ਨਵੀਂ ਦਿੱਲੀ, ਏਜੰਸੀ: ਰਾਜਧਾਨੀ ਦਿੱਲੀ ਸਮੇਤ ਉੱਤਰੀ ਭਾਰਤ ਦੇ ਕਈ ਸੂਬੇ ਇਨ੍ਹੀਂ ਦਿਨੀਂ ਭਿਆਨਕ ਗਰਮੀ ਨਾਲ ਜੂਝ ਰਹੇ ਹਨ। ਦਿੱਲੀ, ਪੰਜਾਬ, ਉੱਤਰਾਖੰਡ, ਪੱਛਮੀ ਰਾਜਸਥਾਨ, ਹਰਿਆਣਾ, ਉੱਤਰ ਪ੍ਰਦੇਸ਼, ਪੂਰਬੀ ਮੱਧ ਪ੍ਰਦੇਸ਼, ਤੇ ਝਾਰਖੰਡ ਦੇ ਅਲੱਗ-ਥਲੱਗ ਹਿੱਸਿਆਂ ਵਿੱਚ ਹੀਟ ਵੇਵ ਦੇ ਹਾਲਾਤ ਬਣ ਸਕਦੇ ਹਨ। ਮੌਸਮ ਵਿਭਾਗ ਮੁਤਾਬਕ ਅਗਲੇ ਦੋ ਦਿਨਾਂ ਤਕ ਮੌਸਮ ਅਜਿਹਾ ਹੀ ਰਹਿਣ ਵਾਲਾ ਹੈ। 11 ਜੂਨ ਤੋਂ ਮੌਸਮ ਵਿੱਚ ਬਦਲਾਅ ਦੇਖਿਆ ਜਾ ਸਕਦਾ ਹੈ। ਉੱਤਰੀ ਭਾਰਤ ਦੇ ਕਈ ਸੂਬਿਆਂ ਵਿੱਚ ਬੱਦਲਵਾਈ ਰਹੇਗੀ। ਵੱਖ-ਵੱਖ ਥਾਵਾਂ 'ਤੇ ਗਰਜ਼-ਤੂਫ਼ਾਨ ਦੇ ਨਾਲ ਬਾਰਿਸ਼ ਹੋ ਸਕਦੀ ਹੈ।
ਮੌਸਮ ਵਿਭਾਗ ਮੁਤਾਬਕ ਦਿੱਲੀ 'ਚ ਅੱਜ ਦਾ ਘੱਟੋ-ਘੱਟ ਤਾਪਮਾਨ 29 ਡਿਗਰੀ ਸੈਲਸੀਅਸ, ਜਦੋਂ ਕਿ ਵੱਧ ਤੋਂ ਵੱਧ ਤਾਪਮਾਨ 44 ਡਿਗਰੀ ਸੈਲਸੀਅਸ ਤਕ ਰਹੇਗਾ। ਲਖਨਊ, ਯੂਪੀ ਵਿੱਚ 9 ਜੂਨ ਨੂੰ ਘੱਟੋ-ਘੱਟ ਤਾਪਮਾਨ 30 ਡਿਗਰੀ ਸੈਲਸੀਅਸ ਅਤੇ ਵੱਧ ਤੋਂ ਵੱਧ ਤਾਪਮਾਨ 43 ਡਿਗਰੀ ਸੈਲਸੀਅਸ ਹੋ ਸਕਦਾ ਹੈ। ਅਸਮਾਨ ਵਿੱਚ ਚਮਕਦਾਰ ਧੁੱਪ ਹੋਵੇਗੀ। ਬਿਹਾਰ ਦੇ ਪਟਨਾ ਦੀ ਗੱਲ ਕਰੀਏ ਤਾਂ ਅੱਜ ਦਾ ਘੱਟੋ-ਘੱਟ ਤਾਪਮਾਨ 27 ਡਿਗਰੀ ਸੈਲਸੀਅਸ ਤੇ ਵੱਧ ਤੋਂ ਵੱਧ ਤਾਪਮਾਨ 38 ਡਿਗਰੀ ਸੈਲਸੀਅਸ ਹੋ ਸਕਦਾ ਹੈ। ਉੱਤਰੀ ਭਾਰਤ ਦੇ ਸਾਰੇ ਸੂਬੇ ਵਿੱਚ ਦਿਨ ਭਰ ਪੈ ਰਹੀ ਗਰਮੀ ਤੇ ਤੇਜ਼ ਧੁੱਪ ਤੋਂ ਰਾਹਤ ਮਿਲਣ ਦੀ ਕੋਈ ਉਮੀਦ ਨਹੀਂ ਹੈ।
ਇਨ੍ਹਾਂ ਸੂਬੇ ਵਿੱਚ ਭਾਰੀ ਮੀਂਹ ਦੀ ਸੰਭਾਵਨਾ ਹੈ
ਸਕਾਈਮੇਟ ਮੌਸਮ ਅਨੁਸਾਰ, ਮਾਨਸੂਨ ਉੱਤਰ-ਪੂਰਬੀ ਭਾਰਤ ਵਿੱਚ ਸਰਗਰਮ ਰਹਿਣ ਦੀ ਸੰਭਾਵਨਾ ਹੈ ਤੇ ਦੱਖਣੀ ਪ੍ਰਾਇਦੀਪ ਵਿੱਚ ਕਮਜ਼ੋਰ ਰਹੇਗੀ। ਸਿੱਕਮ, ਦੇਸ਼ ਦੇ ਉੱਤਰ-ਪੂਰਬੀ ਹਿੱਸੇ ਅਤੇ ਅੰਡੇਮਾਨ ਤੇ ਨਿਕੋਬਾਰ ਦੀਪ ਸਮੂਹਾਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਦੇ ਨਾਲ ਅਲੱਗ-ਥਲੱਗ ਭਾਰੀ ਮੀਂਹ ਦੀ ਸੰਭਾਵਨਾ ਹੈ। ਕੇਰਲ, ਤੱਟਵਰਤੀ ਕਰਨਾਟਕ, ਦੱਖਣੀ ਅੰਦਰੂਨੀ ਕਰਨਾਟਕ ਤੇ ਤਾਮਿਲਨਾਡੂ ਦੇ ਕੁਝ ਹਿੱਸਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ। ਦੱਖਣੀ ਮੱਧ ਮਹਾਰਾਸ਼ਟਰ, ਮਰਾਠਵਾੜਾ ਅਤੇ ਉੱਤਰੀ ਅੰਦਰੂਨੀ ਕਰਨਾਟਕ ਵਿੱਚ ਮੀਂਹ ਦੀ ਗਤੀਵਿਧੀ ਵਧਣ ਦੀ ਸੰਭਾਵਨਾ ਹੈ।
ਇਨ੍ਹਾਂ ਸੂਬਿਆਂ ਵਿੱਚ ਅੱਜ ਹਲਕੀ ਬਾਰਿਸ਼ ਹੋਵੇਗੀ
ਤਾਮਿਲਨਾਡੂ, ਬਿਹਾਰ ਦੇ ਪੂਰਬੀ ਅਤੇ ਉੱਤਰ-ਪੂਰਬੀ ਹਿੱਸਿਆਂ, ਕੋਂਕਣ ਤੇ ਗੋਆ ਦੇ ਕੁਝ ਹਿੱਸਿਆਂ, ਤੱਟਵਰਤੀ ਆਂਧਰਾ ਪ੍ਰਦੇਸ਼ ਤੇ ਲਕਸ਼ਦੀਪ ਅਤੇ ਤੇਲੰਗਾਨਾ ਦੇ ਇੱਕ ਜਾਂ ਦੋ ਹਿੱਸਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ। ਮੱਧ ਮਹਾਰਾਸ਼ਟਰ 'ਚ ਹੀ ਨਹੀਂ, ਸਗੋਂ ਗੁਜਰਾਤ, ਗਿਲਗਿਤ-ਬਾਲਟਿਸਤਾਨ, ਮੁਜ਼ੱਫਰਾਬਾਦ, ਜੰਮੂ-ਕਸ਼ਮੀਰ ਅਤੇ ਲੱਦਾਖ ਦੇ ਪੂਰਬੀ ਹਿੱਸਿਆਂ 'ਚ ਵੀ ਹਲਕੀ ਬਾਰਿਸ਼ ਹੋ ਸਕਦੀ ਹੈ।