ਜਾਗਰਣ ਟੀਮ, ਨਵੀਂ ਦਿੱਲੀ : ਉੱਤਰ ਭਾਰਤ ਦੇ ਪਹਾੜਾਂ ’ਚ ਹੋਈ ਭਾਰੀ ਬਰਫ਼ਬਾਰੀ ਤੇ ਮੈਦਾਨੀ ਇਲਾਕਿਆਂ ’ਚ ਐਤਵਾਰ ਨੂੰ ਪੂਰੇ ਦਿਨ ਹੋਈ ਬਾਰਿਸ਼ ਤੇ ਗੜੇਮਾਰੀ ਕਾਰਨ ਮੌਸਮ ਇਕ ਵਾਰ ਫਿਰ ਬਦਲ ਗਿਆ ਹੈ। ਪਹਾੜਾਂ ’ਚ ਜਿੱਥੇ ਬਰਫ਼ ਦੀ ਚਾਦਰ ਵਿਛ ਗਈ ਹੈ। ਉੱਥੇ ਹੀ ਕੇਦਾਰਨਾਥ ਸਮੇਤ ਚਾਰਾਂ ਧਾਮਾਂ ਦੇ ਕਈ ਮੰਦਰ ਬਰਫ਼ ਨਾਲ ਢੱਕ ਗਏ ਹਨ। ਇੱਥੇ ਇਕ ਤੋਂ ਤਿੰਨ ਫੁੱਟ ਤੱਕ ਬਰਫ਼ਬਾਰੀ ਹੋਈ ਹੈ। ਇਸ ਦੇ ਨਾਲ ਹੀ ਹਿਮਾਚਲ ਪ੍ਰਦੇਸ਼ ’ਚ ਤਿੰਨ ਰਾਸ਼ਟਰੀ ਰਾਜਮਾਰਗ ਸਮੇਤ 431 ਸੜਕਾਂ ਬੰਦ ਰਹੀਆਂ। ਉੱਥੇ ਹੀ ਜੰਮੂ-ਕਸ਼ਮੀਰ ’ਚ ਭਾਰੀ ਬਰਫ਼ਬਾਰੀ ਕਾਰਨ ਕਈ ਇਲਾਕਿਆਂ ਨਾਲ ਸੰਪਰਕ ਟੁੱਟ ਗਿਆ ਹੈ।
ਉੱਤਰਾਖੰਡ ’ਚ ਕੇਦਾਰਨਾਥ, ਬਦਰੀਨਾਥ, ਗੰਗੋਤਰੀ, ਯਮੁਨੋਤਰੀ, ਲੋਖੰਡੀ, ਧਨੋਲਟੀ ਦੇ ਨਾਲ ਹੀ ਉੱਚ ਹਿਮਲਾਲਿਆ ਖੇਤਰਾਂ ’ਚ ਭਾਰੀ ਬਰਫ਼ਬਾਰੀ ਹੋਈ ਹੈ। ਗੰਗੋਤਰੀ ਤੇ ਯਮੁਨੋਤਰੀ ਹਾਈਵੇ ਬਰਫ਼ਬਾਰੀ ਕਾਰਨ ਪ੍ਰਭਾਵਿਤ ਹਨ। ਮੈਦਾਨੀ ਖੇਤਰਾਂ ’ਚ ਬਾਰਿਸ਼ ਹੋ ਰਹੀ ਹੈ। ਕੁਮਾਊਂ ਦੇ ਪਹਾੜੀ ਇਲਾਕਿਆਂ ’ਚ ਬਾਰਿਸ਼ ਦੇ ਆਸਾਰ ਬਣੇ ਹੋਏ ਹਨ। ਤਰਾਈ ’ਚ ਸਵੇਰ ਤੋਂ ਧੁੰਦ ਫੈਲੀ ਰਹੀ।
ਬਰਫ਼ਬਾਰੀ ਨਾਲ 431 ਸੜਕਾਂ ਬੰਦ
ਹਿਮਾਚਲ ਪ੍ਰਦੇਸ਼ ’ਚ ਐਤਵਾਰ ਰਾਤ ਤੋਂ ਬਰਫ਼ਬਾਰੀ ਤੇ ਬਾਰਿਸ਼ ਜਾਰੀ ਹੈ। ਇਸ ਕਾਰਨ ਤਿੰਨ ਰਾਸ਼ਟਰੀ ਰਾਜਮਾਰਗਾਂ ਸਮੇਤ 431 ਸੜਕਾਂ ਬੰਦ ਤੇ ਬੱਸਾਂ ਦੇ 320 ਰੂਟ ਪ੍ਰਭਾਵਿਤ ਹਨ। ਅਟਲ ਟਨਲ, ਕੋਕਸਰ, ਦਾਰਤਾ ਚੇ ਰੌਰਿਕ ’ਚ ਇਕ-ਇਕ ਫੁੱਟ ਬਰਫ਼ ਪਈ ਹੈ। ਇਸ ਨਾਲ ਲਾਹੌਲ ਦਾ ਮਨਾਲੀ ਤੇ ਸਪੀਤੀ ਦਾ ਕਿੰਨੌਰ ਨਾਲੋਂ ਸੰਪਰਕ ਟੁੱਟ ਗਿਆ। ਲਾਹੌਲ ਸਪੀਤੀ ’ਚ ਬਰਫ਼ ਖਿਸਕਣ ਕਾਰਨ ਚੰਦਰਭਾਗਾ ਨਦੀ ਦਾ ਵਹਾਅ ਦੋ ਘੰਟੇ ਰੁਕਿਆ ਰਿਹਾ। ਹਾਲਾਂਕਿ ਬਰਫ਼ ਜੰਮਨ ਨਾਲ ਨਦੀ ’ਚ ਪਾਣੀ ਘੱਟ ਹੈ, ਇਸ ਕਾਰਨ ਖ਼ਤਰੇ ਵਾਲੀ ਗੱਲ ਨਹੀਂ ਹੈ। ਸੂਬੇ ਦੇ ਘੱਟੋ-ਘੱਟ ਤਾਪਮਾਨ ’ਚ ਪੰਜ ਤੋਂ ਛੇ ਡਿਗਰੀ ਸੈਲਸੀਅਸ ਤੱਕ ਦੀ ਗਿਰਾਵਟ ਆਈ ਹੈ। ਉੱਥੇ ਹੀ ਦੂਜੇ ਪਾਸੇ ਮਨਾਲੀ, ਕੁਫਰੀ ਤੇ ਨਾਰਕੰਡਾ ’ਚ ਬਰਫ਼ਬਾਰੀ ਤੋਂ ਬਾਅਦ ਸੈਲਾਨੀ ਖ਼ੁਸ਼ ਦਿਖਾਈ ਦਿੱਤੇ।
ਬਰਫ਼ਬਾਰੀ ਨਾਲ ਚਿੱਲੇਕਲਾਂ ਦੀ ਵਿਦਾਈ
ਜੰਮੂ-ਕਸ਼ਮੀਰ ’ਚ 40 ਦਿਨਾ ਚਿੱਲੇਕਲਾਂ ਦੀ ਵਿਦਾਈ ਵੀ ਭਾਰੀ ਬਰਫ਼ਬਾਰੀ ਦੌਰਾਨ ਹੋਈ। ਉੱਚੇ ਪਹਾੜੀ ਇਲਾਕਿਆਂ ’ਚ ਔਸਤਨ ਦੋ ਤੋਂ ਢਾਈ ਫੁੱਟ ਤੇ ਹੇਠਲੇ ਇਲਾਕਿਆਂ ’ਚ ਨੌਂ ਇੰਚ ਬਰਫ਼ ਦੀ ਚਾਦਰ ਵਿਛ ਗਈ। ਇਸ ਨਾਲ ਕਸ਼ਮੀਰ ਦਾ ਦੇਸ਼ ਤੇ ਦੁਨੀਆ ਦੇ ਹੋਰ ਹਿੱਸਿਆਂ ਨਾਲੋਂ ਜ਼ਮੀਨੀ ਤੇ ਹਵਾਈ ਸੰਪਰਕ ਟੁੱਟ ਗਿਆ ਹੈ। ਸ੍ਰੀਨਗਰ ਏਅਰਪੋਰਟ ਤੋਂ ਜਾਣ ਵਾਲੀਆਂ 68 ਉਡਾਣਾਂ ਰੱਦ ਕਰ ਦਿੱਤੀਆਂ ਗਈਆਂ। ਉੱਥੇ ਹੀ ਸ੍ਰੀਨਗਰ-ਜੰਮੂ ਰਾਸ਼ਟਰੀ ਰਾਜਮਾਰਗ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ। ਕਸ਼ਮੀਰ ਯੂਨੀਵਰਸਿਟੀ ਨੇ ਸਾਰੀਆਂ ਪ੍ਰੀਖਿਆਵਾਂ ਵੀ ਰੱਦ ਕਰ ਦਿੱਤੀਆਂ ਹਨ।
ਹਿਮਪਾਤ-ਐਵਲਾਂਚ ਬਾਰੇ ਵੱਖ-ਵੱਖ ਅਲਰਟ
ਮੌਸਮ ਵਿਭਾਗ ਮੁਤਾਬਕ, ਮੰਗਲਵਾਰ ਲਈ ਭਾਰੀ ਬਾਰਿਸ਼-ਬਰਫ਼ਬਾਰੀ ਦਾ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਕਈ ਇਲਾਕਿਆਂ ’ਚ ਗੜੇਮਾਰੀ ਬਾਰੇ ਯੈਲੋ ਅਲਰਟ ਜਾਰੀ ਕੀਤਾ ਹੈ। ਤਿੰਨ ਹਜ਼ਾਰ ਮੀਟਰ ਤੋਂ ਉੱਪਰ ਦੇ ਇਲਾਕਿਆਂ ’ਚ ਐਵਲਾਂਚ ਦਾ ਅਲਰਟ ਜਾਰੀ ਕੀਤਾ ਗਿਆ ਹੈ। ਹਿਮਾਚਲ ’ਚ ਵੀ ਸਾਰੇ ਜ਼ਿਲ੍ਹਿਆਂ ’ਚ ਮੰਗਲਵਾਰ ਨੂੰ ਤੇਜ਼ ਹਵਾਵਾਂ ਤੇ ਗੜੇਮਾਰੀ ਦੇ ਨਾਲ ਹੀ ਬਾਰਿਸ਼ ਤੇ ਬਰਫ਼ਬਾਰੀ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਵਾਦੀ ’ਚ ਵੀ ਅਗਲੇ 24 ਘੰਟੇ ਮੌਸਮ ਦੇ ਇਸੇ ਤਰ੍ਹਾਂ ਬਣੇ ਰਹਿਣ ਦੀ ਸੰਭਾਵਨਾ ਪ੍ਰਗਟਾਈ ਗਈ ਹੈ।