ਨਵੀਂ ਦਿੱਲੀ, ਏਜੰਸੀ : ਆਈਆਈਟੀ ਮਦਰਾਸ ਦੇ ਖੋਜੀਆਂ ਨੇ ਦੁੱਧ ਦੀ ਮਿਲਾਵਟ ਦਾ ਪਤਾ ਲਗਾਉਣ ਲਈ ਵਿਲੱਖਣ ਯੰਤਰ ਵਿਕਸਿਤ ਕੀਤਾ ਹੈ, ਇਹ ਪੇਪਰ ਆਧਾਰਿਤ ਪੋਰਟੇਬਲ ਯੰਤਰ 30 ਸਕਿੰਟਾਂ ਦੇ ਅੰਦਰ ਦੁੱਧ ਦੀ ਮਿਲਾਵਟ ਦਾ ਪਤਾ ਲਗਾ ਸਕਦਾ ਹੈ। ਖੋਜੀਆਂ ਨੇ ਕਿਹਾ ਕਿ ਕਾਗਜ਼-ਅਧਾਰਤ ਪੋਰਟੇਬਲ ਡਿਵਾਈਸ ਯੂਰੀਆ, ਡਿਟਰਜੈਂਟ, ਸਾਬਣ, ਸਟਾਰਚ, ਹਾਈਡ੍ਰੋਜਨ ਪਰਆਕਸਾਈਡ, ਸੋਡੀਅਮ-ਹਾਈਡ੍ਰੋਜਨ-ਕਾਰਬੋਨੇਟ ਅਤੇ ਨਮਕ ਸਮੇਤ ਕਈ ਆਮ ਤੌਰ 'ਤੇ ਵਰਤੇ ਜਾਣ ਵਾਲੇ ਮਿਲਾਵਟੀ ਪਦਾਰਥਾਂ ਦਾ ਪਤਾ ਲਗਾ ਸਕਦਾ ਹੈ। ਇਹ ਘਰ ਵਿੱਚ ਟੈਸਟ ਕੀਤਾ ਜਾ ਸਕਦਾ ਹੈ।
ਦੱਸ ਦੇਈਏ ਕਿ ਇਸ ਟੈਸਟ ਲਈ ਨਮੂਨੇ ਦੇ ਤੌਰ 'ਤੇ ਸਿਰਫ ਇਕ ਮਿਲੀਲੀਟਰ ਲਿਕਵਿਡ ਦੀ ਲੋੜ ਹੁੰਦੀ ਹੈ। ਖੋਜੀਆਂ ਨੇ ਕਿਹਾ ਕਿ ਇਸ ਟੈਸਟ ਦੀ ਵਰਤੋਂ ਪਾਣੀ, ਤਾਜ਼ੇ ਜੂਸ ਤੇ ਮਿਲਕਸ਼ੇਕ ਸਮੇਤ ਹੋਰ ਤਰਲ ਪਦਾਰਥਾਂ ਵਿਚ ਮਿਲਾਵਟ ਦਾ ਪਤਾ ਲਗਾਉਣ ਲਈ ਕੀਤੀ ਜਾ ਸਕਦੀ ਹੈ। ਇੰਡੀਅਨ ਇੰਸਟੀਚਿਊਟ ਆਫ ਟੈਕਨਾਲੋਜੀ (IIT) ਮਦਰਾਸ ਦੀ ਅਗਵਾਈ ਵਾਲੀ ਖੋਜ ਨੇਚਰ ਜਰਨਲ ਵਿੱਚ ਪ੍ਰਕਾਸ਼ਿਤ ਕੀਤੀ ਗਈ ਹੈ।
ਕੀ ਹੈ 3D ਪੇਪਰ-ਅਧਾਰਿਤ ਡਿਵਾਈਸ
ਜਾਣਕਾਰੀ ਮੁਤਾਬਕ 3ਡੀ ਪੇਪਰ ਬੇਸਡ ਮਾਈਕ੍ਰੋਫਲੂਇਡਿਕ ਡਿਵਾਈਸ 'ਚ ਟਾਪ ਤੇ ਬੌਟਮ ਕਵਰ ਅਤੇ ਮੱਧ ਪਰਤ 'ਚ ਸੈਂਡਵਿਚ ਸਟ੍ਰਕਚਰ ਹੁੰਦਾ ਹੈ। ਇਹ 3D ਡਿਜ਼ਾਈਨ ਸੰਘਣੇ ਤਰਲ ਪਦਾਰਥਾਂ ਨੂੰ ਸਥਿਰ ਗਤੀ 'ਤੇ ਲਿਜਾਣ ਲਈ ਵਧੀਆ ਕੰਮ ਕਰਦਾ ਹੈ। ਇਸ ਤੋਂ ਇਲਾਵਾ ਇਸ ਵਿਚ ਕਾਗਜ਼ ਦੀ ਵਰਤੋਂ ਕੀਤੀ ਜਾਂਦੀ ਹੈ ਅਤੇ ਫਿਰ ਇਸ ਨੂੰ ਸੁੱਕਣ ਲਈ ਛੱਡ ਦਿੱਤਾ ਜਾਂਦਾ ਹੈ। ਸੁਕਾਉਣ ਤੋਂ ਬਾਅਦ ਕਾਗਜ਼ ਦੀਆਂ ਦੋਵੇਂ ਪਰਤਾਂ ਸਪੋਰਟਾਂ ਦੇ ਦੋਵਾਂ ਪਾਸਿਆਂ 'ਤੇ ਚਿਪਕੀਆਂ ਜਾਂਦੀਆਂ ਹਨ ਅਤੇ ਢੱਕਣਾਂ ਨੂੰ ਡਬਲ-ਸਾਈਡ ਟੇਪ ਨਾਲ ਚਿਪਕਾਇਆ ਜਾਂਦਾ ਹੈ।
ਕੀ ਕਿਹਾ ਮੁੱਖ ਖੋਜਕਾਰ ਪੱਲਬ ਸਿਨਹਾ ਨੇ
ਮਕੈਨੀਕਲ ਇੰਜਨੀਅਰਿੰਗ ਵਿਭਾਗ ਦੇ ਐਸੋਸੀਏਟ ਪ੍ਰੋਫੈਸਰ ਅਤੇ ਅਧਿਐਨ ਦੇ ਪ੍ਰਮੁੱਖ ਖੋਜਕਰਤਾ ਪੱਲਬ ਸਿਨਹਾ ਮੋਹਪਾਤਰਾ ਨੇ ਕਿਹਾ ਕਿ ਇਸ ਡਿਜ਼ਾਇਨ 'ਚ ਵ੍ਹਟਸਮੈਨ ਫਿਲਟਰ ਪੇਪਰ ਗ੍ਰੇਡ 4 ਦੀ ਵਰਤੋਂ ਕੀਤੀ ਗਈ ਹੈ, ਜੋ ਤਰਲ ਦੇ ਪ੍ਰਵਾਹ ਵਿਚ ਮਦਦ ਕਰਦੀ ਹੈ ਤੇ ਵਧੇਰੇ ਰੀਐਜੈਂਟਸ ਨੂੰ ਸਟੋਰ ਕਰਨ ਦੀ ਆਗਿਆ ਦਿੰਦੀ ਹੈ। ਖੋਜਕਰਤਾਵਾਂ ਦਾ ਕਹਿਣਾ ਹੈ ਕਿ ਇਹ ਨਵੀਂ ਤਕਨੀਕ ਰਵਾਇਤੀ ਲੈਬ ਆਧਾਰਿਤ ਟੈਸਟਾਂ ਦੇ ਮੁਕਾਬਲੇ ਸਸਤੀ ਹੈ।
ਕਈ ਦੇਸ਼ਾਂ ਲਈ ਵਧਦੀ ਸਮੱਸਿਆ ਹੈ ਦੁੱਧ 'ਚ ਮਿਲਾਵਟ
ਭਾਰਤ, ਪਾਕਿਸਤਾਨ, ਚੀਨ ਤੇ ਬ੍ਰਾਜ਼ੀਲ ਵਰਗੇ ਵਿਕਾਸਸ਼ੀਲ ਦੇਸ਼ਾਂ ਵਿਚ ਦੁੱਧ ਵਿਚ ਮਿਲਾਵਟ ਇਕ ਵਧਦੀ ਸਮੱਸਿਆ ਹੈ। ਮਿਲਾਵਟੀ ਦੁੱਧ ਦੇ ਸੇਵਨ ਨਾਲ ਗੁਰਦਿਆਂ ਦੀਆਂ ਸਮੱਸਿਆਵਾਂ, ਬੱਚਿਆਂ ਦੀ ਮੌਤ, ਦਸਤ ਅਤੇ ਮਤਲੀ/ਉਲਟੀ ਅਤੇ ਇੱਥੋਂ ਤੱਕ ਕਿ ਕੈਂਸਰ ਵਰਗੀਆਂ ਮੈਡੀਕਲ ਪੇਚੀਦਗੀਆਂ ਵੀ ਹੋ ਸਕਦੀਆਂ ਹਨ।