇ ਵੱਧ ਕੇ 1656341 ਹੋ ਗਏ ਹਨ ਜੋ 230 ਦਿਨਾਂ ’ਚ ਸਭ ਤੋਂ ਵੱਧ ਤੇ ਕੁੱਲ ਮਾਮਲਿਆਂ ਦਾ 4.43 ਫ਼ੀਸਦੀ ਹੈ।
ਦਿੱਲੀ ਤੇ ਮੁੰਬਈ ’ਚ ਹਸਪਤਾਲਾਂ ’ਚ 80 ਫ਼ੀਸਦੀ ਬੈੱਡ ਖ਼ਾਲੀ
ਮਹਾਮਾਰੀ ਤੋਂ ਗੰਭੀਰ ਤੌਰ ’ਤੇ ਪ੍ਰਭਾਵਿਤ ਦਿੱਲੀ ਤੇ ਮੁੰਬਈ ਨੂੰ ਵੱਡੀ ਰਾਹਤ ਮਿਲਦੀ ਨਜ਼ਰ ਆ ਰਹੀ ਹੈ। ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਇਨ੍ਹਾਂ ਦੋਵਾਂ ਮਹਾਨਗਰਾਂ ’ਚ ਨਵੇਂ ਮਾਮਲੇ ਘੱਟ ਹੋ ਰਹੇ ਹਨ। ਦੋਵਾਂ ਮਹਾਨਗਰਾਂ ’ਚ ਵਿਸ਼ੇਸ਼ ਕੋਰੋਨਾ ਹਸਪਤਾਲਾਂ ’ਚ 80 ਫ਼ੀਸਦੀ ਬੈੱਡ ਖ਼ਾਲੀ ਹਨ। ਤੀਸਰੀ ਲਹਿਰ ’ਚ ਜ਼ਿਆਦਾਤਰ ਮਰੀਜ਼ ਖ਼ੁਦ ਹੀ ਦੋ-ਤਿੰਨ ਦਿਨਾਂ ’ਚ ਠੀਕ ਹੋ ਰਹੇ ਹਨ।
ਮੁੰਬਈ-ਦਿੱਲੀ ’ਚ ਘੱਟ ਰਹੇ ਹਨ ਕੇਸ
ਮਿਤੀ ਮੁੰਬਈ ਦਿੱਲੀ
16 ਜਨਵਰੀ 7895 18286
15 ਜਨਵਰੀ 10661 20718
14 ਜਨਵਰੀ 11317 24383
13 ਜਨਵਰੀ 13702 28867
ਮਾਮਲੇ ਘੱਟ ਹੋਣ ਦੇ ਬਾਵਜੂਦ ਇਨਫੈਕਸ਼ਨ ਦਰ ਵੱਧ ਰਹੀ ਹੈ। ਇਸ ਸਮੇਂ ਇਨਫੈਕਸ਼ਨ ਦਰ 19.65 ਫ਼ੀਸਦੀ ਹੈ ਜੋ ਇਕ ਦਿਨ ਪਹਿਲਾਂ 16.28 ਫ਼ੀਸਦੀ ਸੀ। ਇਸੇ ਤਰ੍ਹਾਂ ਹਫ਼ਤਾਵਾਰੀ ਇਨਫੈਕਸ਼ਨ ਦਰ ਵੀ 14.41 ਫ਼ੀਸਦੀ ਹੋ ਗਈ ਹੈ। ਇਕ ਦਿਨ ਪਹਿਲਾਂ ਇਹ 13.69 ਫ਼ੀਸਦੀ ਦਰਜ ਕੀਤੀ ਗਈ ਸੀ।
ਓਮੀਕ੍ਰੋਨ ਦੇ ਮਾਮਲੇ 6.02 ਫ਼ੀਸਦੀ ਵਧੇ
ਦੇਸ਼ ’ਚ ਇਕ ਦਿਨ ਪਹਿਲਾਂ ਦੇ ਮੁਕਾਬਲੇ ਓਮੀਕ੍ਰੋਨ ਦੇ ਮਾਮਲਿਆਂ ’ਚ ਵੀ 6.02 ਫ਼ੀਸਦੀ ਦਾ ਵਾਧਾ ਹੋਇਆ ਹੈ ਤੇ ਇਨ੍ਹਾਂ ਦੀ ਕੁੱਲ ਗਿਣਤੀ 8209 ਹੋ ਗਈ ਹੈ ਜਿਸ ’ਚੋਂ 3109 ਮਰੀਜ਼ ਜਾਂ ਤਾਂ ਠੀਕ ਹੋ ਚੁੱਕੇ ਹਨ ਜਾਂ ਦੂਸਰੇ ਸਥਾਨਾਂ ’ਤੇ ਚਲੇ ਗਏ ਹਨ। ਇਹ ਵੈਰੀਐਂਟ ਹੁਣ ਤਕ 29 ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤਕ ਫੈਲ ਚੁੱਕਾ ਹੈ। ਮਹਾਰਾਸ਼ਟਰ ’ਚ ਸਭ ਤੋਂ ਵੱਧ 1938 ਓਮੀਕ੍ਰੋਨ ਦੇ ਮਾਮਲੇ ਹਨ। ਬੰਗਾਲ ’ਚ 1672, ਰਾਜਸਥਾਨ ’ਚ 1276, ਦਿੱਲੀ ’ਚ 549, ਕਰਨਾਟਕ ’ਚ 548 ਤੇ ਕੇਰਲ ’ਚ ਓਮੀਕ੍ਰੋਨ ਦੇ 536 ਕੇਸ ਹੁਣ ਤਕ ਮਿਲ ਚੁੱਕੇ ਹਨ।
ਹੁਣ ਤਕ ਲਗਪਗ 158 ਕਰੋੜ ਟੀਕੇ ਲਗਾਏ ਗਏ
ਕੋਵਿਨ ਪੋਰਟਲ ਦੇ ਸ਼ਾਮ ਛੇ ਵਜੇ ਤਕ ਦੇ ਅੰਕੜਿਆਂ ਮੁਤਾਬਕ ਦੇਸ਼ ’ਚ ਹੁਣ ਤਕ 157.81 ਕਰੋੜ ਕੋਰੋਨਾ ਰੋਕੂ ਟੀਕੇ ਲਗਾਏ ਜਾ ਚੁੱਕੇ ਹਨ। ਇਨ੍ਹਾਂ ’ਚ 91.34 ਕਰੋੜ ਪਹਿਲੀ ਤੇ 65.98 ਕਰੋੜ ਦੂਜੀ ਡੋਜ਼ ਸ਼ਾਮਲ ਹਨ। ਹੁਣ ਤਕ 48.48 ਲੱਖ ਇਹਤਿਆਤੀ ਡੋਜ਼ ਵੀ ਲਗਾ ਦਿੱਤੀ ਗਈ ਹੈ।