ਰਾਏਪੁਰ (ਛਤੀਸਗੜ੍ਹ), ਜੈ ਐੱਨਐੱਨ : ਅੰਬਿਕਾਪੁਰ ਡਵੀਜ਼ਨਲ ਹੈੱਡਕੁਆਰਟਰ ’ਚ ਸਵੇਰੇ ਕਰੀਬ 10:30 ਵਜੇ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਲੋਕ ਘਬਰਾ ਕੇ ਘਰਾਂ ਤੋਂ ਬਾਹਰ ਆ ਗਏ। ਡਰ ਤੇ ਸਹਿਮ ਦਾ ਮਾਹੌਲ ਸੀ। ਰਿਕਟਰ ਪੈਮਾਨੇ ’ਤੇ ਭੂਚਾਲ ਦੀ ਤੀਬਰਤਾ 4.1 ਮਾਪੀ ਗਈ ਹੈ। ਉੱਥੇ ਹੀ ਮੱਧ ਪ੍ਰਦੇਸ਼ ਦੇ ਗਵਾਲੀਅਰ ਵਿਚ ਵੀ ਭੂਚਾਲ ਆਇਆ। ਰਿਕਟਰ ਪੈਮਾਨੇ ’ਤੇ ਭੂਚਾਲ ਦੀ ਤੀਬਰਤਾ 4.0 ਮਾਪੀ ਗਈ ਹੈ। ਰਾਸ਼ਟਰੀ ਭੂਚਾਲ ਵਿਗਿਆਨ ਕੇਦਰ ਨੇ ਦੱਸਿਆ ਕਿ ਅੱਜ ਸਵੇਰੇ 10:31 ਵਜੇ ਗਵਾਲੀਅਰ ਤੋਂ 28 ਕਿਲੋਮੀਟਰ ਦੱਖਣ-ਪੂਰਬ ’ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।
ਜਾਣਕਾਰੀ ਮੁਤਾਬਿਕ ਉੱਤਰੀ ਛੱਤੀਸਗੜ੍ਹ ’ਚ ਵੀ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ ਹਨ। ਫਿਲਹਾਲ ਕੋਈ ਜਾਨੀਮਾਲੀ ਨੁਕਸਾਨ ਨਹੀਂ ਹੋਇਆ ਹੈ। ਇਸ ਤੋਂ ਪਹਿਲਾਂ ਵੀ 14.10.2022 ਸ਼ੱੁਕਰਵਾਰ ਨੂੰ ਸਵੇਰੇ ਹੀ ਅੰਬਿਕਾਪੁਰ ਮੰਡਲ ਹੈੱਡਕੁਆਰਟਰ ’ਚ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ ਸਨ। ਅੱਜ ਦੇ ਭੂਚਾਲ ਦਾ ਕੇਂਦਰ ਵੀ ਅੰਬਿਕਾਪੁਰ ਤੋਂ 65 ਕਿਲੋਮੀਟਰ ਦੂਰ ਜ਼ਮੀਨ ਤੋਂ 10 ਕਿਲੋਮੀਟਰ ਹੇਠਾਂ ਦੱਸਿਆ ਜਾ ਰਿਹਾ ਹੈ। ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ ਮੁਤਾਬਿਕ ਭੂਚਾਲ ਦੀ ਡੂੰਘਾਈ ਜ਼ਮੀਨ ਤੋਂ 10 ਕਿਲੋਮੀਟਰ ਹੇਠਾਂ ਦੱਸੀ ਜਾ ਰਹੀ ਹੈ।