ਜੇਐੱਨਐੱਨ, ਰਾਂਚੀ : ਹੇਮੰਤ ਸੋਰੇਨ ਝਾਰਖੰਡ ਦੇ ਨਵੇਂ ਮੁੱਖ ਮੰਤਰੀ ਦੇ ਰੂਪ 'ਚ 29 ਦਸੰਬਰ ਨੂੰ ਰਾਜਧਾਨੀ ਰਾਂਚੀ ਦੇ ਮੋਹਰਾਬਾਦੀ ਮੈਦਾਨ 'ਚ ਦੁਪਹਿਰ ਇਕ ਵਜੇ ਸਹੁੰ ਚੁੱਕਣਗੇ। ਹੇਮੰਤ ਨੇ ਕਿਹਾ ਕਿ ਅਸੀਂ ਰਾਜਪਾਲ ਕੋਲ ਸਰਕਾਰ ਬਣਾਉਣ ਦਾ ਆਪਣਾ ਦਾਅਵਾ ਪੇਸ਼ ਕਰ ਦਿੱਤਾ ਹੈ। ਅਸੀਂ 50 ਵਿਧਾਇਕਾਂ ਨਾਲ ਰਾਜਪਾਲ ਨੂੰ ਆਪਣਾ ਸਮਰੱਥਨ ਪੱਤਰ ਸੌਂਪਿਆ। ਅਸੀਂ ਰਾਜਪਾਲ ਨੂੰ ਰਾਜ 'ਚ ਨਵੀਂ ਸਰਕਾਰ ਬਣਾਉਣ ਲਈ ਮਨਜ਼ੂਰੀ ਮੰਗੀ ਹੈ।
ਇਸ ਤੋਂ ਪਹਿਲਾਂ ਨਵੀਂ ਸਰਕਾਰ ਦੇ ਗਠਨ ਦੀ ਰਸਮ ਪੂਰੀ ਕਰਨ ਲਈ ਮੰਗਲਵਾਰ ਨੂੰ ਸਰਗਰਮੀ ਸਿਖ਼ਰ 'ਤੇ ਰਹੀ। ਸਵੇਰ ਤੋਂ ਹੀ ਇਸ ਸਬੰਧੀ ਸਰਗਰਮੀ ਤੇਜ਼ ਹੋ ਗਈ। ਝਾਰਖੰਡ ਮੁਕਤੀ ਮੋਰਚਾ ਵਿਧਾਇਕ ਦਲ ਦੀ ਬੈਠਕ 'ਚ ਹੇਮੰਤ ਸੋਰੇਨ ਨੂੰ ਨੇਤਾ ਚੁਣਨ ਦਾ ਐਲਾਨ ਕੀਤਾ ਗਿਆ।
ਜੇਐੱਮਐੱਮ ਮੁਖੀ ਸ਼ਿਬੂ ਸੋਰੇਨ ਦੀ ਰਿਹਾਇਸ਼ 'ਤੇ ਹੋਈ ਬੈਠਕ 'ਚ ਪਾਰਟੀ ਦੇ ਸਾਰੇ 30 ਵਿਧਾਇਕ ਮੌਜੂਦ ਸਨ। ਇਸ ਤੋਂ ਬਾਅਦ ਸ਼ਾਮ ਪੰਜ ਵਜੇ ਕਾਂਗਰਸ ਵਿਧਾਇਕ ਦਲ ਦੀ ਬੈਠਕ ਹਾਈ ਕਮਾਨ ਵੱਲੋਂ ਨਿਯੁਕਤ ਆਬਜ਼ਰਵਰ ਟੀਐੱਸ ਸਿੰਘਦੇਵ ਦੀ ਮੌਜੂਦਗੀ 'ਚ ਹੋਈ। ਸ਼ਾਮ ਸੱਤ ਵਜੇ ਇਕ ਵਾਰ ਫਿਰ ਵਿਧਾਇਕਾਂ ਨੇ ਜੇਐੱਮਐੱਮ ਮੁਖੀ ਸ਼ਿਬੂ ਸੋਰੇਨ ਦੀ ਰਿਹਾਇਸ਼ ਦਾ ਰੁਖ਼ ਕੀਤਾ। ਇੱਥੇ ਵਿਰੋੋਧੀ ਪਾਰਟੀਆਂ ਦੀ ਸਾਂਝੀ ਬੈਠਕ 'ਚ ਸਾਰੇ ਵਿਧਾਇਕਾਂ ਨੇ ਹਾਜ਼ਰੀ ਦਰਜ ਕਰਵਾਈ। ਫ਼ੈਸਲਾ ਕੀਤਾ ਗਿਆ ਕਿ ਰਾਜਪਾਲ ਨੂੰ ਮਿਲ ਕੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ ਜਾਵੇਗਾ। ਰਾਜ ਭਵਨ ਤੋਂ ਇਸ ਬਾਰੇ ਸਮਾਂ ਮੰਗਿਆ ਗਿਆ ਹੈ।
ਇਸੇ ਦੌਰਾਨ ਮੰਗਲਵਾਰ ਨੂੰ ਝਾਰਖੰਡ ਵਿਕਾਸ ਮੋਰਚਾ ਦੇ ਮੁਖੀ ਬਾਬੂਲਾਲ ਮਰਾਂਡੀ ਦੀ ਰਿਹਾਇਸ਼ 'ਤੇ ਪੁੱਜੇ ਹੇਮੰਤ ਸੋਰੇਨ ਨੂੰ ਮਰਾਂਡੀ ਨੇ ਖੁੱਲ੍ਹੇ ਮਨ ਨਾਲ ਉਨ੍ਹਾਂ ਨੂੰ ਅਪਣਾਉਂਦਿਆਂ ਕਿਹਾ ਕਿ ਸੂਬੇ ਦੀ ਸੇਵਾ ਕਰਨ ਦਾ ਫ਼ਤਵਾ ਤੁਹਾਨੂੰ ਮਿਲਿਆ ਹੈ। ਇਸ ਮੁਲਾਕਾਤ ਤੋਂ ਬਾਅਦ ਝਾਰਖੰਡ ਵਿਕਾਸ ਮੋਰਚੇ ਨੇ ਆਧਿਕਾਰਿਕ ਤੌਰ 'ਤੇ ਐਲਾਨ ਕੀਤਾ ਕਿ ਹੇਮੰਤ ਸੋਰੇਨ ਦੀ ਅਗਵਾਈ 'ਚ ਬਣਨ ਵਾਲੀ ਸਰਕਾਰ ਨੂੰ ਬਗ਼ੈਰ ਸ਼ਰਤ ਸਮਰਥਨ ਦਿੱਤਾ ਜਾਵੇਗਾ।