ਨਵੀਂ ਦਿੱਲੀ : ਜੇਕਰ ਘਰ ਦੀ ਧੀ ਨੂੰ ਵਿਆਹ ਵੇਲੇ ਦਾਜ ਦਿੱਤਾ ਗਿਆ ਹੈ ਤਾਂ ਵੀ ਉਹ ਪਰਿਵਾਰ ਦੀ ਜਾਇਦਾਦ 'ਤੇ ਅਧਿਕਾਰ ਮੰਗ ਸਕਦੀ ਹੈ। ਹਾਲ ਹੀ 'ਚ ਇਕ ਮਾਮਲੇ 'ਚ ਸੁਣਵਾਈ ਦੌਰਾਨ ਬੰਬੇ ਹਾਈ ਕੋਰਟ ਦੀ ਗੋਆ ਬੈਂਚ ਨੇ ਇਹ ਗੱਲ ਕਹੀ ਹੈ। ਅਪੀਲਕਰਤਾ ਨੇ ਕੋਰਟ ਨੂੰ ਦੱਸਿਆ ਸੀ ਉਨ੍ਹਾਂ ਨੂੰ ਚਾਰ ਭਰਾਵਾਂ ਤੇ ਮਾਂ ਵੱਲੋਂ ਜਾਇਦਾਦ ਵਿਚੋਂ ਕੋਈ ਵੀ ਹਿੱਸਾ ਨਹੀਂ ਦਿੱਤਾ ਗਿਆ ਸੀ।
ਚਾਰ ਭਾਰਵਾਂ ਤੇ ਮਾਂ ਨੇ ਦਲੀਲ ਦਿੱਤੀ ਸੀ ਕਿ ਵਿਆਹ ਵੇਲੇ ਚਾਰਾਂ ਬੇਟੀਆਂ ਨੂੰ ਕੁਝ ਦਾਜ ਦਿੱਤਾ ਗਿਆ ਸੀ ਤੇ ਉਹ ਪਰਿਵਾਰ ਦੀ ਜਾਇਦਾਦ 'ਤੇ ਹੱਕ ਨਹੀਂ ਮੰਗ ਸਕਦੀਆਂ। ਜਸਟਿਸ ਮਹੇਸ਼ ਸੋਨਕ ਵੱਲੋਂ ਇਸ ਦਲੀਲ ਨੂੰ ਪੂਰੀ ਤਰ੍ਹਾਂ ਖਾਰਜ ਕਰ ਦਿੱਤਾ ਗਿਆ। ਉਨ੍ਹਾਂ ਕਿਹਾ, 'ਜੇਕਰ ਇਹ ਮੰਨ ਵੀ ਲਿਆ ਜਾਵੇ ਕਿ ਬੇਟੀਆਂ ਨੂੰ ਕੁਝ ਦਾਜ ਦਿੱਤਾ ਗਿਆ ਸੀ ਤਾਂ ਇਸ ਦਾ ਮਤਲਬ ਇਹ ਨਹੀਂ ਹੁੰਦਾ ਕਿ ਧੀਆਂ ਕੋਲ ਪਰਿਵਾਰ ਦੀ ਜਾਇਦਾਦ 'ਚ ਕੋਈ ਹੱਕ ਨਹੀਂ ਹੋਵੇਗਾ।'
ਉਨ੍ਹਾਂ ਅੱਗੇ ਕਿਹਾ, 'ਪਿਤਾ ਦੇ ਦੇਹਾਂਤ ਤੋਂ ਬਾਅਦ ਬੇਟੀਆਂ ਦੇ ਅਧਿਕਾਰਾਂ ਨੂੰ ਭਰਾਵਾਂ ਵੱਲੋਂ ਜਿਸ ਤਰ੍ਹਾਂ ਨਾਲ ਖ਼ਤਮ ਕੀਤਾ ਗਿਆ ਹੈ, ਉਹ ਖ਼ਤਮ ਨਹੀਂ ਕੀਤਾ ਜਾ ਸਕਦਾ।' ਖਾਸ ਗੱਲ ਹੈ ਕਿ ਕੋਰਟ 'ਚ ਇਹ ਵੀ ਸਾਫ਼ ਨਹੀਂ ਹੋ ਸਕਿਆ ਕਿ ਚਾਰਾਂ ਬੇਟੀਆਂ ਨੂੰ ਲੋੜੀਂਦਾ ਦਾਜ ਦਿੱਤਾ ਗਿਆ ਸੀ ਜਾਂ ਨਹੀਂ।