ਨਵੀਂ ਦਿੱਲੀ (ਪੀਟੀਆਈ) : ਕੇਂਦਰ ਸਰਕਾਰ ਨੇ ਸੂਬਿਆਂ ਤੋਂ ਕੋਰੋਨਾ ਵਾਇਰਸ ਖ਼ਿਲਾਫ਼ ਟੀਕਾਕਰਨ ਮੁਹਿੰਮ ਵਿਚ ਸਫਲਤਾ ਲਈ ਛੋਟੀਆਂ-ਛੋਟੀਆਂ ਯੋਜਨਾਵਾਂ ਬਣਾ ਕੇ ਉਸ ’ਤੇ ਅਮਲ ਕਰਨ ਦੀ ਬੇਨਤੀ ਕੀਤੀ ਹੈ। ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਸੋਮਵਾਰ ਨੂੰ ਪੁੱਡੂਚੇਰੀ, ਨਾਗਾਲੈਂਡ, ਮੇਘਾਲਿਆ ਅਤੇ ਮਨੀਪੁਰ ਵਿਚ ਕੋਰੋਨਾ ਟੀਕਾਕਰਨ ਦੇ ਹਾਲਾਤ ਦੀ ਸਮੀਖਿਆ ਦੌਰਾਨ ਇਹ ਬੇਨਤੀ ਕੀਤੀ।
ਮਾਂਡਵੀਆ ਨੇ ਕਿਹਾ, ‘ਅਸੀਂ ਕੋਰੋਨਾ ਟੀਕਾਕਰਨ ਦੇ ਆਖ਼ਰੀ ਪੜਾਅ ਵਿਚ ਹਾਂ। ਆਓ ਅਸੀਂ ਟੀਕਾਕਰਨ ਦੀ ਰਫ਼ਤਾਰ ਵਧਾ ਕੇ ਅਤੇ ਕਵਰੇਜ ਦਾ ਵਿਸਥਾਰ ਕਰਕੇ ਪੂਰਨ ਕੋਰੋਨਾ ਟੀਕਾਕਰਨ ਯਕੀਨੀ ਬਣਾਉਣ ਲਈ ਹਮਲਾਵਰ ਮੁਹਿੰਮ ਸ਼ੁਰੂ ਕਰੀਏ।’ ਵਰਚੁਅਲ ਤਰੀਕੇ ਨਾਲ ਹੋਈ ਸਮੀਖਿਆ ਬੈਠਕ ਵਿਚ ਮਨੀਪੁਰ, ਮੇਘਾਲਿਆ, ਨਾਗਾਲੈਂਡ ਅਤੇ ਪੁੱਡੂਚੇਰੀ ਦੇ ਸਿਹਤ ਸਕੱਤਰ ਅਤੇ ਸਿਹਤ ਵਿਭਾਗ ਦੇ ਹੋਰ ਸੀਨੀਅਰ ਅਧਿਕਾਰੀ ਸ਼ਾਮਲ ਹੋਏ। ਕੇਂਦਰੀ ਸਿਹਤ ਮੰਤਰਾਲੇ ਮੁਤਾਬਕ, ਇਨ੍ਹਾਂ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚ ਟੀਕਾਕਰਨ ਦੀ ਕਵਰੇਜ ਘੱਟ ਹੈ। ਭਾਰਤ ਵਿਚ ਜਿੱਥੇ 82 ਫ਼ੀਸਦੀ ਲੋਕਾਂ ਨੂੰ ਪਹਿਲੀ ਅਤੇ 43 ਫ਼ੀਸਦੀ ਨੂੰ ਦੋਵੇਂ ਡੋਜ਼ ਦੇ ਦਿੱਤੀਆਂ ਗਈਆਂ ਹਨ, ਉਥੇ ਪੁੱਡੂਚੇਰੀ ਵਿਚ ਇਹ ਅੰਕੜਾ ਕ੍ਰਮਵਾਰ 66 ਅਤੇ 36 ਫ਼ੀਸਦੀ, ਨਾਗਾਲੈਂਡ ਵਿਚ 49 ਅਤੇ 36, ਮੇਘਾਲਿਆ ਵਿਚ 57 ਅਤੇ 38 ਅਤੇ ਮਨੀਪੁਰ ਵਿਚ 54 ਅਤੇ 36 ਫ਼ੀਸਦੀ ਹੈ।
ਕੋਰੋਨਾ ਮਹਾਮਾਰੀ ਖ਼ਿਲਾਫ਼ ਲੜਾਈ ਵਿਚ ਟੀਕਾਕਰਨ ਨੂੰ ਸਭ ਤੋਂ ਭਰੋਸੇਮੰਦ ਹਥਿਆਰ ਦੱਸਦੇ ਹੋਏ ਮਾਂਡਵੀਆ ਨੇ ਇਸ ਮੁਹਿੰਮ ਵਿਚ ਗ਼ੈਰ ਸਰਕਾਰੀ ਸੰਗਠਨਾਂ, ਧਾਰਮਿਕ ਨੇਤਾਵਾਂ ਆਦਿ ਨੂੰ ਵੀ ਜੋੜਨ ਦੀ ਬੇਨਤੀ ਕੀਤੀ ਹੈ। ਉਨ੍ਹਾਂ ਕਿਹਾ ਕਿ ਅਸੀਂ ਸਾਰਿਆਂ ਨੂੰ ਮਿਲ ਕੇ ਇਹ ਯਕੀਨੀ ਬਣਾਉਣਾ ਹੈ ਕਿ ਕੋਈ ਵੀ ਪਾਤਰ ਵਿਅਕਤੀ ਟੀਕੇ ਦੇ ਸੁਰੱਖਿਆ ਘੇਰੇ ਤੋਂ ਵਾਂਝਾ ਨਾ ਰਹਿ ਜਾਵੇ।
ਟੀਕੇ ਦੀ ਲੋੜੀਂਦੀ ਸਪਲਾਈ ਹੋਣ ’ਤੇ ਹੋਵੇ ਬੱਚਿਆਂ ਦਾ ਟੀਕਾਕਰਨ
ਹੈਦਰਾਬਾਦ (ਆਈਏਐੱਨਐੱਸ) : ਦੇਸ਼ ਦੇ ਇਕ ਮੰਨੇ-ਪ੍ਰਮੰਨੇ ਸਿਹਤ ਮਾਹਰ ਦਾ ਕਹਿਣਾ ਹੈ ਕਿ ਬਾਲਿਗਾਂ ਦੇ ਟੀਕਾਕਰਨ ਤੋਂ ਬਾਅਦ ਜੇਕਰ ਲੋੜੀਂਦੀ ਗਿਣਤੀ ਵਿਚ ਟੀਕੇ ਉਪਲਬਧ ਹੋਣ ਤਾਂ ਬੱਚਿਆਂ ਦਾ ਟੀਕਾਕਰਨ ਕੀਤਾ ਜਾਣਾ ਚਾਹੀਦਾ ਹੈ। ਦਿਲ ਦੇ ਰੋਗਾਂ ਦੇ ਮਾਹਰ ਡਾ. ਕ੍ਰਿਸ਼ਨ ਰੈੱਡੀ ਨੇ ਕਿਹਾ ਕਿ ਹਾਲਾਂਕਿ ਮਹਾਮਾਰੀ ਨੂੰ ਰੋਕਣ ਲਈ ਦੇਸ਼ ਵਿਚ ਕਮਿਊਨਿਟੀ ਪ੍ਰਤੀਰੱਖਿਆ ਹਾਸਲ ਕਰਨ ਲਈ ਬੱਚਿਆਂ ਦਾ ਟੀਕਾਕਰਨ ਅਹਿਮ ਹੈ, ਪਰ ਇਹ ਉਦੋਂ ਕੀਤਾ ਜਾਣਾ ਚਾਹੀਦ ਹੈ ਜਦੋਂ ਟੀਕੇ ਦੀ ਲੋੜੀਂਦੀ ਮਾਤਰਾ ਵਿਚ ਸਪਲਾਈ ਹੋਵੇ। ਉਨ੍ਹਾਂ ਸੁਰੱਖਿਆ ਚਿੰਤਾਵਾਂ ਨੂੰ ਦੂਰ ਕਰਨ ਲਈ ਮਜ਼ਬੂਤ ਨਿਗਰਾਨੀ ਤੰਤਰ ਦੀ ਵੀ ਵਕਾਲਤ ਕੀਤੀ।