ਨੀਲੂ ਰੰਜਨ, ਨਵੀਂ ਦਿੱਲੀ : ਦੁਨੀਆ ’ਤੇ ਕੋਰੋਨਾ ਮਹਾਮਾਰੀ ਦੀ ਤੀਜੀ ਲਹਿਰ ਦਾ ਖ਼ਤਰਾ ਡੂੰਘਾ ਹੋ ਗਿਆ ਹੈ। ਯੂਰਪ, ਅਮਰੀਕਾ ਤੇ ਏਸ਼ੀਆ ਦੇ ਕਈ ਦੇਸ਼ਾਂ ’ਚ ਕੋਰੋਨਾ ਦੀ ਵੱਧਦੀ ਇਨਫੈਕਸ਼ਨ ਨੂੰ ਲੈ ਕੇ ਆਗਾਹ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਭ ਤੋਂ ਜ਼ਿਆਦਾ ਇਨਫੈਕਸ਼ਨ ਵਾਲੇ ਛੇ ਸੂਬਿਆਂ ਨੂੰ ਟੈਸਟ, ਟਰੈਕ, ਟਰੀਟ ਤੇ ਟੀਕੇ ਦੇ ਜ਼ਰੀਏ ਇਨਫੈਕਸ਼ਨ ’ਤੇ ਤਤਕਾਲ ਲਗਾਮ ਲਗਾਉਣ ਦੀ ਸਲਾਹ ਦਿੱਤੀ। ਉੱਥੇ ਨੀਤੀ ਆਯੋਗ ਦੇ ਮੈਂਬਰ (ਸਿਹਤ) ਤੇ ਕੋਰੋਨਾ ਟੀਕਾਕਰਨ ’ਤੇ ਗਠਿਤ ਟਾਸਕ ਫੋਰਸ ਦੇ ਮੁਖੀ ਡਾ. ਵੀਕੇ ਪਾਲ ਨੇ ਤੀਜੀ ਲਹਿਰ ਦੇ ਮੱਦੇਨਜ਼ਰ ਭਾਰਤ ਲਈ ਅਗਲੇ ਤਿੰਨ ਚਾਰ ਮਹੀਨਿਆਂ ਨੂੰ ਅਹਿਮ ਦੱਸਿਆ ਹੈ।
ਮਹਾਰਾਸ਼ਟਰ, ਕੇਰਲ, ਤਾਮਿਲਨਾਡੂ, ਆਂਧਰ ਪ੍ਰਦੇਸ਼, ਕਰਨਾਟਕ ਤੇ ਓਡੀਸ਼ਾ ਦੇ ਮੁੱਖ ਮੰਤਰੀਆਂ ਨਾਲ ਵਰਚੁਅਲ ਮੀਟਿੰਗ ’ਚ ਪ੍ਰਧਾਨ ਮੰਤਰੀ ਮੋਦੀ ਨੇ ਕੋਰੋਨਾ ਇਨਫੈਕਸ਼ਨ ਨੂੰ ਰੋਕਣ ਲਈ ਤੁਰੰਤ ਕਦਮ ਚੁੱਕਣ ਦੀ ਜ਼ਰੂਰਤ ਦੱਸੀ। ਉਨ੍ਹਾਂ ਇਸ ਸਬੰਧ ’ਚ ਹਰ ਸੰਭਵ ਕੇਂਦਰੀ ਮਦਦ ਦਾ ਭਰੋਸਾ ਵੀ ਦਿੱਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਦੂਜੀ ਲਹਿਰ ਤੋਂ ਪਹਿਲਾਂ ਜਨਵਰੀ ਮਹੀਨੇ ’ਚ ਇਸੇ ਤਰ੍ਹਾਂ ਨਾਲ ਕੇਰਲ ਤੇ ਮਹਾਰਾਸ਼ਟਰ ’ਚ ਇਨਫੈਕਸ਼ਨ ਦੇ ਮਾਮਲੇ ਵਧਣ ਲੱਗੇ ਸਨ। ਮਾਹਿਰਾਂ ਨੇ ਕਿਹਾ ਸੀ ਕਿ ਜਿਨ੍ਹਾਂ ਸੂਬਿਆਂ ’ਚ ਇਨਫੈਕਸ਼ਨ ਪਹਿਲਾਂ ਤੇਜ਼ੀ ਨਾਲ ਵਧੀ ਸੀ, ਉਨ੍ਹਾਂ ’ਚ ਪਹਿਲਾਂ ਗਿਰਾਵਟ ਆਏਗੀ, ਪਰ ਮਹਾਰਾਸ਼ਟਰ ਤੇ ਕੇਰਲ ਦੇ ਮਾਮਲੇ ’ਚ ਇਹ ਦੇਖਣ ਨੂੰ ਨਹੀਂ ਮਿਲ ਰਿਹਾ। ਇਨ੍ਹਾਂ ਦੋਵੇਂ ਸੂਬਿਆਂ ’ਚ ਇਨਫੈਕਸ਼ਨ ’ਚ ਵਾਧਾ ਬਰਕਰਾਰ ਹੈ। ਜਿਨ੍ਹਾਂ ਛੇ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਪ੍ਰਧਾਨ ਮੰਤਰੀ ਨੇ ਗੱਲ ਕੀਤੀ, ਉਨ੍ਹਾਂ ’ਚ ਜੁਲਾਈ ਮਹੀਨੇ ਵਿਚ ਕੁੱਲ ਇਨਫੈਕਸ਼ਨ ਦੇ 80 ਫ਼ੀਸਦੀ ਮਾਮਲੇ ਮਿਲੇ ਹਨ ਤੇ 84 ਫ਼ੀਸਦੀ ਮੌਤਾਂ ਹੋਈਆਂ ਹਨ, ਜਿਹੜੀ ਚਿੰਤਾ ਦੀ ਗੱਲ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਜ਼ਿਆਦਾ ਇਨਫੈਕਸ਼ਨ ਬਣੇ ਰਹਿਣ ਨਾਲ ਵਾਇਰਸ ਦੇ ਮਿਊਟੇਸ਼ਨ ਦਾ ਖ਼ਤਰਾ ਵੀ ਵੱਧ ਜਾਂਦਾ ਹੈ ਤੇ ਨਵੇਂ ਸਰੂਪ ’ਚ ਉਹ ਜ਼ਿਆਦਾ ਖ਼ਤਰਨਾਕ ਹੋ ਸਕਦਾ ਹੈ।
ਪ੍ਰਧਾਨ ਮੰਤਰੀ ਨੇ ਉੱਤਰ ਪੂਰਬ ਦੇ ਸੂਬਿਆਂ ਦੀ ਉਦਾਹਰਣ ਦਿੰਦੇ ਹੋਏ ਪੂਰੇ ਸੂਬੇ ’ਚ ਲਾਕਡਾਊਨ ਦੀ ਬਜਾਏ ਮਾਈਕ੍ਰੋ ਕੰਟੇਨਮੈਂਟ ਜ਼ੋਨ ਬਣਾ ਕੇ ਇਨਫੈਕਸ਼ਨ ਨੂੰ ਰੋਕਣ ਦੀ ਸਲਾਹ ਦਿੱਤੀ। ਨਾਲ ਹੀ ਉਨ੍ਹਾਂ ਟੀਕਾਕਰਨ ਨੂੰ ਵੀ ਇਨਫੈਕਸ਼ਨ ਦੇ ਖ਼ਿਲਾਫ਼ ਅਸਰਦਾਰ ਹਥਿਆਰ ਦੇ ਰੂਪ ’ਚ ਇਸਤੇਮਾਲ ਕਰਨ ਦੀ ਲੋੜ ਦੱਸੀ।
ਜ਼ਿਆਦਾ ਇਨਫੈਕਸ਼ਨ ਵਾਲੇ ਜ਼ਿਲ੍ਹਿਆਂ ’ਤੇ ਖ਼ਾਸ ਧਿਆਨ ’ਤੇ ਜ਼ੋਰ
ਪ੍ਰਧਾਨ ਮੰਤਰੀ ਨੇ ਮੁੱਖ ਮੰਤਰੀਆਂ ਨੂੰ ਪੂਰੇ ਸੂਬੇ ’ਚ ਟੈਸਟਿੰਗ ਦੀ ਗਿਣਤੀ ਵਧਾ ਕੇ ਰੱਖਣ ਦੇ ਨਾਲ-ਨਾਲ ਉਨ੍ਹਾਂ ਜ਼ਿਲ੍ਹਿਆਂ ’ਤੇ ਖ਼ਾਸ ਧਿਆਨ ਦੇਣ ਦੀ ਸਲਾਹ ਦਿੱਤੀ, ਜਿੱਥੇ ਇਨਫੈਕਸ਼ਨ ਦਰ ਜ਼ਿਆਦਾ ਹੈ। ਇਨ੍ਹਾਂ ਸੂਬਿਆਂ ’ਚੋਂ ਕੇਰਲ ਦੇ ਅੱਠ ਤੇ ਮਹਾਰਾਸ਼ਟਰ ਦੇ ਇਕ ਜ਼ਿਲ੍ਹੇ ’ਚ ਇਨਫੈਕਸ਼ਨ ਦਰ ਹਾਲੇ ਵੀ 10 ਫ਼ੀਸਦੀ ਤੋਂ ਜ਼ਿਆਦਾ ਬਣੀ ਹੋਈ ਹੈ।