Flour Price : ਕਣਕ ਦੀਆਂ ਵਧਦੀਆਂ ਕੀਮਤਾਂ ਤੋਂ ਆਮ ਆਦਮੀ ਨੂੰ ਰਾਹਤ ਦੇਣ ਲਈ ਕੇਂਦਰ ਸਰਕਾਰ ਨੇ ਵੱਡਾ ਐਲਾਨ ਕੀਤਾ ਹੈ। ਸਰਕਾਰ ਨੇ ਫੈਸਲਾ ਕੀਤਾ ਹੈ ਕਿ ਹੁਣ ਕੇਂਦਰੀ ਭੰਡਾਰਾਂ ਵਰਗੀਆਂ ਸਰਕਾਰੀ ਦੁਕਾਨਾਂ 'ਤੇ ਘੱਟ ਕੀਮਤ 'ਤੇ ਆਟਾ ਮਿਲੇਗਾ। ਕੇਂਦਰੀ ਭੰਡਾਰ 'ਚ ਆਟਾ ਸਿਰਫ 29.50 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਮਿਲੇਗਾ। ਇਹ ਆਟਾ ਭਾਰਤ ਆਟਾ (Bharat Atta) ਬ੍ਰਾਂਡ ਦਾ ਹੋਵੇਗਾ। ਦੱਸ ਦੇਈਏ ਕਿ ਆਟੇ ਦੀਆਂ ਵਧਦੀਆਂ ਕੀਮਤਾਂ ਦੀ ਖੁਰਾਕ ਸਕੱਤਰ ਸੰਜੀਵ ਚੋਪੜਾ ਨੇ ਸਮੀਖਿਆ ਕੀਤੀ ਸੀ, ਜਿਸ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ ਅਤੇ ਆਟੇ ਦੀ ਸਪਲਾਈ ਵਧਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਖੁਰਾਕ ਸਕੱਤਰ ਨੇ ਇਹ ਵੀ ਕਿਹਾ ਕਿ ਮੋਬਾਈਲ ਵੈਨਾਂ ਰਾਹੀਂ ਲੋਕਾਂ ਤਕ ਆਟਾ ਵੀ ਪਹੁੰਚਾਇਆ ਜਾਵੇਗਾ। ਇਸ ਦਾ ਪ੍ਰਬੰਧ ਕੀਤਾ ਜਾਵੇਗਾ। ਖੁਰਾਕ ਸਕੱਤਰ ਅਨੁਸਾਰ ਆਟੇ ਦਾ ਨਾਂ ਤੇ ਕੀਮਤ ਮੋਟੇ ਅੱਖਰਾਂ 'ਚ ਲਿਖਣੀ ਹੋਵੇਗੀ। 6 ਫਰਵਰੀ ਤੋਂ NCCF ਅਤੇ NAFED ਵੀ ਇਸ ਰੇਟ 'ਤੇ ਆਟਾ ਵੇਚਣਗੇ।
ਮਹੱਤਵਪੂਰਨ ਗੱਲ ਇਹ ਹੈ ਕਿ ਖੁਰਾਕ ਸਕੱਤਰ ਨੇ ਕੇਂਦਰੀ ਭੰਡਾਰ, NAFED, FCI ਤੇ NCCF ਨਾਲ ਮੁਲਾਕਾਤ ਕੀਤੀ। ਇਸ ਤੋਂ ਬਾਅਦ ਉਨ੍ਹਾਂ ਫੈਸਲਾ ਕੀਤਾ ਕਿ ਇਹ ਅਦਾਰੇ ਐਫਸੀਆਈ ਦੇ ਡਿਪੂਆਂ ਤੋਂ 3 ਲੱਖ ਮੀਟ੍ਰਿਕ ਟਨ ਕਣਕ ਦੀ ਲਿਫਟਿੰਗ ਕਰਨਗੇ। ਫਿਰ ਇਸ ਕਣਕ ਨੂੰ ਆਟੇ ਵਿੱਚ ਬਦਲ ਦਿੱਤਾ ਜਾਵੇਗਾ। ਇਸ ਤੋਂ ਬਾਅਦ ਵੱਖ-ਵੱਖ ਪ੍ਰਚੂਨ ਦੁਕਾਨਾਂ ਤੇ ਮੋਬਾਈਲ ਵੈਨਾਂ ਰਾਹੀਂ ਖਪਤਕਾਰਾਂ ਨੂੰ 29.50 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਆਟਾ ਵੇਚਿਆ ਜਾਵੇਗਾ।
ਦੱਸ ਦੇਈਏ ਕਿ ਕਣਕ ਦੀ ਕੀਮਤ ਘਟਾਉਣ ਲਈ ਕੇਂਦਰ ਸਰਕਾਰ ਨੇ ਕਣਕ ਦੀ ਨਿਲਾਮੀ ਸ਼ੁਰੂ ਕਰ ਦਿੱਤੀ ਹੈ। ਨਿਲਾਮੀ ਦੇ ਪਹਿਲੇ ਦਿਨ 22 ਰਾਜਾਂ ਵਿੱਚ 8.88 ਲੱਖ ਮੀਟ੍ਰਿਕ ਟਨ ਕਣਕ ਵਿਕ ਗਈ। ਵੀਰਵਾਰ ਨੂੰ ਰਾਜਸਥਾਨ ਵਿੱਚ ਵੀ ਬੋਲੀ ਲਗਾਈ ਗਈ। ਮਾਰਚ ਦੇ ਦੂਜੇ ਹਫ਼ਤੇ ਤੱਕ ਦੇਸ਼ ਭਰ ਵਿੱਚ ਹਰ ਬੁੱਧਵਾਰ ਨੂੰ ਈ-ਨਿਲਾਮੀ ਰਾਹੀਂ ਕਣਕ ਦੀ ਵਿਕਰੀ ਜਾਰੀ ਰਹੇਗੀ।
ਕਿੰਨੇ ਰੁਪਏ ਵਿੱਚ ਮਿਲੇਗਾ ਆਟਾ ?
ਕੇਂਦਰ ਸਰਕਾਰ ਨੇ 23.50 ਰੁਪਏ ਪ੍ਰਤੀ ਕਿਲੋ ਦੀ ਦਰ ਨਾਲ 3 ਲੱਖ ਟਨ ਕਣਕ ਦਾ ਆਟਾ ਸਹਿਕਾਰੀ, ਸਰਕਾਰੀ PSUs, ਕੇਂਦਰੀ ਭੰਡਾਰ, NAFED ਅਤੇ NCCF ਵਰਗੀਆਂ ਫੈਡਰੇਸ਼ਨਾਂ ਲਈ ਰਾਖਵਾਂ ਕੀਤਾ ਹੈ। ਸਰਕਾਰੀ ਦੁਕਾਨਾਂ 'ਤੇ ਭਾਰਤ ਆਟਾ ਵੱਧ ਤੋਂ ਵੱਧ 29.50 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵੇਚਿਆ ਜਾ ਸਕਦਾ ਹੈ।