ਕੌਸ਼ਲ ਕਿਸ਼ੋਰ ਮਿਸ਼ਰ, ਭਾਗਲਪੁਰ : ‘ਵਾਰਿਸ ਪੰਜਾਬ ਦੇ’ ਨਾਮੀ ਸਮੂਹ ਦੇ ਮੁਖੀ ਤੇ ਖ਼ਾਲਿਸਤਾਨ ਸਮਰਥਕ ਅੰਮ੍ਰਿਤਪਾਲ ਸਿੰਘ ਦੇ ਸੱਤ ਸਮਰਥਕਾਂ ਦੀ ਭਾਲ ਬਿਹਾਰ ’ਚ ਵੀ ਕੀਤੀ ਜਾ ਰਹੀ ਹੈ। ਇਸਦੇ ਲਈ ਰਾਜਧਾਨੀ ਪਟਨਾ ਤੋਂ ਇਲਾਵਾ ਕਟੀਹਾਰ, ਜਮਾਲਪੁਰ, ਭਾਗਲਪੁਰ, ਅਰਰੀਆ ਤੇ ਕਿਸ਼ਨਗੰਜ ਜ਼ਿਲ੍ਹੇ ’ਚ ਸੁਰੱਖਿਆ ਏਜੰਸੀਆਂ ਚੌਕਸ ਹੋ ਗਈਆਂ ਹਨ। ਪੰਜਾਬ ’ਚ ਅੰਮ੍ਰਿਤਪਾਲ ਤੇ ਉਸਦੇ ਸਮਰਥਕਾਂ ਦੇ ਰੌਲੇ ਤੋਂ ਸਖ਼ਤ ਹੋਈ ਪੰਜਾਬ ਪੁਲਿਸ ਦੀ ਦਬਿਸ਼ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਦੇ ਕਰੀਬੀ ਰਹੇ ਕਰਤਾਰ ਸਿੰਘ, ਮਨਪ੍ਰੀਤ ਬਟਾਲਾਵਾਲਾ, ਅਵਤਾਰ ਸਿੰਘ ਉਰਫ ਪਾਪੇ, ਹਰਜੀਤ ਸਿੰਘ, ਤੇਜਪਾਲ ਸਿੰਘ, ਤੀਰਥ ਸਿੰਘ ਤੇ ਬਲਬਿੰਦਰ ਸਿੰਘ ਉਰਫ ਜੁਗਨੂੰ ਦੇ ਬਿਹਾਰ ਹੱਦ ’ਚ ਦਾਖਲ ਕਰਨ ਦੀ ਸੂਚਨਾ ਮਿਲੀ ਹੈ।
ਤਕਨੀਕੀ ਨਿਗਰਾਨੀ ’ਚ ਗਾਇਬ ਹੋਏ ਇਨ੍ਹਾਂ ਖਾਲਿਸਤਾਨੀ ਸਮਰਥਕਾਂ ਦੀ ਭਾਲ ’ਚ ਸੁਰੱਖਿਆ ਏਜੰਸੀਆਂ ਪਟਨਾ, ਕਟੀਹਾਰ, ਜਮਾਲਪੁਰ, ਭਾਗਲਪੁਰ, ਅਰਰੀਆ ਤੇ ਕਿਸ਼ਨਗੰਜ ’ਤੇ ਨਜ਼ਰ ਰੱਖ ਰਹੀ ਹੈ। ਆਈਬੀ ਦੇ ਇਕ ਸੀਨੀਅਰ ਅਧਿਕਾਰੀ ਨੇ ਇਸ ਸਬੰਧ ’ਚ ਜਾਣਕਾਰੀ ਦਿੱਤੀ ਹੈ।
ਰਾਜਧਾਨੀ ਪਟਨਾ ਦੇ ਸਿਟੀ, ਬਾਈਪਾਸ, ਦਾਨਾਪੁਰ ਤੇ ਰਾਜੇਂਦਰ ਨਗਰ, ਜਮਾਲਪੁਰ ਦੇ ਕੇਸ਼ੋਪੁਰ, ਕਟੀਹਾਰ ਦੇ ਗਾਮੀ ਟੋਲਾ, ਬਾਇਰਸੋਈ ਬਾਜ਼ਾਰ, ਭਾਗਲਪੁਰ ਦੇ ਬਾਈਪਾਸ ਤੇ ਨਵਗਛੀਆ ’ਚ ਸਥਾਨਕ ਪੁਲਿਸ ਇਨ੍ਹਾਂ ਦੀ ਭਾਲ ਕਰ ਰਹੀ ਹੈ। ਪੰਜਾਬ ਤੋਂ ਇਨ੍ਹਾਂ ਦੇ ਟਰੱਕ ’ਚ ਲੁਕ ਕੇ ਆਉਣ ਦੀ ਜਾਣਕਾਰੀ ਸੁਰੱਖਿਆ ਏਜੰਸੀਆਂ ਨੂੰ ਲੱਗੀ ਹੈ। ਨੇਪਾਲ ਲਗਦੀ ਭਾਰਤੀ ਸਰਹੱਦ ’ਚ ਐੱਸਐੱਸਬੀ ਜਵਾਨਾਂ ਨੂੰ ਵੀ ਅਲਰਟ ਮੋਡ ’ਤੇ ਰੱਖਿਆ ਗਿਆ ਹੈ। ਇਨ੍ਹਾਂ ਦੀ ਗਿ੍ਫਤਾਰੀ ਲਈ ਪੁਲਿਸ ਹੈੱਡ ਕੁਆਰਟਰ ਨਾਲ ਵੀ ਸੰਪਰਕ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਅੰਮ੍ਰਿਤਪਾਲ ਨਾਲ ਜਾਰਜੀਆ ’ਚ ਇਨ੍ਹਾਂ ਸੱਤ ਖ਼ਾਲਿਸਤਾਨ ਸਮਰਥਕਾਂ ’ਚ ਬਲਵਿੰਦਰ ਸਿੰਘ ਜੁਗਨੂੰ, ਤੀਰਥ ਸਿੰਘ ਤੇ ਅਵਤਾਰ ਸਿੰਘ ਪਾਪੇ ਨੇ ਪਾਕਿਸਤਾਨੀ ਖੁਫ਼ੀਆ ਏਜੰਸੀ ਆਈਐੱਸਆਈ ਤੋਂ ਸਿਖਲਾਈ ਲਈ ਸੀ। ਪਾਕਿਸਤਾਨ ਤੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਦਾ ਸੰਚਾਲਨ ਕਰਨ ਵਾਲੇ ਇਨ੍ਹਾਂ ਖ਼ਾਲਿਸਤਾਨੀ ਸਮਰਥਕਾਂ ’ਤੇ ਰੋਸਾ, ਮੋਮਨਪੁਰ, ਨਾਂਗਲੀ ਘਾਟ ਤੇ ਧਮਕੋਟ ਬਾਂਗਰ ’ਚ ਕੈਂਪ ਲਾ ਕੇ ਨੌਜਵਾਨਾਂ ਨੂੰ ਖਾਲਿਸਤਾਨ ਦੇ ਸਮਰਥਨ ’ਚ ਬ੍ਰੇਨਵਾਸ਼ ਕਰ ਕੇ ਜੱਥਾ ਤਿਆਰ ਕਰਨ ਦਾ ਵੀ ਦੋਸ਼ ਸਾਹਮਣੇ ਆਇਆ ਹੈ। ਅੰਮ੍ਰਿਤਪਾਲ ਨੇ ਇਨ੍ਹਾਂ ਸੱਤਾਂ ਕਰੀਬੀਆਂ ’ਤੇ ਮਨੁੱਖੀ ਬੰਬ ਦਾ ਜੱਥਾ ਤਿਆਰ ਕਰਨ ਦੀ ਵੀ ਜ਼ਿੰਮੇਵਾਰੀ ਸੌਂਪੀ ਹੋਈ ਸੀ। ਅਜਨਾਲਾ ਥਾਣੇ ’ਤੇ 23 ਫਰਵਰੀ 2023 ਨੂੰ ਹੋਏ ਹਮਲੇ ਤੋਂ ਬਾਅਦ ਤੋਂ ਇਨ੍ਹਾਂ ਸਮਰਥਕਾਂ ਨੂੰ ਅੰਮ੍ਰਿਤਪਾਲ ਨੇ ਜਲੰਧਰ ਦੇ ਸ਼ਾਹਕੋਟ ਮਲਸੀਆਂ ਤੇ ਬਠਿੰਡਾ ਜ਼ਿਲ੍ਹੇ ਦੇ ਰਾਮਪੁਰਾ ਫੂਲ ’ਚ ਹੋਣ ਵਾਲੀ ਸਭਾ ਦੀ ਜ਼ਿੰਮੇਵਾਰੀ ਦਿੱਤੀ ਹੋਈ ਸੀ। ਉਥੋਂ ਦੇ ਆਯੋਜਨ ਨੂੰ ਲੈ ਕੇ ਖਾਲਿਸਤਾਨ ਸਮਰਥਕਾਂ ਦੀ ਵੱਡੀ ਹਲਚਲ ਤੋਂ ਬਾਅਦ ਪੰਜਾਬ ਪੁਲਿਸ ਸਖਤ ਹੋਈ। ਕਈ ਸਮਰਥਕ ਗਿ੍ਫਤਾਰ ਵੀ ਕੀਤੇ ਗਏ।