ਜਾਗਰਣ ਸੰਵਾਦਦਾਤਾ, ਜੈਪੁਰ : ਭਾਜਪਾ ਦੀ ਸਾਬਕਾ ਤਰਜਮਾਨ ਨੁਪੁਰ ਸ਼ਰਮਾ ’ਤੇ ਭੜਕਾਊ ਟਿੱਪਣੀ ਕਰਨ ਵਾਲੇ ਅਜਮੇਰ ਸ਼ਰੀਫ਼ ਦਰਗਾਹ ਦੇ ਖ਼ਾਦਿਮ ਸਲਮਾਨ ਚਿਸ਼ਤੀ ਨੂੰ ਪੁਲਿਸ ਨੇ ਮੰਗਲਵਾਰ ਦੇਰ ਰਾਤ ਗਿ੍ਰਫ਼ਤਾਰ ਕਰ ਲਿਆ ਹੈ। ਉਸ ਨੇ ਨੁਪੁਰ ਦੀ ਗਰਦਨ ਵੱਢਣ ਵਾਲੇ ਨੂੰ ਆਪਣਾ ਘਰ ਦੇਣ ਦਾ ਐਲਾਨ ਕੀਤਾ ਸੀ। ਉਸ ਦੀ ਵੀਡੀਓ ਉਦੈਪੁਰ ’ਚ ਕਨ੍ਹਈਆ ਲਾਲ ਦੀ ਹੱਤਿਆ ਤੋਂ ਪਹਿਲਾਂ ਦੀ ਦੱਸੀ ਜਾ ਰਹੀ ਹੈ। ਅਜਮੇਰ ਦੇ ਐਲਾਨੇ ਹਿਸਟਰੀਸ਼ੀਟਰ ਸਲਮਾਨ ’ਤੇ ਹੱਤਿਆ ਤੇ ਹੱਤਿਆ ਦੀ ਕੋਸ਼ਿਸ਼ ਸਮੇਤ 14 ਕੇਸ ਦਰਜ ਹਨ।
ਸਲਮਾਨ ਦੀ ਇਕ ਵੀਡੀਓ ਪਿਛਲੇ ਦਿਨੀਂ ਇੰਟਰਨੈੱਟ ਮੀਡੀਆ ’ਤੇ ਵਾਇਰਲ ਹੋਈ ਸੀ, ਜਿਸ ਵਿਚ ਉਹ ਨੁਪੁਰ ਦੀ ਗਰਦਨ ਵੱਢਣ ਵਾਲੇ ਨੂੰ ਇਨਾਮ ’ਚ ਆਪਣਾ ਘਰ ਤੇ ਪੈਸੇ ਦੇਣ ਦਾ ਐਲਾਨ ਕਰਦਾ ਦਿਸ ਰਿਹਾ ਹੈ। ਐਡੀਸ਼ਨਲ ਪੁਲਿਸ ਸੁਪਰਡੈਂਟ ਵਿਕਾਸ ਸਾਂਗਵਾਨ ਨੇ ਕਿਹਾ ਕਿ ਸਲਮਾਨ ਨਸ਼ੇ ਦਾ ਆਦੀ ਹੈ। ਨਸ਼ੇ ’ਚ ਹੀ ਉਸ ਨੇ ਵੀਡੀਓ ਬਣਾ ਕੇ ਵਾਇਰਲ ਕੀਤੀ ਸੀ। ਜਦੋਂ ਇਸ ਦੀ ਜਾਣਕਾਰੀ ਪੁਲਿਸ ਨੂੰ ਮਿਲੀ ਤਾਂ ਪਿਛਲੇ ਦਿਨੀਂ ਉਸ ਦੇ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ। ਇਸ ਤੋਂ ਬਾਅਦ ਉਸ ਦੀ ਭਾਲ ਕੀਤੀ ਜਾ ਰਹੀ ਸੀ, ਪਰ ਉਹ ਚਾਰ ਦਿਨਾਂ ਤੋਂ ਖ਼ਾਦਿਮ ਮੁਹੱਲੇ ’ਚ ਘਰ ਬਦਲ-ਬਦਲ ਕੇ ਰਹਿ ਰਿਹਾ ਸੀ। ਮੰਗਲਵਾਰ ਦੇਰ ਰਾਤ ਉਸ ਨੂੰ ਗਿ੍ਰਫ਼ਤਾਰ ਕਰ ਲਿਆ ਗਿਆ। ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਪੁਲਿਸ ਮੁਤਾਬਕ, ਸਲਮਾਨ ਖ਼ਿਲਾਫ਼ ਅਜਮੇਰ ਜ਼ਿਲ੍ਹੇ ਦੇ ਵੱਖ-ਵੱਖ ਪੁਲਿਸ ਥਾਣਿਆਂ ’ਚ 14 ਮਾਮਲੇ ਦਰਜ ਹਨ। ਇਨ੍ਹਾਂ ’ਚੋਂ ਦੋ ਮਾਮਲੇ ਹੱਤਿਆ ਤੇ ਦੋ ਹੱਤਿਆ ਦੀ ਕੋਸ਼ਿਸ਼ ਦੇ ਦਰਜ ਹਨ। ਇਸ ਤੋਂ ਇਲਾਵਾ ਕੁੱਟਮਾਰ ਦੇ 10 ਮਾਮਲੇ ਦਰਜ ਹਨ। ਇਨ੍ਹਾਂ ’ਚੋਂ ਕੁੱਟਮਾਰ ਦੇ ਦੋ ਮਾਮਲਿਆਂ ’ਚ ਉਹ ਬਰੀ ਹੋ ਚੁੱਕਾ ਹੈ।
ਅੰਜੁਮਨ ਕਮੇਟੀ ਨੇ ਕੀਤੀ ਨਿੰਦਾ
ਦਰਗਾਹ ’ਚ ਖ਼ਾਦਿਮਾਂ ਦੀ ਸੰਸਥਾ ਅੰਜੁਮਨ ਕਮੇਟੀ ਨੇ ਇਕ ਬਿਆਨ ਜਾਰੀ ਕਰ ਕੇ ਕਿਹਾ ਹੈ ਕਿ ਹਰ ਖ਼ਾਦਿਮ ਦੀਆਂ ਹਰਕਤਾਂ ਦੀ ਜ਼ਿੰਮੇਵਾਰ ਅੰਜੁਮਨ ਕਮੇਟੀ ਨਹੀਂ ਹੈ, ਕਿਉਂਕਿ ਅਜਮੇਰ ’ਚ ਬਹੁਤ ਸਾਰੇ ਖ਼ਾਦਿਮ ਹਨ। ਪਰ ਕਮੇਟੀ ਦੇ ਸਕੱਤਰ ਸਰਵਰ ਚਿਸ਼ਤੀ ਨੇ ਕਿਹਾ ਕਿ ਅਸੀਂ ਸਲਮਾਨ ਚਿਸ਼ਤੀ ਦੀਆਂ ਹਰਕਤਾਂ ਦੀ ਨਿੰਦਾ ਕਰਦੇ ਹਾਂ। ਉਨ੍ਹਾਂ ਕਿਹਾ ਕਿ ਇਸ ਸਮੇਂ ਦੇਸ਼ ਫਿਰਕੂਵਾਦ ਦੀ ਅੱਗ ’ਚ ਸੜ ਰਿਹਾ ਹੈ, ਉਸ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਬਿਆਨ ਦੇ ਕੇ ਲੋਕਾਂ ਨੂੰ ਸ਼ਾਂਤੀ ਦੀ ਅਪੀਲ ਕਰਨੀ ਚਾਹੀਦੀ ਹੈ।
ਪਹਿਲਾਂ ਖ਼ਾਦਿਮ ਮੰਨਣ ਤੋਂ ਪੁਲਿਸ ਨੇ ਕੀਤਾ ਸੀ ਇਨਕਾਰ
ਪੁਲਿਸ ਰਸਮੀ ਤੌਰ ’ਤੇ ਸਲਮਾਨ ਨੂੰ ਖ਼ਾਦਿਮ ਮੰਨਣ ਤੋਂ ਇਨਕਾਰ ਕਰ ਰਹੀ ਸੀ, ਪਰ ਬੁੱਧਵਾਰ ਨੂੰ ਉਸ ਦੀ ਗਿ੍ਰਫ਼ਤਾਰੀ ਤੋਂ ਬਾਅਦ ਐਡੀਸ਼ਨਲ ਪੁਲਿਸ ਸੁਪਰਡੈਂਟ ਵਿਕਾਸ ਸਾਂਗਵਾਨ ਨੇ ਕਿਹਾ ਕਿ ਸਲਮਾਨ ਖ਼ਾਦਿਮ ਹੈ। ਉਸ ਦੇ ਪਰਿਵਾਰ ਦੇ ਕਈ ਮੈਂਬਰ ਅਜਮੇਰ ਸ਼ਰੀਫ਼ ਦਰਗਾਹ ’ਚ ਖ਼ਾਦਿਮ ਹਨ। ਉਹ ਖ਼ਾਦਿਮ ਮੁਹੱਲੇ ਦਾ ਹੀ ਰਹਿਣ ਵਾਲਾ ਹੈ।