ਰਾਏਪੁਰ (ਨਈ ਦੁਨੀਆ) : ਛੱਤੀਸਗੜ੍ਹ ਦੀ ਰਾਜਧਾਨੀ ਰਾਏਪੁਰ ’ਚ ਸੈਂਕੜੇ ਲੋਕਾਂ ਨਾਲ 10 ਕਰੋੜ ਰੁਪਏ ਤੋਂ ਵੱਧ ਦੀ ਠੱਗੀ ਕਰ ਕੇ ਅੱਠ ਸਾਲ ਤੋਂ ਫ਼ਰਾਰ ਗਿ੍ਰੰਡਲੇ ਫਾਰੈਸਟ ਇੰਡੀਆ ਪ੍ਰਾਈਵੇਟ ਲਿਮਟਿਡ ਚਿੱਟਫੰਡ ਕੰਪਨੀ ਦੇ ਡਾਇਰੈਕਟਰ ਸਵਰਨ ਸਿੰਘ ਨੂੰ ਪੰਜਾਬ ਦੇ ਮਜੀਠਾ ਤੋਂ ਗਿ੍ਫ਼ਤਾਰ ਕਰ ਕੇ ਪੁਲਿਸ ਲਿਆਈ ਹੈ। ਮੁਲਜ਼ਮ ਨੇ ਰਾਏਪੁਰ ਦੇ ਬਾਂਸਟਾਲ ਇਲਾਕੇ ਵਿਚ ਕੰਪਨੀ ਦਾ ਦਫਤਰ ਖੋਲ੍ਹ ਕੇ ਰਾਏਪੁਰ ਅਤੇ ਆਸ-ਪਾਸ ਦੇ ਇਲਾਕਿਆਂ ਦੇ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਇਆ ਸੀ। ਉਸ ਦੇ ਖ਼ਿਲਾਫ਼ ਰਾਏਪੁਰ ਦੇ ਕਈ ਥਾਣਿਆਂ ’ਚ ਧੋਖਾਧੜੀ ਦਾ ਮਾਮਲਾ ਦਰਜ ਹੈ।
ਅਲਖਰਾਮ ਸਾਹੂ ਸਮੇਤ ਕਈ ਹੋਰਨਾਂ ਪੀੜਤਾਂ ਨੇ ਸਾਲ 2015 ’ਚ ਗੋਲਬਾਜ਼ਾਰ ਥਾਣੇ ’ਚ ਠੱਗੀ ਦੀ ਸ਼ਿਕਾਇਤ ਦਰਜ ਕਰਵਾਈ ਸੀ। ਇਸ ’ਚ ਉਨ੍ਹਾਂ ਦੱਸਿਆ ਸੀ ਕਿ ਗਿ੍ਰੰਡਲੇ ਫਾਰੈਸਟ ਇੰਡੀਆ ਪ੍ਰਾਈਵੇਟ ਲਿਮਟਿਡ ਕੰਪਨੀ ਅਤੇ ਗ੍ਰੀਂਡਲੈਸ ਪ੍ਰੋਜੈਕਟ ਤੇ ਡਿਵੈਲਪਰਸ ਲਿਮਟਿਡ ਦੇ ਡਾਇਰੈਕਟਰ ਅਲੋਕ ਕੁਮਾਰ ਭਦਰਾ, ਸੰਤੋਸ਼ ਸਿਕੰਦਰ, ਸਵਰਨ ਸਿੰਘ ਅਤੇ ਹੋਰਨਾਂ ਕਰਮਚਾਰੀਆਂ ਨੇ ਚਿੱਟਫੰਡ ਕੰਪਨੀ ਵਿਚ ਪੈਸਾ ਨਿਵੇਸ਼ ਕਰਨ ’ਤੇ ਤਿੰਨ ਗੁਣਾ ਰਕਮ ਵਾਪਸ ਕਰਨ ਦਾ ਝਾਂਸਾ ਦਿੱਤਾ ਸੀ। ਉਨ੍ਹਾਂ ਦੇ ਝਾਂਸੇ ਵਿਚ ਆ ਕੇ ਪੀੜਤਾਂ ਨੇ ਦਸ ਕਰੋੜ ਰੁਪਏ ਤੋਂ ਵੱਧ ਜਮ੍ਹਾਂ ਕਰਵਾ ਦਿੱਤੇ ਸਨ। ਜਦੋਂ ਰਕਮ ਵਾਪਸ ਕਰਨ ਦੀ ਬਾਰੀ ਆਈ ਤਾਂ ਕੰਪਨੀ ਦੇ ਡਾਇਰੈਕਟਰ ਸਮੇਤ ਹੋਰ ਕਰਮਚਾਰੀ ਫ਼ਰਾਰ ਹੋ ਗਏ।
ਇਸ ਮਾਮਲੇ ਵਿਚ ਪੁਲਿਸ ਨੇ ਧੋਖਾਧੜੀ, ਦਿ ਪ੍ਰਾਈਜ਼ ਚਿੱਟਸ ਐਂਡ ਮਨੀ ਸਰਕੂਲੇਸ਼ਨ ਸਕੀਮ (ਪਾਬੰਦੀ) ਐਕਟ ਦੀ ਧਾਰਾ 10 ਤਹਿਤ ਮਾਮਲਾ ਦਰਜ ਕੀਤਾ ਸੀ। ਇਸ ਮਾਮਲੇ ਵਿਚ ਅਲੋਕ ਕੁਮਾਰ ਭਦਰਾ ਅਤੇ ਏਜੰਟ ਕ੍ਰਿਸ਼ਨਾ ਪ੍ਰਸਾਦ ਚੰਦ੍ਰਾਕਰ ਨੂੰ ਗਿ੍ਰਫ਼ਤਾਰ ਕਰ ਕੇ ਜੇਲ੍ਹ ਭੇਜਿਆ ਜਾ ਚੁੱਕਾ ਹੈ।
ਲੋਕੇਸ਼ਨ ਟਰੇਸ ਕਰ ਕੇ ਪੁੱਜੀ ਟੀਮ
ਐਂਟੀ ਕ੍ਰਾਈਮ ਐਂਡ ਸਾਈਬਰ ਯੂਨਿਟ ਤੇ ਗੋਲਬਾਜ਼ਾਰ ਥਾਣੇ ਦੀ ਸਾਂਝੀ ਟੀਮ ਨੇ ਫ਼ਰਾਰ ਮੁਲਜ਼ਮਾਂ ਦੀ ਲੋਕੇਸ਼ਨ ਟ੍ਰੇਸ ਕੀਤੀ। ਸਵਰਨ ਸਿੰਘ ਦੇ ਪੰਜਾਬ ਦੇ ਅੰਮ੍ਰਿਤਸਰ ਸ਼ਹਿਰ ਵਿਚ ਹੋਣ ਦੀ ਜਾਣਕਾਰੀ ਮਿਲਣ ’ਤੇ ਪੁਲਿਸ ਟੀਮ ਅੰਮ੍ਰਿਤਸਰ ਪੁੱਜੀ। ਇਸ ਦੌਰਾਨ ਮੈਡੀਕਲ ਇਨਕਲੇਵ, ਕੋਠੀ ਨੰਬਰ 415, ਥਾਣਾ ਮਜੀਠਾ, ਅੰਮ੍ਰਿਤਸਰ ਵਾਸੀ ਸਵਰਨ ਸਿੰਘ (55) ਨੂੰ ਮਜੀਠਾ ਰੋਡ ਸਥਿਤ ਮੈਡੀਕਲ ਐਵਨਿਊ ਤੋਂ ਗਿ੍ਰਫਤਾਰ ਕਰ ਲਿਆ ਗਿਆ। ਉਸ ਨੂੰ ਟਰਾਂਜ਼ਿਟ ਰਿਮਾਂਡ ’ਤੇ ਐਤਵਾਰ ਨੂੰ ਰਾਏਪੁਰ ਲਿਆਂਦਾ ਗਿਆ ਹੈ।