ਜ.ਸ., ਜੈਪੁਰ : ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਸੰਸਦੀ ਖੇਤਰ ਵਾਇਨਾਡ ਦੇ ਦਫਤਰ 'ਚ ਤੋੜ-ਭੰਨ ਨੂੰ ਲੈ ਕੇ ਦਿੱਤੇ ਗਏ ਬਿਆਨ ਨੂੰ ਉਦੈਪੁਰ ਦੀ ਘਟਨਾ ਨਾਲ ਜੋੜੇ ਜਾਣ ਦਾ ਮਾਮਲਾ ਪੁਲਿਸ ਕੋਲ ਪਹੁੰਚ ਗਿਆ ਹੈ। ਪ੍ਰਦੇਸ਼ ਕਾਂਗਰਸ ਕਮੇਟੀ ਨੇ ਭਾਜਪਾ ਸੰਸਦ ਮੈਂਬਰ ਰਾਜਵਰਧਨ ਸਿੰਘ ਰਾਠੌਰ, ਉੱਤਰ ਪ੍ਰਦੇਸ਼ ਦੇ ਬਿਜਨੌਰ ਜ਼ਿਲ੍ਹੇ ਦੇ ਚਾਂਦਪੁਰ ਖੇਤਰ ਤੋਂ ਭਾਜਪਾ ਵਿਧਾਇਕ ਕਮਲੇਸ਼ ਸੈਣੀ, ਮੇਜਰ ਸੁੁਰਿੰਦਰ ਸਿੰਘ ਤੇ ਇਕ ਟੀਵੀ ਚੈਨਲ ਦੇ ਐਂਕਰ ਖਿਲਾਫ ਮੁਕੱਦਮਾ ਦਰਜ ਕਰਾਇਆ ਹੈ।
ਰਾਜਸਥਾਨ ਸੂਬਾ ਕਾਂਗਰਸ ਕਮੇਟੀ ਦੇ ਸਕੱਤਰ ਰਾਮ ਸਿੰਘ ਕਸਵਾ ਨੇ ਜੈਪੁਰ ਦੇ ਬਨੀਪਾਰਕ ਥਾਣੇ 'ਚ ਦਿੱਤੀ ਸ਼ਿਕਾਇਤ 'ਚ ਰਾਠੌਰ ਤੇ ਹੋਰਨਾਂ 'ਤੇ ਤੋੜ-ਮਰੋੜ ਕੇ ਲੋਕਾਂ ਨੂੰ ਭੜਕਾਉਣ ਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਾਇਆ ਹੈ। ਕਸਵਾ ਅਨੁਸਾਰ ਇਕ ਜੁਲਾਈ ਦੀ ਰਾਤ ਨੌਂ ਵਜੇ ਟੀਵੀ ਸ਼ੋਅ 'ਚ ਰਾਹੁਲ ਦੇ ਬਿਆਨ ਨੂੰ ਗਲਤ ਤਰੀਕੇ ਨਾਲ ਉਦੈਪੁਰ ਦੀ ਘਟਨਾ ਨਾਲ ਜੋੜ ਕੇ ਵਿਖਆਇਆ ਗਿਆ। ਜਾਣਬੁੱਝ ਕੇ ਰਾਹੁਲ ਦਾ ਨਾਂ ਲੈ ਕੇ ਝੂਠੀ ਖ਼ਬਰ ਚਲਾਈ ਗਈ। ਟੀਵੀ ਸ਼ੋਅ ਤੋਂ ਬਾਅਦ ਐਡਿਟ ਕਰ ਕੇ ਬਦਲ ਤਿਆਰ ਕਰ ਕੇ ਉਸਨੂੰ ਇੰਟਰਨੈੱਟ ਮੀਡੀਆ 'ਤੇ ਵਾਇਰਲ ਕੀਤਾ ਗਿਆ।
ਕਾਂਗਰਸ ਨੇਤਾ ਅਤੇ ਮੀਡੀਆ ਅਤੇ ਪ੍ਰਚਾਰ ਦੇ ਮੁਖੀ ਪਵਨ ਖੇੜਾ ਨੇ ਕਿਹਾ ਕਿ ਇਸ ਝੂਠੀ ਖ਼ਬਰ ਨੂੰ ਫੈਲਾਉਣ ਲਈ ਭਾਜਪਾ ਅਤੇ ਇਸ ਦੇ ਨੇਤਾਵਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਨ੍ਹਾਂ ਆਗੂਆਂ ਨੇ ਦੱਸਿਆ ਕਿ ਫਰਜ਼ੀ ਵੀਡੀਓ ਰਾਹੀਂ ਐੱਸਐੱਫਆਈ ਦੇ ਆਗੂਆਂ ਨੇ ਵਾਇਨਾਡ ਦੇ ਦਫ਼ਤਰ ਵਿੱਚ ਭੰਨਤੋੜ ਕੀਤੀ ਹੈ ਅਤੇ ਉਦੈਪੁਰ ਵਿੱਚ ਦਰਜ਼ੀ ਕਨ੍ਹਈਆ ਲਾਲ ਦੇ ਕਤਲ ਨਾਲ ਸਬੰਧਤ ਫਰਜ਼ੀ ਵੀਡੀਓ ਵਿੱਚ ਰਾਹੁਲ ਗਾਂਧੀ ਨੂੰ ਅੱਤਵਾਦੀਆਂ ਨੂੰ ਬੱਚਾ ਕਹਿੰਦੇ ਹੋਏ ਦਿਖਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਐਡਿਟ ਕੀਤੀ ਵੀਡੀਓ ਨੂੰ ਟੀਵੀ ਚੈਨਲ 'ਤੇ ਪ੍ਰਸਾਰਿਤ ਕਰਨ ਤੋਂ ਬਾਅਦ ਹੁਣ ਟੀਵੀ ਚੈਨਲ ਨੇ ਆਪਣੀ ਗਲਤੀ ਮੰਨ ਲਈ ਹੈ। ਪਰ ਇਸ ਸਬੰਧੀ ਪਹਿਲਾਂ ਹੀ ਕਾਫੀ ਨੁਕਸਾਨ ਹੋ ਚੁੱਕਾ ਹੈ।
ਖੇੜਾ ਨੇ ਚਿਤਾਵਨੀ ਦਿੱਤੀ ਕਿ ਹੁਣ ਕਾਂਗਰਸ ਇਸ ਫ਼ਰਜ਼ੀ ਖ਼ਬਰ 'ਚ ਸ਼ਾਮਲ ਲੋਕਾਂ ਖ਼ਿਲਾਫ਼ ਸਖ਼ਤ ਕਦਮ ਚੁੱਕੇਗੀ। ਪਾਰਟੀ ਦੀ ਮਰਿਆਦਾ ਨੂੰ ਇਸ ਦੀ ਕਮਜ਼ੋਰੀ ਨਹੀਂ ਸਮਝਣਾ ਚਾਹੀਦਾ। ਕਾਂਗਰਸ ਨੇਤਾ ਨੇ ਸਾਬਕਾ ਸੂਚਨਾ ਅਤੇ ਪ੍ਰਸਾਰਣ ਮੰਤਰੀ ਰਾਜਵਰਧਨ ਰਾਠੌਰ 'ਤੇ ਗ਼ੈਰ-ਜ਼ਿੰਮੇਵਾਰਾਨਾ ਢੰਗ ਨਾਲ ਵੀਡੀਓ ਸ਼ੇਅਰ ਕਰਨ ਦਾ ਦੋਸ਼ ਲਗਾਇਆ ਹੈ। ਭਾਜਪਾ ਦੇ ਕੁਝ ਹੋਰ ਲੋਕਾਂ ਨੇ ਵੀ ਇਸ ਗੱਲ ਨੂੰ ਸਾਂਝਾ ਕੀਤਾ ਹੈ। ਇਨ੍ਹਾਂ ਸਾਰਿਆਂ 'ਤੇ ਕਾਰਵਾਈ ਕੀਤੀ ਜਾਵੇਗੀ। ਇਹ ਪੁੱਛਣ 'ਤੇ ਕਿ ਕੀ ਰਾਠੌਰ ਦੇ ਖ਼ਿਲਾਫ਼ ਵੀ ਐੱਫਆਈਆਰ ਦਰਜ ਕੀਤੀ ਜਾਵੇਗੀ, ਉਨ੍ਹਾਂ ਕਿਹਾ ਕਿ ਫਿਲਹਾਲ ਇਹ ਸਿਰਫ ਚੈਨਲ ਅਤੇ ਕੁਝ ਹੋਰਾਂ ਦੇ ਖਿਲਾਫ ਹੈ, ਜਲਦੀ ਹੀ ਇਸ ਵਿੱਚ ਕੁਝ ਹੋਰ ਨਾਮ ਵੀ ਸ਼ਾਮਲ ਕੀਤੇ ਜਾਣਗੇ।